ਹੋਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਭੇਡਾਂ ਦੇ ਭੇਸ਼ ਵਿੱਚ ਲੁਕਿਆ ਬਘਿਆੜ ਹੈ ਆਮ ਆਦਮੀ ਪਾਰਟੀ – ਬਾਜਵਾ

ਭੇਡਾਂ ਦੇ ਭੇਸ਼ ਵਿੱਚ ਲੁਕਿਆ ਬਘਿਆੜ ਹੈ ਆਮ ਆਦਮੀ ਪਾਰਟੀ – ਬਾਜਵਾ
  • PublishedNovember 18, 2022

ਕੱਟੜ ਇਮਾਨਦਾਰ” ਪਾਰਟੀ ‘ਚ ਹਰ ਰੋਜ਼ ਭ੍ਰਿਸ਼ਟਾਚਾਰ ਦਾ ਹੋ ਰਿਹਾ ਪਰਦਾਫਾਸ਼ – ਬਾਜਵਾ

ਚੰਡੀਗੜ੍ਹ, 18 ਨਵੰਬਰ (ਦੀ ਪੰਜਾਬ ਵਾਇਰ)। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖੁਦ ਨੂੰ “ਕੱਟੜ ਇਮਾਨਦਾਰ” ਕਹਿੰਦੀ ਆਮ ਆਦਮੀ ਪਾਰਟੀ (ਆਪ) ਦਾ ਨਾ ਸਿਰਫ਼ ਦਿੱਲੀ ਅਤੇ ਪੰਜਾਬ ਵਿੱਚ ਸਗੋਂ ਹਰ ਚੋਣ ਮੈਦਾਨ ਵਿੱਚ ਹੀ ਹਰ ਰੋਜ਼ ਭ੍ਰਿਸ਼ਟਾਚਾਰ ਦਾ ਪਰਦਾਫ਼ਾਸ਼ ਹੋ ਰਿਹਾ ਹੈ। ਗੁਜਰਾਤ ਚ ‘ਆਪ’ ਦੇ ਦਿੱਲੀ ਦੇ ਮਾਡਲ ਟਾਊਨ ਤੋਂ ਵਿਧਾਇਕ ਅਖਲੀਸ਼ ਪਤੀ ਤ੍ਰਿਪਾਠੀ ਅਤੇ ਵਜ਼ੀਰਪੁਰ ਤੋਂ ਇਕ ਹੋਰ ਵਿਧਾਇਕ ਰਾਜੇਸ਼ ਗੁਪਤਾ, ਦੋਵਾਂ ਨੂੰ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏਸੀਬੀ) ਵੱਲੋਂ ਕੱਲ੍ਹ ਤਲਬ ਕੀਤਾ ਗਿਆ ਜਿਸ ਤੋਂ ਇਸ ਪਾਰਟੀ ਦੀ ਅਸਲੀਅਤ ਇਕ ਵਾਰ ਮੁੜ ਜੱਗ ਸਾਹਮਣੇ ਖੁੱਲ੍ਹ ਗਈ ਹੈ।

ਏ.ਸੀ.ਬੀ. ਨੇ ‘ਆਪ’ ਦੇ ਤਿੰਨ ਵਰਕਰਾਂ ਅਤੇ ਦਿੱਲੀ ਦੇ ਉਪਰੋਕਤ ਵਿਧਾਇਕਾਂ ਦੇ ਕਰੀਬੀ ਸਾਥੀਆਂ ਨੂੰ ਕਰੋੜਾਂ ਰੁਪਏ ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਉੱਤੇ ਦੋਸ਼ ਹੈ ਕਿ ਇਨ੍ਹਾਂ ਨੇ ਗੋਪਾਲ ਖਾਰੀ ਤੋਂ ਰਿਸ਼ਵਤ ਦੇ ਰੂਪ ਵਿੱਚ 90 ਲੱਖ ਰੁਪਏ ਲਏ ਹਨ। ਇਸ ਪੈਸੇ ਦੇ ਬਦਲੇ ਗੋਪਾਲ ਦੀ ਪਤਨੀ ਸ਼ੋਭਾ ਖਾਰੀ ਨੂੰ ਕਮਲਾ ਨਗਰ (ਵਾਰਡ ਨੰ: 69) ਤੋਂ ਨਗਰ ਨਿਗਮ ਦਿੱਲੀ (ਐਮਸੀਡੀ) ਦੀ ਟਿਕਟ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਬਾਜਵਾ ਨੇ ਕਿਹਾ ਜਦੋਂ 12 ਨਵੰਬਰ ਨੂੰ ਜ਼ਾਰੀ ਉਮੀਦਵਾਰਾਂ ਦੀ ਅੰਤਿਮ ਸੂਚੀ ਵਿੱਚ ਸ਼ੋਭਾ ਦਾ ਨਾਮ ਨਹੀਂ ਆਇਆ ਤਾਂ ਵਿਧਾਇਕਾਂ ਅਤੇ ਉਨ੍ਹਾਂ ਦੇ ਨੇੜਲੇ ਸਾਥੀਆਂ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਗਿਆ। ਏ.ਸੀ.ਬੀ. ਦੇ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਕਿ ਵਿਧਾਇਕ ਤ੍ਰਿਪਾਠੀ ਨੂੰ 35 ਲੱਖ ਰੁਪਏ ਦਿੱਤੇ ਗਏ। 20 ਲੱਖ ਰੁਪਏ ਵਿਧਾਇਕ ਰਾਜੇਸ਼ ਗੁਪਤਾ ਨੂੰ ਸੌਂਪੇ ਗਏ। ਏਸੀਬੀ ਨੇ ਬੀਤੀ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਉਪਰੋਕਤ ਵਿਧਾਇਕਾਂ ਨਾਲ ਜੁੜੇ ਤਿੰਨਾਂ ਵਿਅਕਤੀਆਂ ਨੂੰ ਰੰਗੇ ਹੱਥੀਂ ਫੜਿਆ ਜਦੋਂ ਉਹ ਗੋਪਾਲ ਖਰੀ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਪੈਸੇ ਵਾਪਸ ਕਰਨ ਗਏ ਸਨ।

ਬਾਜਵਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਨੇ ਭ੍ਰਿਸ਼ਟਾਚਾਰ ਦੀ ਅਜਿਹੀ ਕਾਰਵਾਈ ਲਈ ਅਜੇ ਤੱਕ ਉਨ੍ਹਾਂ ਦੇ ਵਿਧਾਇਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਹੈ। ਇਸੇ ਤਰ੍ਹਾਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਕੇਜਰੀਵਾਲ ਦੇ ਸਭ ਤੋਂ ਚਹੇਤੇ ਕੈਬਨਿਟ ਮੰਤਰੀ ਸਤਿੰਦਰ ਜੈਨ ਦੀ ਜ਼ਮਾਨਤ ਵੀ ਅਦਾਲਤ ਨੇ ਵੀਰਵਾਰ ਨੂੰ ਰੱਦ ਕਰ ਦਿੱਤੀ। ਕੇਜਰੀਵਾਲ ਨੇ ਉਸ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਆਧੁਨਿਕ ਸਮੇਂ ਦਾ ਸ਼ਹੀਦ ਭਗਤ ਸਿੰਘ ਕਰਾਰ ਦਿੱਤਾ ਸੀ।

ਇਸੇ ਤਰ੍ਹਾਂ ਸੂਰਤ ਵਿਧਾਨ ਸਭਾ ਸੀਟ ਤੋਂ ‘ਆਪ’ ਦੀ ਉਮੀਦਵਾਰ ਕੰਚਨ ਜਰੀਵਾਲਾ ਨੇ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਹਨ। ਜਰੀਵਾਲਾ ਨੇ ਕਿਹਾ ਕਿ ਉਸ ਨੂੰ ਰੁਪਏ ਖ਼ਰਚਣ ਲਈ ਕਿਹਾ ਗਿਆ ਸੀ। ਜਰੀਵਾਲਾ ਮੁਤਾਬਕ ਵਿਧਾਨ ਸਭਾ ਚੋਣਾਂ ਲਈ ਇੱਕ ਕਰੋੜ ਖਰਚਣ ਲਈ ਕਿਹਾ ਗਿਆ ਪਰ ਉਸ ਕੋਲ ਇੰਨੇ ਪੈਸੇ ਨਹੀਂ ਸਨ, ਉਸਨੇ ਟਿਕਟ ਵਾਪਸ ਕਰਨ ਦਾ ਫ਼ੈਸਲਾ ਕੀਤਾ ਅਤੇ ਇੱਥੋਂ ਤੱਕ ਕਿਹਾ ਕਿ ‘ਆਪ’ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਬੀ ਟੀਮ ਹੈ।

ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਅੰਦਰ ਹਰ ਰੋਜ਼ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋ ਰਿਹਾ ਹੈ ਕਿਉਂਕਿ ਪਾਰਟੀ ਦੇ ਬੋਲਣ ਅਤੇ ਚੱਲਣ ਵਿੱਚ ਬਹੁਤ ਅੰਤਰ ਹੈ।

ਬਾਜਵਾ ਨੇ ਕਿਹਾ ਕਿ ਅੱਜ ਤੱਕ ਮੁੱਖ ਮੰਤਰੀ ਭਗਵੰਤ ਮਾਨ, ਜੋ ‘ਆਪ’ ਦੇ ਪੰਜਾਬ ਪ੍ਰਧਾਨ ਦਾ ਅਹੁਦਾ ਵੀ ਸੰਭਾਲ ਰਹੇ ਹਨ, ਆਪਣੇ ਹੀ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵਿਰੁੱਧ ਢੁੱਕਵੀਂ ਕਾਰਵਾਈ ਕਰਨ ‘ਚ ਅਸਫ਼ਲ ਰਹੇ ਹਨ, ਜਿਨ੍ਹਾਂ ਦੀ ਭ੍ਰਿਸ਼ਟਾਚਾਰ ਬਾਰੇ ਆਡੀਓ ਕਲਿੱਪ ਕਰੀਬ ਇੱਕ ਮਹੀਨਾ ਪਹਿਲਾਂ ਵਾਇਰਲ ਹੋਈ ਸੀ।

Written By
The Punjab Wire