ਕ੍ਰਾਇਮ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

‘ਆਪ’ ਭਾਜਪਾ ਨੂੰ ਪੰਜਾਬ ਦੇ ਮਾਮਲਿਆਂ ‘ਚ ਦਖਲ ਦੇਣ ਦਾ ਮੌਕਾ ਦੇ ਰਹੀ: ਕਾਂਗਰਸ

‘ਆਪ’ ਭਾਜਪਾ ਨੂੰ ਪੰਜਾਬ ਦੇ ਮਾਮਲਿਆਂ ‘ਚ ਦਖਲ ਦੇਣ ਦਾ ਮੌਕਾ ਦੇ ਰਹੀ: ਕਾਂਗਰਸ
  • PublishedNovember 16, 2022

ਚੰਡੀਗੜ੍ਹ, 16 ਨਵੰਬਰ (ਦੀ ਪੰਜਾਬ ਵਾਇਰ)। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰ ਵਲੋਂ ਸੂਬੇ ਵਿੱਚ ਅਮਨ-ਕਾਨੂੰਨ ਦੇ ਮੁੱਦੇ ‘ਤੇ ਸਵਾਲ ਉਠਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਅਜਿਹਾ ਕਰਕੇ ਇਹ (ਆਪ ਸਰਕਾਰ) ਭਾਜਪਾ ਨੂੰ ਪੰਜਾਬ ਦੇ ਮਾਮਲਿਆਂ ਵਿੱਚ ਦਖਲ ਦੇਣ ਦਾ ਮੌਕਾ ਦੇ ਰਹੀ ਹੈ।

ਇੱਥੇ ਜਾਰੀ ਇੱਕ ਬਿਆਨ ਵਿੱਚ, ਕੇਂਦਰੀ ਗ੍ਰਹਿ ਮੰਤਰੀ ਵੱਲੋਂ ਅਮਨ-ਕਾਨੂੰਨ ਦੇ ਮੁੱਦੇ ’ਤੇ ਸੂਬੇ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦਿਆਂ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰ ਵੱਲੋਂ ਜਾਂਚ ਕਰਵਾਉਣੀ ਕਿਸੇ ਵੀ ਸੂਬੇ ਸਰਕਾਰ ਲਈ ਚੰਗੀ ਗੱਲ ਨਹੀਂ ਹੈ, ਖਾਸ ਕਰਕੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ, ਪਰ ‘ਆਪ’ ਸਰਕਾਰ ਨੇ (ਕੇਂਦਰ) ਨੂੰ ਇਹ ਮੌਕਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ, ਧਰਮ ਦੇ ਨਾਂ ’ਤੇ ਹੋ ਰਹੀਆਂ ਹੱਤਿਆਵਾਂ ਅਤੇ ਗੈਂਗਸਟਰ ਕਲਚਰ ਦੇ ਮੁੱਦੇ ’ਤੇ ਪੰਜਾਬ ਸਰਕਾਰ ਇੱਕ ਵਾਰ ਫਿਰ ਬੈਕਫੁੱਟ ’ਤੇ ਆ ਗਈ ਹੈ।  ਇਹ ਇੱਕ ਅਜਿਹੀ ਸਰਕਾਰ ਦੀ ਕਾਰਗੁਜ਼ਾਰੀ ਦਾ ਜਵਾਬ ਹੈ, ਜੋ ਆਪਣੀਆਂ ਤਰਜੀਹਾਂ ਨੂੰ ਭੁੱਲ ਕੇ ਜ਼ਿੰਮੇਵਾਰੀ ਤੋਂ ਭੱਜ ਗਈ ਹੈ।

ਸੂਬਾ ਕਾਂਗਰਸ ਨੇ ਹਾਲਾਂਕਿ ਕਿਹਾ ਕਿ ਕੇਂਦਰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟ ਸਕਦਾ, ਜੋ ਅਸਲ ਵਿੱਚ ਸੁਰੱਖਿਆ ਉਪਕਰਨਾਂ ਅਤੇ ਏਜੰਸੀਆਂ ਨੂੰ ਕੰਟਰੋਲ ਕਰਦਾ ਹੈ।  ਪਰ ਮੁੱਖ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ, ਕਿਉਂਕਿ ਕਾਨੂੰਨ ਵਿਵਸਥਾ ਸੂਬੇ ਦਾ ਵਿਸ਼ਾ ਹੈ।

ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੂਜੇ ਸੂਬਿਆਂ ‘ਚ ਰੁੱਝੀ ਹੋਈ ਹੈ, ਜਿਸ ਕਾਰਨ ਪੰਜਾਬ ਦੇ ਮਾਮਲੇ ਹੇਠਲੇ ਪੱਧਰ ‘ਤੇ ਛੱਡ ਦਿਤੇ ਗਏ ਹਨ, ਜਿਸ ਨਾਲ ਕੇਂਦਰ ਨੂੰ ਸਵਾਲ ਕਰਨ ਦਾ ਮੌਕਾ ਮਿਲ ਗਿਆ ਅਤੇ ਇਹ ਸੂਬੇ ਲਈ ਠੀਕ ਨਹੀਂ ਹੈ |

ਵੜਿੰਗ ਨੇ ਕਿਹਾ ਕਿ ਜਦੋਂ ਕੇਂਦਰ ਸੂਬੇ ਦੇ ਮਾਮਲਿਆਂ ਵਿੱਚ ਹੱਦੋਂ ਵੱਧ ਦਖਲਅੰਦਾਜ਼ੀ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਇਹ ਨਾ ਤਾਂ ਪੰਜਾਬ ਅਤੇ ਨਾ ਹੀ ਦੇਸ਼ ਦੇ ਸੰਘੀ ਢਾਂਚੇ ਲਈ ਚੰਗਾ ਹੋਵੇਗਾ।

ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਇਰਾਦੇ ਬਿਲਕੁਲ ਸਪੱਸ਼ਟ ਹਨ ਅਤੇ ‘ਆਪ’ ਸਰਕਾਰ ਆਪਣੀ ਨਾਕਾਬਲਿਅਤ ਅਤੇ ਗਲਤ ਤਰਜੀਹਾਂ ਕਾਰਨ ਉਸਨੂੰ ਸਾਰੇ ਮੌਕੇ ਦੇ ਰਹੀ ਹੈ।  ਉਨ੍ਹਾਂ ਮੁੱਖ ਮੰਤਰੀ ਨੂੰ ਆਪਣੀਆਂ ਤਰਜੀਹਾਂ ਸਹੀ ਕਰਨ ਅਤੇ ਹੋਰਨਾਂ ਸੂਬਿਆਂ ਦੀ ਬਜਾਏ ਪੰਜਾਬ ‘ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ ਹੈ।

Written By
The Punjab Wire