Close

Recent Posts

ਹੋਰ ਖੇਡ ਸੰਸਾਰ ਪੰਜਾਬ

ਖੇਡ ਮੰਤਰੀ ਮੀਤ ਹੇਅਰ ਨੇ ਹਰਮਨਪ੍ਰੀਤ ਸਿੰਘ ਨੂੰ ਵਿਸ਼ਵ ਦਾ ਸਰਵੋਤਮ ਖਿਡਾਰੀ ਚੁਣੇ ਜਾਣ ਉੱਤੇ ਦਿੱਤੀ ਮੁਬਾਰਕਬਾਦ

ਖੇਡ ਮੰਤਰੀ ਮੀਤ ਹੇਅਰ ਨੇ ਹਰਮਨਪ੍ਰੀਤ ਸਿੰਘ ਨੂੰ ਵਿਸ਼ਵ ਦਾ ਸਰਵੋਤਮ ਖਿਡਾਰੀ ਚੁਣੇ ਜਾਣ ਉੱਤੇ ਦਿੱਤੀ ਮੁਬਾਰਕਬਾਦ
  • PublishedOctober 8, 2022

ਹਰਮਨਪ੍ਰੀਤ ਸਿੰਘ ਲਗਾਤਾਰ ਦੂਜੇ ਸਾਲ ਐਫ.ਆਈ.ਐਚ. ਪਲੇਅਰ ਆਫ ਦਾ ਯੀਅਰ ਚੁਣਿਆ ਗਿਆ

ਚੰਡੀਗੜ੍ਹ, 8 ਅਕਤੂਬਰ ( ਦਾ ਪੰਜਾਬ ਵਾਇਰ)। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਹਾਕੀ ਟੀਮ ਦੇ ਉਪ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਕੌਮਾਂਤਰੀ ਹਾਕੀ ਫੈਡਰੇਸ਼ਨ (ਐਫ.ਆਈ.ਐਚ.) ਵੱਲੋਂ ਸਾਲ 2021-22 ਲਈ ਵਿਸ਼ਵ ਦਾ ਸਰਵੋਤਮ ਹਾਕੀ ਖਿਡਾਰੀ ਚੁਣੇ ਜਾਣ ਉੱਤੇ ਮੁਬਾਰਕਬਾਦ ਦਿੱਤੀ ਹੈ। ਭਾਰਤੀ ਹਾਕੀ ਟੀਮ ਦੇ ਡਿਫੈਂਡਰ ਤੇ ਮਾਹਿਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਲਗਾਤਾਰ ਦੂਜੇ ਸਾਲ ਐਫ.ਆਈ.ਐਚ. ਪਲੇਅਰ ਆਫ ਦਾ ਯੀਅਰ ਚੁਣਿਆ ਗਿਆ।

ਮੀਤ ਹੇਅਰ ਨੇ ਹਰਮਨਪ੍ਰੀਤ ਸਿੰਘ ਨੂੰ ਨਿੱਜੀ ਤੌਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਖਿਡਾਰੀ ਨੂੰ ਲਗਾਤਾਰ ਦੂਜੇ ਸਾਲ ਵਿਸ਼ਵ ਦਾ ਬਿਹਤਰੀਨ ਖਿਡਾਰੀ ਚੁਣਿਆ ਗਿਆ ਹੈ। ਪਿਛਲੇ ਸਾਲ ਵੀ ਹਰਮਨਪ੍ਰੀਤ ਸਿੰਘ ਨੂੰ ਇਹ ਮਾਣ ਮਿਲਿਆ ਸੀ। ਅੰਮ੍ਰਿਤਸਰ ਜ਼ਿਲੇ ਦੇ ਪਿੰਡ ਤਿੰਮੋਵਾਲ ਦਾ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਖੇਡਾਂ ਵਿੱਚ 6 ਗੋਲ ਅਤੇ ਇਸ ਸਾਲ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ 9 ਗੋਲ ਕੀਤੇ ਸਨ। ਓਲੰਪਿਕਸ ਵਿੱਚ ਭਾਰਤ ਨੇ 41 ਸਾਲ ਬਾਅਦ ਕਾਂਸੀ ਦਾ ਤਮਗਾ ਜਿੱਤਿਆ ਸੀ ਜਦੋਂਕਿ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ। ਹਰਮਨਪ੍ਰੀਤ ਸਿੰਘ ਨੇ ਭਾਰਤ ਵੱਲੋਂ ਹੁਣ ਤੱਕ 155 ਕੌਮਾਂਤਰੀ ਮੈਚ ਖੇਡੇ ਹਨ ਤੇ ਕੁੱਲ 115 ਗੋਲ ਕੀਤੇ ਹਨ।

ਖੇਡ ਮੰਤਰੀ ਨੇ ਕਿਹਾ ਕਿ ਭਾਰਤ ਲਈ ਮਾਣ ਵਾਲੀ ਗੱਲ ਹੈ ਕਿ ਹਰਮਨਪ੍ਰੀਤ ਸਿੰਘ ਤੋਂ ਇਲਾਵਾ ਭਾਰਤੀ ਪੁਰਸ਼ ਟੀਮ ਦੇ ਗੋਲਕੀਪਰ ਪੀ ਆਰ ਸ੍ਰੀਜੇਸ਼ ਤੇ ਮਹਿਲਾ ਟੀਮ ਦੀ ਗੋਲ ਕੀਪਰ ਸਵਿਤਾ ਪੂਨੀਆ ਨੂੰ ਵੀ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਵਿੱਚ ਐਫ.ਆਈ.ਐਚ. ਗੋਲ ਕੀਪਰ ਆਫ ਦਾ ਯੀਅਰ ਚੁਣਿਆ ਗਿਆ। ਮੀਤ ਹੇਅਰ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਦੇਸ਼ ਵਿੱਚ ਹਾਕੀ ਖਿਡਾਰੀਆਂ ਨੂੰ ਹੋਰ ਵੀ ਚੰਗਾ ਖੇਡਣ ਦੀ ਪ੍ਰੇਰਨਾ ਮਿਲੇਗੀ।

Written By
The Punjab Wire