ਪੁਲਿਸ ਹਿਰਾਸਤ ‘ਚੋਂ ਭੱਜੇ ਗੈਂਗਸਟਰ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ
ਗੈਂਗਸਟਰ ਨੂੰ ਫੜਨ ਲਈ ਸਪੈਸ਼ਲ ਅਪ੍ਰੇਸ਼ਨ ਜਾਰੀ, ਛੇਤੀ ਹੀ ਹਿਰਾਸਤ ਵਿਚ ਹੋਵੇਗਾ-ਮੁੱਖ ਮੰਤਰੀ
ਸਿੱਧੂ ਮੂਸੇਵਾਲਾ ਕੇਸ ਵਿਚ ਹੁਣ ਤੱਕ 28 ਵਿਅਕਤੀ ਗ੍ਰਿਫਤਾਰ
ਚੰਡੀਗੜ੍ਹ, 3 ਅਕਤੂਬਰ (ਦਾ ਪੰਜਾਬ ਵਾਇਰ)। ਪੰਜਾਬ ਵਿਚ ਗੈਂਗਸਟਰਵਾਦ ਲਈ ਅਕਾਲੀ-ਕਾਂਗਰਸ ਨੂੰ ਸਿੱਧੇ ਤੌਰ ਉਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੇ ਆਗੂ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਦੇ ਰਹੇ ਹਨ ਜਿਸ ਕਰਕੇ ਇਹ ਲੋਕ ਅੱਜ ਸਮਾਜ ਲਈ ਖ਼ਤਰਾ ਬਣੇ ਹੋਏ ਹਨ।
ਸਦਨ ਵਿਚ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ, “ਸਾਡੀ ਸਰਕਾਰ ਦੇ ਸੱਤਾ ਵਿਚ ਆਉਣ ਦੇ ਛੇ ਮਹੀਨਿਆਂ ਦੇ ਅੰਦਰ ਹੀ ਗੈਂਗਸਟਰ ਪੈਦਾ ਨਹੀਂ ਹੋਏ। ਅਸਲ ਗੱਲ ਇਹ ਹੈ ਕਿ ਗੈਂਗਸਟਰਾਂ ਨੂੰ ਕਾਂਗਰਸੀ ਅਤੇ ਅਕਾਲੀ ਸਰਕਾਰਾਂ ਮੌਕੇ ਪੂਰੀ ਸਰਪ੍ਰਸਤੀ ਹਾਸਲ ਹੁੰਦੀ ਸੀ। ਦੋਵਾਂ ਪਾਰਟੀਆਂ ਦੇ ਆਗੂਆਂ ਨੇ ਇਨ੍ਹਾਂ ਨੌਜਵਾਨਾਂ ਦੇ ਹੱਥਾਂ ਵਿਚ ਹਥਿਆਰ ਦੇ ਕੇ ਉਨ੍ਹਾਂ ਨੂੰ ਆਪਣੇ ਹਿੱਤਾਂ ਲਈ ਵਰਤਿਆ।”
ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਐਤਵਾਰ ਨੂੰ ਪੁਲਿਸ ਹਿਰਾਸਤ ਤੋਂ ਭੱਜਣ ਵਾਲੇ ਗੈਂਗਸਟਰ ਨੂੰ ਫੜਨ ਲਈ ਸਪੈਸ਼ਲ ਅਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਅਤੇ ਉਹ ਜਲਦੀ ਹੀ ਸਲਾਖਾਂ ਪਿੱਛੇ ਹੋਵੇਗਾ।
ਭਗਵੰਤ ਮਾਨ ਨੇ ਸਦਨ ਵਿਚ ਦੱਸਿਆ ਕਿ ਇਸ ਗੈਂਗਸਟਰ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਉਸ ਦੇ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਦਿੱਤਾ ਹੈ ਅਤੇ ਨੇਪਾਲ ਦੇ ਬਾਰਡਰ ਉਤੇ ਵੀ ਸਖ਼ਤੀ ਵਧਾ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀ ਪ੍ਰਿਤਪਾਲ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ ਅਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਅਦਾਲਤ ਵੱਲੋਂ ਉਸ ਨੂੰ 7 ਅਕਤੂਬਰ ਤੱਕ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਉੱਘੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਬਹੁਤ ਹੀ ਮੰਦਭਾਗੀ ਘਟਨਾ ਦੱਸਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਪੁਲੀਸ ਨੇ ਇਸ ਕਤਲ ਵਿੱਚ ਹੁਣ ਤੱਕ 36 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ ਚਾਰ ਸ਼ਾਰਪ ਸ਼ੂਟਰਾਂ ਸਮੇਤ 28 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
—