ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਪੂਰੇ ਤੋਲ ਅਤੇ ਭਾਅ ’ਤੇ ਖਰੀਦਿਆ ਜਾਵੇਗਾ – ਚੇਅਰਮੈਨ ਰਮਨ ਬਹਿਲ
ਗੁਰਦਾਸਪੁਰ, 3 ਅਕਤੂਬਰ ( ਮੰਨਣ ਸੈਣੀ) । ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਪੂਰੇ ਤੋਲ ਅਤੇ ਭਾਅ ’ਤੇ ਖਰੀਦਿਆ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਫੋਕਲ ਪੁਆਇੰਟ ਗਜ਼ਨੀਪੁਰ ਵਿਖੇ ਝੋਨੇ ਦੀ ਖਰੀਦ ਦਾ ਜਾਇਜਾ ਲੈਣ ਮੌਕੇ ਹਾਜ਼ਰ ਕਿਸਾਨਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਦਾਣਾ ਮੰਡੀਆਂ ਵਿੱਚ ’ਚ ਸਾਫ਼-ਸਫ਼ਾਈ ਤੋਂ ਇਲਾਵਾ ਬਿਜਲੀ, ਪਾਣੀ ਆਦਿ ਸਮੇਤ ਪਖਾਨਿਆਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਰੋਜ਼ਾਨਾ ਖ਼ਰੀਦ ਕੀਤੀ ਜਾਵੇਗੀ ਅਤੇ ਫਸਲ ਦੀ ਅਦਾਇਗੀ ਕਿਸਾਨਾਂ ਦੇ ਸਿੱਧੇ ਖਾਤੇ ਵਿਚ ਚਲੀ ਜਾਵੇਗੀ। ਉਨ੍ਹਾਂ ਕਿਹਾ ਮੰਡੀਆਂ ਵਿੱਚ ਬਾਰਦਾਨੇ ਅਤੇ ਲਿਫਟਿੰਗ ਦੀ ਵੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਸ੍ਰੀ ਬਹਿਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਰ੍ਹਾਂ ਪੱਕਣ ’ਤੇ ਹੀ ਝੋਨੇ ਦੀ ਫਸਲ ਦੀ ਕਟਾਈ ਕਰਨ ਤਾਂ ਜੋ ਮੰਡੀ ਵਿੱਚ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ।
ਇਸ ਮੌਕੇ ਆੜ੍ਹਤੀਆ ਸੋਹਣ ਸਿੰਘ, ਬਿਸੰਬਰ ਦਾਸ ਬਿੱਟੂ, ਇੰਦਰਜੀਤ ਸਿੰਘ, ਕੁਲਵੰਤ ਸਿੰਘ, ਮਾਸਟਰ ਗਿਆਨ ਸਿੰਘ ਸਮੇਤ ਹੋਰ ਆੜ੍ਹਤੀਏ ਤੇ ਕਿਸਾਨ ਹਾਜ਼ਰ ਸਨ।