ਮੁੱਖ ਮੰਤਰੀ ਨੇ ਕੱਸੇ ਤੰਜ, ਕਿਹਾ ਜਨਤਾ ਸੱਭ ਵੇਖ ਰਹੀ ਹੈ, ਕਾਂਗਰਸੀ ਬੋਲੇ ਭਗਵੰਤ ਮਾਨ ਜੀ ਕਿਰਪਾ ਸ਼ੋਸ਼ੇਬਾਜ਼ੀ ਬੰਦ ਕਰਕੇ ਕੰਮ ਸ਼ੁਰੂ ਕਰੋ
ਚੰਡੀਗੜ੍ਹ, 21 ਸਤੰਬਰ (ਦਾ ਪੰਜਾਬ ਵਾਇਰ)। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਆਪਣੇ ਪੁਰਾਣੇ ਹੁਕਮ ਵਾਪਿਸ ਲੈਦੇ ਹੋਏ ਪੰਜਾਬ ਸਰਕਾਰ ਵਲੋਂ ਬੁਲਾਏ ਗਏ ਵਿਸ਼ੇਸ਼ ਸੈਸ਼ਨ ਨੂੰ ਰੱਦ ਕਰਨ ਦੇ ਨਵੇਂ ਹੁਕਮਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭੱਖ ਗਈ ਹੈ ਅਤੇ ਇਸ ਵਿੱਚ ਦਿੱਲੀ ਦਾ ਵੀ ਪੂਰਾ ਦਖਲ ਹੋ ਗਿਆ ਹੈ। ਪੰਜਾਬ ਸਰਕਾਰ ਨੂੰ ਦਿੱਤੇ ਗਏ ਇਕ ਤਗੜੇ ਝਟਕੇ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਦਾ ਕਹਿਣਾ ਹੈ ਕਿ ਲੋਕਤੰਤਰ ਖਤਮ ਹੋ ਗਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਆਪ ਹੀ ਭਰੋਸਗੀ ਮਤਾ ਲਿਆਉਣ ਲਈ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਸੀ। ਜਿਸ ਦੀ ਪ੍ਰਵਾਨਗੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਦਿੱਤੀ ਗਈ ਸੀ ਅਤੇ ਕੱਲ ਪੰਜਾਬ ਵਿਧਾਨਸਭਾ ਦਾ ਸੈਸ਼ਨ ਰੱਖਿਆ ਗਿਆ ਸੀ। ਪਰ ਇਸ ਦੌਰਾਨ ਰਾਜਪਾਲ ਨੂੰ ਵਿਰੋਧੀ ਦੱਲ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖੈਹਰਾ ਅਤੇ ਭਾਜਪਾ ਦੇ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਕੁਮਾਰ ਵੱਲੋਂ ਇਹ ਮਤਾ ਲਿਆਉਣ ਦੀ ਕੋਈ ਜਰੂਰਤ ਨਾ ਦੱਸਣ ਅਤੇ ਕਾਨੂੰਨ ਨੂੰ ਅੱਖਾ ਭਰੋਖੇ ਕਰਦੇ ਹੋਏ ਪੰਜਾਬ ਰਾਜ ਦੀ ਜਨਤਾ ਤੇ ਬੇਫਾਲਤੂ ਖਰਖਾ ਪਾਉਣ ਦੇ ਚਲਦਿਆਂ ਰਾਜਪਾਲ ਨੂੰ ਚਿੱਠੀ ਲਿਖੀ ਗਈ ਸੀ। ਜਿਸ ਤੋਂ ਬਾਅਦ ਰਾਜਪਾਲ ਦਫਤਰ ਵੱਲ਼ੋਂ ਕਾਨੂੰਨੀ ਮਾਹਿਰਾਂ ਦੀ ਸਿਫਾਰਿਸ਼ ਤੇ ਇਹ ਵਿਸ਼ੇਸ਼ ਇਜਲਾਸ ਬੁਲਾਉਣ ਸਬੰਧੀ ਦਿੱਤੇ ਗਏ ਹੁਕਮ ਵਾਪਿਸ ਲੈ ਲਏ ਗਏ ਹਨ।
ਜਿਸ ਤੋਂ ਬਾਅਦ ਪੰਜਾਬ ਦੀ ਸਿਆਅਤ ਪੂਰੀ ਤਰ੍ਹਾਂ ਭੱਖ ਗਈ ਹੈ।ਇਸ ਤੇ ਪ੍ਰਤਿਕਰਮ ਦੇਂਦੇ ਹੋਏ ਪੰਜਾਬ ਵਿੱਚ ਦਿੱਲੀ ਦੀ ਐਂਟਰੀ ਹੋਈ ਹੈ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਬਿਆਨ ਸਾਹਮਣੇ ਆਇਆ ਹੈ। ਕੇਜਵੀਵਾਲ ਨੇ ਕਿਹਾ ਹੈ ਕਿ ਪੰਜਾਬ ਮੰਤਰੀ ਮੰਡਲ ਦੇ ਸੱਦੇ ਗਏ ਸੈਸ਼ਨ ਤੋਂ ਪੰਜਾਬ ਦਾ ਰਾਜਪਾਲ ਕਿਵੇਂ ਇਨਕਾਰ ਕਰ ਸਕਦਾ ਹੈ? ਉਹਨਾਂ ਕਿਹਾ ਕਿ ਫਿਰ ਤਾਂ ਜਮਹੂਰੀਅਤ (ਲੋਕਤੰਤਰ) ਖਤਮ ਹੈ। ਦੋ ਦਿਨ ਪਹਿਲਾਂ ਰਾਜਪਾਲ ਨੇ ਸੈਸ਼ਨ ਦੀ ਇਜਾਜ਼ਤ ਦੇ ਦਿੱਤੀ। ਜਦੋਂ ਆਪ੍ਰੇਸ਼ਨ ਲੋਟਸ ਫੇਲ ਹੋਣ ਲੱਗਾ ਅਤੇ ਨੰਬਰ ਪੂਰੇ ਨਹੀਂ ਹੋਏ ਤਾਂ ਉੱਪਰੋਂ ਇੱਕ ਕਾਲ ਆਈ ਕਿ ਇਜਾਜ਼ਤ ਵਾਪਸ ਲੈਣ ਲਈ ਕਿਹਾ ਗਿਆ।ਅੱਜ ਦੇਸ਼ ਵਿੱਚ ਇੱਕ ਪਾਸੇ ਸੰਵਿਧਾਨ ਹੈ ਅਤੇ ਦੂਜੇ ਪਾਸੇ ਆਪ੍ਰੇਸ਼ਨ ਲੋਟਸ।
ਕੇਜਰੀਵਾਲ ਨੇ ਰਾਜਪਾਲ ਤੇ ਚੁੱਕੇ ਸਵਾਲ- ਕਿਹਾ ਕੌਣ ਚਲਾਵੇਗਾ ਲੋਕਤੰਤਰ
ਕੇਜਰੀਵਾਲ ਵੱਲੋਂ ਕੀਤੇ ਗਏ ਟਵੀਟ ਤੋਂ ਬਾਅਦ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਵੱਲੋਂ ਵੀ ਟਵੀਟ ਕੀਤਾ ਗਿਆ ਅਤੇ ਸਵਾਲ ਚੁੱਕੇ ਗਏ। ਮੁੱਖ ਮੰਤਰੀ ਵੱਲੋਂ ਕਿਹਾ ਗਿਆ ਕਿ ਰਾਜਪਾਲ ਵੱਲੋਂ ਵਿਧਾਨ ਸਭਾ ਨਾ ਚੱਲਣ ਦੇਣਾ ਦੇਸ਼ ਦੇ ਲੋਕਤੰਤਰਤੇ ਵੱਡੇ ਸਵਾਲ ਪੈਦਾ ਕਰਦਾ ਹੈ .. ਹੁਣ ਲੋਕਤੰਤਰ ਨੂੰ ਕਰੋੜਾਂ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਚਲਾਉਣਗੇ ਜਾਂ ਦਿੱਲੀ ਕੇਂਦਰ ਸਰਕਾਰ ਦੁਆਰਾ ਨਿਯੁਕਤ ਕੀਤਾ ਹੋਇਆ ਇੱਕ ਵਿਅਕਤੀ ?? ਇੱਕ ਪਾਸੇ ਭੀਮ ਰਾਓ ਜੀ ਦਾ ਸੰਵਿਧਾਨ ਤੇ ਦੂਜੇ ਪਾਸੇ ਅਪ੍ਰੇਸ਼ਨ ਲੋਟਸ…ਜਨਤਾ ਸਭ ਦੇਖ ਰਹੀ ਹੈ..
ਭਗਵੰਤ ਮਾਨ ਜੀ ਕਿਰਪਾ ਸ਼ੋਸ਼ੇਬਾਜ਼ੀ ਬੰਦ ਕਰਕੇ ਕੰਮ ਸ਼ੁਰੂ ਕਰੋ- ਸੁਖਜਿੰਦਰ ਰੰਧਾਵਾ
ਉੱਧਰ ਇਸ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਮੌਜੂਦਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਲਾਹ ਦੇਂਦੇ ਹੋਇਆ ਕਿਹਾ ਹੈ ਕਿ ਸੰਸਦੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਰਾਜਪਾਲ ਨੇ ਵਿਸ਼ੇਸ਼ ਪੰਜਾਬ ਵਿਧਾਨਸਭਾ ਸੈਸ਼ਨ ਸੱਦਣ ਤੋਂ ਬਾਅਦ ਆਪਣੀ ਸਹਿਮਤੀ ਵਾਪਸ ਲਈ ਹੋਵੇ। ਇਹ ਪੰਜਾਬ ਸਰਕਾਰ ਲਈ ਨਾਮੌਸ਼ੀ ਹੈ। ਉਨ੍ਹਾਂ ਮੁੱਖ ਮੰਤਰੀ ਮਾਨ ਨੂੰ ਕਿਹਾ ਕਿ ਕਿਰਪਾ ਕਰਕੇ ਸ਼ੋਸ਼ੇਬਾਜ਼ੀ ਬੰਦ ਕਰਕੇ ਕੰਮ ਸ਼ੁਰੂ ਕਰੋ।
ਸੁਖਬੀਰ ਬਾਦਲ ਨੇ ਕੀਤਾ ਫੈਸਲੇ ਦਾ ਸੁਆਗਤ, ਕਿਹਾ ਸਰਕਾਰੀ ਖ਼ਜਾਨੇ ਦੇ ਕਰੋੜਾ ਰੁਪਏ ਬੱਚ ਗਏ।
ਉੱਧਰ ਇਸ ਸੰਬੰਧੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਪ੍ਰਤਿਕਰਮ ਸਾਹਮਣੇ ਆਇਆ ਹੈ। ਜਿਸ ਵਿੱਚ ਸੁਖਬੀਰ ਬਾਦਲ ਵੱਲੋਂ ਕਿਹਾ ਗਿਆ ਹੈ ਕਿ ਬੇਨਕਾਬ ਹੋਣ ਮਗਰੋਂ ਅਸਤੀਫਾ ਦੇਣ ਦੀ ਥਾਂ ਮੁੱਖਮੰਤਰੀ ਵੱਲੋਂ ਧਿਆਨ ਵੰਡਾਊ ਤਰਕੀਬਾਂ ਖੇਡੀਆਂ ਗਇਆ। ਜੇਕਰ ਉਹ ਸੱਚਮੁੱਚ ਰਿਸ਼ਵਤਖੋਰੀ ਮਾਮਲੇ ਤੋਂ ਚਿੰਤਤ ਸਨ ਤਾਂ ਉਹਨਾਂ ਨੂੰ ਸੀ ਬੀ ਆਈ ਜਾਂ ਹਾਈ ਕੋਰਟ ਦੀ ਨਿਗਰਾਨ ਹੇਠ ਜਾਂਚ ਵਾਸਤੇ ਆਖਣਾ ਚਾਹੀਦਾ ਸੀ। ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਕਿਉਂਕਿ ਇਸ ਨਾਲ ਸਰਕਾਰੀ ਖ਼ਜ਼ਾਨੇ ਦੇ ਕਰੋੜਾਂ ਰੁਪਏ ਬੱਚ ਗਏ ਜੋ ਆਮ ਆਦਮੀ ਪਾਰਟੀ ਵੱਲੋਂ ਆਪਣੀ ਵਾਹ ਵਾਹ ਕਰਨ ਵਾਸਤੇ ਬਰਬਾਦ ਕੀਤੇ ਜਾ ਰਹੇ ਸਨ