ਪਟਿਆਲਾ , 29 ਅਗਸਤ (ਦ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੱਤੀ ਹੈ। ਬਾਜਵਾ ਨੇ ਕਿਹਾ ਕਿ ਜੇ ਉਹ ਇਮਾਨਦਾਰ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਹੋਏ ਕਰੋੜਾਂ ਰੁਪਏ ਦੇ ਕਥਿਤ ਘੁਪਲੇ ਦੀ ਜਾਂਚ ਕਰਾਉਣ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਾਂਗਰਸ ਨੇਤਾ ਰਣਦੀਪ ਸਿੰਘ ਨਾਭਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਬਾਰੇ ਪੱਤਰ ਭੇਜਿਆ ਸੀ ਕਿ ਬਠਿੰਡਾ ਵਿੱਚ ਖੇਤੀਬਾੜੀ ਮਸ਼ੀਨਰੀ ਨਾਲ ਸਬੰਧਤ ਚੌਂਤੀ ਸੌ ਕਰੋੜ ਰੁਪਏ ਦਾ ਕਥਿਤ ਗਬਨ ਹੋਇਆ ਹੈ। ਉਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ ਤੇ ਇਸ ਨਾਤੇ ਇਸ ਦੀ ਜਾਂਚ ਕੀਤੀ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਨਿਊ ਮੋਤੀ ਮਹਿਲ ਵਿੱਚ ਵਿਜੀਲੈਂਸ ਨੂੰ ਭੇਜ ਕੇ ਇਸ ਮਾਮਲੇ ਦੀ ਜਾਂਚ ਕਰਾਉਣ। ਬਾਜਵਾ ਪਟਿਆਲਾ ਵਿੱਚ ਪ੍ਰੈਸ ਨੂੰ ਸੰਬੋਧਨ ਕਰ ਰਹੇ ਹਨ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਮੈਂਬਰ ਪਰਨੀਤ ਕੌਰ ਹੁਣ ਕਾਂਗਰਸ ਦਾ ਹਿੱਸਾ ਨਹੀਂ ਹਨ। ਪਰਨੀਤ ਕੌਰ ਆਪਣੀ ਲੋਕ ਸਭਾ ਮੈਂਬਰੀ ਭੰਗ ਹੋਣ ਦੇ ਡਰੋਂ ਕਾਂਗਰਸ ਨੂੰ ਚਿੰਬੜੇ ਹੋਏ ਹਨ। ਸ੍ਰੀ ਬਾਜਵਾ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਜੇ ਪਰਨੀਤ ਕੌਰ ’ਚ ਰੱਤੀ ਭਰ ਵੀ ਇਖ਼ਲਾਕ ਹੈ ਤਾਂ ਉਹ ਹੁਣ ਤਾਂ ਕਾਂਗਰਸ ਦਾ ਖਹਿੜਾ ਛੱਡ ਦੇਣ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਜਵਾ ਨੇ ਆਖਿਆ ਕਿ ਇਹ ਚਿੱਟੇ ਦਿਨ ਵਾਂਗ ਸਾਫ਼ ਹੈ ਕਿ 2024 ਦੀਆਂ ਚੋਣਾਂ ਵਿਚ ਪਰਨੀਤ ਕੌਰ ਭਾਜਪਾ ਉਮੀਦਵਾਰ ਹੋਣਗੇ। ਇਸੇ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੇ ਮਾਮਲੇ ਵਿਚ ਸ੍ਰੀ ਬਾਜਵਾ ਨੇ ਕਿਹਾ ਕਿ ਉਨ੍ਹਾਂ ਦਾ ਅੱਗੇ ਭਵਿੱਖ ਚੰਗਾ ਹੈ ਪਰ ਨਾਲ ਹੀ ਉਨ੍ਹਾਂ ਨੇ ਸ੍ਰੀ ਖਹਿਰਾ ਨੂੰ ਅਨੁਸ਼ਾਸਨ ’ਚ ਰਹਿਣ ਦਾ ਸੁਝਾਅ ਵੀ ਦਿੱਤਾ ਤੇ ਕਿਹਾ ਕਿ ਪਾਰਟੀ ਲੀਡਰਸ਼ਿਪ ਵੱਲੋਂ ਜਿਸ ਨੂੰ ਵੀ ਨੂੰ ਮੋਢੀ ਬਣਾਇਆ ਜਾਂਦਾ ਹੈ ਉਸ ਨੂੰ ਮੋਢੀ ਮੰਨਣਾ ਹਰੇਕ ਪਾਰਟੀ ਆਗੂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਅੱਜ ਇਥੇ ਪ੍ਰੈੱਸ ਕਾਨਫਰੰਸ ਵਿੱਚ ਲਾਲ ਸਿੰਘ, ਹਰਦਿਆਲ ਕੰਬੋਜ, ਹੈਰੀ ਮਾਨ, ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਊਟਸਰ, ਚੇਅਰਮੈਨ ਸੰਤੋਖ ਸਿੰਘ ਸਮੇਤ ਕਈ ਹੋਰ ਆਗੂ ਮੌਜੂਦ ਸਨ।