ਕੈਬਨਿਟ ਮੰਤਰੀ, ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ‘ਤਿਰੰਗਾ ਰੈਲੀ ’ ਪੂਰੇ ਉਤਸ਼ਾਹ ਨਾਲ ਸਫਲਤਾਪੂਰਵਕ ਸੰਪੰਨ
ਜ਼ਿਲ੍ਹਾ ਵਾਸੀਆਂ ਨੂੰ 13 ਤੋਂ 15 ਅਗਸਤ ਤੱਕ ਹਰ ਘਰ ਵਿਚ ਝੰਡਾ ਲਹਿਰਾਉਣ ਦੀ ਕੀਤੀ ਅਪੀਲ
‘ਤਿਰੰਗਾ ਰੈਲੀ’ ਦਾ ਸ਼ਹਿਰ ਵਿਚ ਹੋਇਆ ਭਰਵਾਂ ਸਵਾਗਤ-ਲੋਕਾਂ ਦੇਰ ਸ਼ਾਮ ਤਕ ਪੂਰੇ ਉਤਸ਼ਾਹ ਨਾਲ ਲਿਆ ਹਿੱਸਾ
ਗੁਰਦਾਸਪੁਰ, 11 ਅਗਸਤ ( ਮੰਨਣ ਸੈਣੀ)। ਰਾਸ਼ਟਰੀ ਤਿਰੰਗਾ ਦੇਸ਼ ਦੀ ਆਜ਼ਾਦੀ ਦਾ ਪ੍ਰਤੀਕ ਹੈ ਅਤੇ ਦੇਸ਼ ਦੀ ਖਾਤਰ ਕੁਰਬਾਨੀਆਂ ਦੇਣ ਵਾਲੇ ਸੂਰਬੀਰ ਯੋਧਿਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸ੍ਰੀ ਕੁਲਦੀਪ ਸਿੰਘ ਧਾਲੀਵਾਲ, ਪੇਂਡੂ ਵਿਕਾਸ ਅਤੇ ਪੰਚਾਇਤ, ਖੇਤੀਬਾੜੀ ਤੇ ਐਨ.ਆਰ.ਆਈ ਮੰਤਰੀ ਪੰਜਾਬ ਨੇ ਜ਼ਿਲ੍ਹਾ ਪੱਧਰੀ ‘ਤਿਰੰਗਾ ਰੈਲੀ’ ਵਿਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਅਮਨਸ਼ੇਰ ਸਿੰਘ ਸੈਰੀ ਕਲਸੀ, ਹਲਕਾ ਵਿਧਾਇਕ ਬਟਾਲਾ, ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ, ਪ੍ਰਭਾਕਰ ਜੋਸ਼ੀ ਡੀ.ਆਈ.ਜੀ ਬੀ.ਐਸ.ਐਫ ਤੇ ਦੀਪਕ ਹਿਲੋਰੀ ਐਸ.ਐਸ.ਪੀ ਗੁਰਦਾਸਪੁ ਵੀ ਮੋਜੂਦ ਸਨ।
ਅੱਜ 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸ਼ਵ ਤਹਿਤ ਜ਼ਿਲ੍ਹੇ ਵਿਚ 13 ਤੋਂ 15 ਅਗਸਤ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਇੰਸਟੀਚਿਊਟ ਆਫ ਹੋਟਲ ਮੈਨਜੇਮੈਂਟ ਤੋਂ ‘ਤਿਰੰਗਾ ਰੈਲੀ’ ਕੱਢੀ ਗਈ ਸੀ , ਜੋ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋ ਲੰਘੀ ਤੇ ਸ਼ਹਿਰ ਵਾਸੀਆਂ ਨੇ ‘ਤਿਰੰਗਾ ਰੈਲੀ’ ਦਾ ਪੂਰੇ ਉਤਸ਼ਾਹ ਨਾਲ ਸਵਾਗਤ ਕੀਤਾ। ‘ਤਿਰੰਗਾ ਰੈਲੀ’ ਵਿਚ ਪੰਜਾਬ ਪੁਲਿਸ, ਬੀ.ਐਸ.ਐਫ ਅਤੇ ਜੀਓਜੀ ਦੇ ਵਾਲੰਟੀਅਰਾਂ ਵਲੋਂ ਮੋਟਰਸਾਈਕਲਾਂ ਰਾਹੀਂ ਹਿੱਸਾ ਲਿਆ ਗਿਆ, ਜੋ ਸਾਰਿਆਂ ਦਾ ਖਿੱਚ ਦਾ ਕੇਂਦਰ ਬਣੇ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸ਼ਵ ਤਹਿਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ 13 ਤੋਂ 15 ਅਗਸਤ ਤਕ ਹਰ ਘਰ ਵਿਚ ਤਿਰੰਗਾ ਲਹਿਰਾਇਆ ਜਾਵੇ। ਉਨਾਂ ਕਿਹਾ ਕਿ ਤਿਰੰਗਾ ਸਾਡੀ ਆਜ਼ਾਦੀ ਦਾ ਪ੍ਰਤੀਕ ਹੈ ਅਤੇ ਦੇਸ਼ ਦੀ ਖਾਤਰ ਜਾਨਾਂ ਨਿਛਾਵਰ ਕਰਨ ਵਾਲÇਆਂ ਨੂੰ ਹਮੇਸ਼ਾ ਸਿਜਦਾ ਕਰਨਾ ਚਾਹੀਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਤੇ ਸੂਬੇ ਨੂੰ ਬਾਹਰੀ ਤਾਕਤਾਂ ਤੋਂ ਬਚਾਉਣ ਲਈ ਇੱਕਜੁੱਟ ਹੋ ਕੇ ਦੇਸ਼ ਭਗਤੀ ਦਾ ਜ਼ਜਬਾ ਦਿਖਾਉਣਾ ਚਾਹੀਦਾ ਹੈ ਤੇ ਦੇਸ਼ ਤੇ ਸੂਬੇ ਦੀ ਖੁਸ਼ਹਾਲੀ ਤੇ ਤਰੱਕੀ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਚਾਹੀਦਾ ਹੈ।
ਉਨਾਂ ਅੱਗੇ ਕਿਹਾ ਕਿ ਪੂਰੇ ਸੂਬੇ ਅੰਦਰ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਸ਼ਹੀਦਾਂ ਨੂੰ ਸਿਜਦਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਰਾਸ਼ਟਰੀ ਤਿਰੰਗਾ, ਸਾਡੀ ਆਜ਼ਾਦੀ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਅਤੇ ਸਾਨੂੰ ਮਾਣ ਹੈ ਕਿ ਅਸੀਂ ਭਾਰਤ ਦੇ ਨਾਗਰਿਕ ਹਾਂ। ਉਨਾਂ ਕਿਹਾ ਕਿ ਦੇਸ਼ ਦੀ ਖਾਤਰ ਕੁਰਬਾਨੀਆਂ ਦੇਣ ਵਾਲੇ ਸੂਰਬੀਰ ਯੋਧਿਆਂ ਨੂੰ ਯਾਦ ਰੱਖਣਾ ਸਾਡਾ ਪਹਿਲਾ ਕਰੱਤਵ ਹੈ ਅਤੇ ਉਨਾਂ ਦੀ ਯਾਦ ਵਿਚ ਵੱਧ ਤੋਂ ਵੱਧ ਸਮਾਗਮ ਕਰਵਾਉਣੇ ਚਾਹੀਦੇ ਹਨ।
ਕੈਬਨਿਟ ਮੰਤਰੀ ਪੰਜਾਬ ਧਾਲੀਵਾਲ ਨੇ ਅੱਗੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰ ਦਾ ਪੂਰਾ ਮਾਣ ਸਤਿਕਾਰ ਕਰਨ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਮਨਸ਼ੇਰ ਸਿੰਘ ਸੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਨੇ ਕਿਹਾ ਕਿ ਸਾਨੂੰ ਹਮੇਸ਼ਾਂ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਦੇਸ਼ ਦੇ ਸੂਬੇ ਦੀ ਮਜ਼ਬੂਤੀ ਲਈ ਇਕੱਠੇ ਹੋ ਕੇ ਅੱਗੇ ਵੱਧਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸ਼ਹੀਦਾਂ ਦੇ ਬਦੋਲਤ ਹੀ ਅਸੀਂ ਆਜ਼ਾਦ ਹਾਂ ਤੇ ਤਿਰੰਗਾ ਸਾਡੇ ਅਜਾਦੀ ਦਾ ਪ੍ਰਤੀਕ ਹੈ।
ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਵਲੋਂ ‘ਹਰ ਘਰ ਤਿਰੰਗਾ’ ਮੁਹਿੰਮ ਚਲਾਈ ਜਾ ਰਹੀ ਹੈ ਅਤੇ 13 ਤੋਂ 15 ਅਗਸਤ ਤਕ ਹਰ ਘਰ ਤਿਰੰਗਾ ਲਗਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਅੱਗੇ ਦੱਸਿਆ ਕਿ ਅੱਜ ਇੰਸਟੀਚਿਊਟ ਆਫ ਹੋਟਲ ਮੈਨਜੇਮੈਂਟ ਤੋਂ ‘ ਤਿਰੰਗਾ ਰੈਲੀ’ ਸ਼ੁਰੂ ਕੀਤੀ ਗਈ, ਉਪਰੰਤ ਬਰਿਆਰ ਬਾਈਪਾਸ ਚੋਂਕ, ਰੇਲਵੇ ਫਾਟਕ (ਪੰਡੋਰੀ ਰੋਡ), ਜਹਾਜ਼ ਚੌਂਕ, ਹਨੂੰਮਾਨ ਚੌਂਕ ਅਤੇ ਹਨੂੰਮਾਨ ਚੌਂਕ ਤੋਂ ਯੂ ਟਰਨ ਲੈ ਕੇ ਵਾਪਸ ਜਹਾਜ਼ ਚੌਂਕ ਤੋ ਹੁੰਦੀ ਹੋਈ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਸਮਾਪਤ ਹੋਈ। ਉਨਾਂ ‘ਤਿਰੰਗਾ ਰੈਲੀ’ ਦਾ ਸ਼ਹਿਰ ਵਿਚ ਪੂਰੇ ਉਤਸ਼ਾਹ ਨਾਲ ਦੇਰ ਸ਼ਾਮ ਤਕ ਸਵਾਗਤ ਕੀਤੇ ਜਾਣ ’ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰਭਾਕਰ ਜੋਸ਼ੀ, ਡੀ.ਆਈ.ਜੀ ਬੀ.ਐਸ.ਐਫ ਨੇ ਵੀ ਲੋਕਾਂ ਨੂੰ ਤਿਰੰਗਾ ਲਹਿਰਾਉਣ ਅਤੇ ਦੇਸ਼ ਦੀ ਖਾਤਰ ਜਾਨਾਂ ਵਾਰਨ ਵਾਲਿਆਂ ਨੂੰ ਯਾਦ ਰੱਖਣ ਦੀ ਅਪੀਲ ਕੀਤੀ। ਉਨਾਂ ਕਿ ਬੀ.ਐਸ।ਐਫ 24 ਘੰਟੇ ਸਰਹੱਦਾਂ ’ਤੇ ਦੇਸ਼ ਦੀ ਰਾਖੀ ਕਰ ਰਹੀ ਹੈ ਅਤੇ ਦੇਸ਼ ਦੀ ਖਾਤਰ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ।
ਇਸ ਮੌਕੇ ਗੁਰਦਾਸਪੁਰ ਜ਼ਿਲੇ ਦੇ ਆਪ ਪਾਰਟੀ ਦੇ ਆਗੂ ਸ੍ਰੀ ਰਮਨ ਬਹਿਲ, ਗੁਰਦੀਪ ਸਿੰਘ ਰੰਧਾਵਾ, ਸਮਸ਼ੇਰ ਸਿੰਘ, ਬਲਬੀਰ ਸਿੰਘ ਪਨੂੰ, ਕਸ਼ਮੀਰ ਸਿੰਘ ਵਾਹਲਾ, ਰਾਜੀਵ ਸ਼ਰਮਾ ਨੇ ਜਿਲਾ ਵਾਸੀਆਂ ਨੂੰ 13 ਤੋਂ 15 ਅਗਸਤ ਤਕ ਹਰ ਘਰ ਵਿਚ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂਾ ਆਈ.ਐਚ.ਐਮ ਦੇ ਵਿਦਿਆਰਥੀਆਂ, ਸਰਕਾਰੀ ਕਾਲਜ ਦੇ ਵਿਦਿਆਰਥੀਆਂ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਵਿਦਿਆਰਥਣ ਜੈਸਮੀਨ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਤੇ ਭੰਗੜੇ ਦੀ ਪੇਸ਼ਕਾਰੀ ਵੀ ਹੋਈ।
ਇਸ ਮੌਕੇ ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀਮਤੀ ਪਰਮਜੀਤ ਕੋਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਸ੍ਰੀਮਤੀ ਅਮਨਦੀਪ ਕੋਰ ਘੁੰਮਣ, ਐਸ.ਡੀ.ਐਮ ਗੁਰਦਾਸਪੁਰ, ਨਵਜੋਤ ਸਿੰਘ ਸੰਧੂ ਐਸ.ਪੀ (ਹੈੱਡਕੁਆਟਰ), ਵਰੁਣ ਕੁਮਾਰ ਪੀ.ਸੀ.ਐਸ ਅੰਡਰ ਟਰੇਨਿੰਗ, ਬਿ੍ਰਗੇਡੀਅਰ ਐਚ.ਐਸ ਕਾਹਲੋਂ, ਜ਼ਿਲ੍ਹਾ ਮੁਖੀ ਜੀਓਜੀ, ਜਗਤਾਰ ਸਿੰਘ ਤਹਿਸੀਲਦਾਰ, ਹਰਪਾਲ ਸਿੰਘ ਸੰਧਾਵਾਲੀਆਂ ਜ਼ਿਲਾ ਸਿੱਖਿਆ ਅਫਸਰ, ਅਮਰਜੀਤ ਸਿੰਘ ਜਿਲਾ ਸਿੱਖਿਆ ਅਫਸਰ (ਪ), ਮਨਮੋਹਨ ਸਿੰਘ ਸਕੱਤਰ, ਜਿਲਾ ਪ੍ਰੀਸ਼ਦ, ਸੁਰੇਸ਼ ਬੀਡੀਪੀਓ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਮੋਜੂਦ ਸਨ।