ਗੁਰਦਾਸਪੁਰ 20 ਜੁਲਾਈ (ਮੰਨਣ ਸੈਣੀ)। ਪੁਲਿਸ ਜ਼ਿਲ੍ਹਾ ਬਟਾਲਾ ਦੀ ਪੁਲਿਸ ਦੇ ਹੱਥ ਇੱਕ ਹੋਰ ਵੱਡੀ ਸਫਲਤਾ ਲੱਗੀ ਹੈ। ਜਿਸ ਵਿੱਚ ਨਸ਼ੀਲੇ ਪਦਾਰਥਾਂ ਖਿਲਾਫ ਛੇੜੇ ਗਏ ਆਪਣੇ ਅਭਿਆਨ ਦੇ ਤਹਿਤ ਪੁਲਿਸ ਨੇ ਇੱਕ ਟ੍ਰੱਕ ਰਾਹੀਂ 23 ਕਿਲੋ ਅਫੀਮ ਲਿਆ ਰਹੇ ਜੀਜਾ-ਸਾਲਾ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਟ੍ਰਕ ਦਾ ਮਾਲਕ ਹੈ ਜੱਦ ਕਿ ਉਸਦਾ ਸਾਲਾ ਕਲੀਨਰ ਹੈ। ਇਹ ਦੋਵੇਂ ਦੂਜੇ ਸੂਬਿਆਂ ਵਿੱਚੋਂ ਅਫੀਮ ਲਿਆ ਕੇ ਬਟਾਲਾ ਦੇ ਨੇੜਲੇ ਇਲਾਕਿਆਂ ਵਿੱਚ ਵੇਚਦੇ ਸਨ। ਪੁਲਿਸ ਨੇ ਉਨਾਂ ਕੋਲੋਂ ਪੰਜਾਂ ਹਜ਼ਾਰ ਰੁਪਏ ਨਕਦੀ ਵੀ ਬਰਾਮਦ ਕੀਤੀ ਹੈ।
ਡੀ ਐਸ ਪੀ (ਡੀ) ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ ਆਈ ਏ ਸਟਾਫ ਬਟਾਲਾ ਦੇ ਇੰਚਾਰਜ ਇੰਸਪੈਕਟਰ ਹਰਮੀਕ ਸਿੰਘ ਨੇ ਜਲੰਧਰ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇੱਕ ਮੁਖਬਰ ਦੀ ਇਤਲਾਹ ਤੇ ਸੂਆ ਨੱਤ ਪੁੱਲ ਤੇ ਇਕ ਟਰੱਕ ਨੂੰ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 23 ਕਿਲੋ ਅਫੀਮ ਬਰਾਮਦ ਹੋਈ। ਉਹਨਾਂ ਦੱਸਿਆ ਕਿ ਟਰੱਕ ਦੇ ਮਾਲਕ ਅਤੇ ਕਲੀਨਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਦੋਨੋਂ ਆਪਸ ਵਿੱਚ ਜੀਜਾ-ਸਾਲਾ ਹਨ।ਸੁਖਵਿੰਦਰ ਸਿੰਘ ਉਰਫ ਸ਼ਿੰਦਾ ਵਾਸੀ ਕਿਲਾ ਟੇਕ ਸਿੰਘ ਟਰੱਕ ਦਾ ਮਾਲਕ ਹੈ ਅਤੇ ਉਸਨੇ ਆਪਣੇ ਸਾਲੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਵਾਸੀ ਅਰਜਨ ਮਾਂਗਾ ਨੂੰ ਆਪਣੇ ਨਾਲ ਟ੍ਰਕ ਦੇ ਕਲੀਨਰ ਦੇ ਤੌਰ ਤੇ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਦੂਜੇ ਸੂਬਿਆਂ ਤੋਂ ਲਿਆ ਕੇ ਬਟਾਲਾ ਦੇ ਨੇੜਲੇ ਇਲਾਕਿਆਂ ਵਿੱਚ ਵੇਚਦੇ ਸਨ। ਇਨ੍ਹਾਂ ਪਾਸੋਂ 50 ਹਜ਼ਾਰ ਰੁਪਏ ਨਗਦ ਵੀ ਮਿਲੇ ਹਨ। ਦੋਹਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਤਫਤੀਸ਼ ਕਾਰਵਾਈ ਕੀਤੀ ਜਾ ਰਹੀ ਹੈ ਜਦ ਕਿ ਟਰੱਕ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ।