ਆਰਥਿਕਤਾ ਕ੍ਰਾਇਮ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਕਰੋੜਾਂ ਦਾ ਗਬਨ: ਪਟਿਆਲਾ ਦੇ ਬਲਾਕ ਸ਼ੰਭੂ ਕਲਾਂ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਅਫਸਰਾਂ ਨਾਲ ਮਿਲ ਕੀਤਾ ਗਿਆ ਕਰੋੜਾਂ ਦਾ ਗਬਨ, ਜਾਂਚ ਕਮੇਟੀ ਦੀ ਰਿਪੋਰਟ

ਕਰੋੜਾਂ ਦਾ ਗਬਨ: ਪਟਿਆਲਾ ਦੇ ਬਲਾਕ ਸ਼ੰਭੂ ਕਲਾਂ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਅਫਸਰਾਂ ਨਾਲ ਮਿਲ ਕੀਤਾ ਗਿਆ ਕਰੋੜਾਂ ਦਾ ਗਬਨ, ਜਾਂਚ ਕਮੇਟੀ ਦੀ ਰਿਪੋਰਟ
  • PublishedJune 1, 2022

ਮੰਤਰੀ ਕੁਲਦੀਪ ਧਾਲੀਵਾਲ ਵਲੋਂ ਐਫ਼ ਆਈ.ਆਰ ਦਰਜ ਕਰਨ, ਪਾਸਪੋਰਟ ਜਬਤ ਕਰਨ ਅਤੇ ਕੇਸ ਨਾਲ ਜਾਇਦਾਦ ਐਟਚ ਕਰਨ ਦੀ ਸਿਫਾਰਸ਼

ਅੰਮ੍ਰਿਤਸਰ ਕੋਲਕਾਤਾ ਇੰਟਗਰੇਟਿਡ ਕਾਰੀਡੋਰ ਪ੍ਰੋਜੈਕਟ ਅਧੀਨ ਬਣਨ ਵਾਲੇ ਕੋਰੀਡੋਰ ਲਈ ਸ਼ਾਮਲਤ ਜ਼ਮੀਨ ਤੋਂ ਪ੍ਰਾਪਤ ਹੋਈ ਰਾਸ਼ੀ ਨੂੰ ਖਰਚਣ ਵਿਚ ਗਰਾਮ ਪੰਚਾਇਤਾਂ ਸੇਹਰਾ, ਸੇਹਰੀ, ਆਕੜੀ, ਪਬਰਾ ਅਤੇ ਤਖਤੂ ਮਾਜਰਾ ਵੱਲੋਂ ਕੀਤਾ ਗਿਆ ਕਰੋੜਾਂ ਦਾ ਗਬਨ ਅਤੇ ਬੇਨਿਯਮੀਆਂ

ਚੰਡੀਗੜ੍ਹ, 01 ਜੂਨ। ਬਲਾਕ ਸ਼ੰਭੂ ਕਲਾਂ ਦੀਆਂ ਗਰਾਮ ਪੰਚਾਇਤਾਂ ਸੇਹਰਾ, ਸੇਹਰੀ, ਆਕੜੀ, ਪਬਰਾ ਅਤੇ ਤਖਤੂ ਮਾਜਰਾ ਵੱਲੋਂ ਅੰਮ੍ਰਿਤਸਰ ਕੋਲਕਾਤਾ ਇੰਟਗਰੇਟਿਡ ਕਾਰੀਡੋਰ ਪ੍ਰੋਜੈਕਟ ਅਧੀਨ ਬਣਨ ਵਾਲੇ ਕੋਰੀਡੋਰ ਲਈ ਸ਼ਾਮਲਤ ਜ਼ਮੀਨ ਤੋਂ ਪ੍ਰਾਪਤ ਹੋਈ ਰਾਸ਼ੀ ਨੂੰ ਖਰਚਣ ਵਿਚ ਵੱਡੇ ਪੱਧਰ `ਤੇ ਕਰੋੜਾਂ ਰੁਪਏ ਦਾ ਗਬਨ ਅਤੇ ਬੇਨਿਯਮੀਆਂ ਪਾਈਆਂ ਗਈਆਂ ਹਨ।ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਫ.ਆਈ.ਆਰ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਵੀ ਇਸ ਪੜਤਾਲ ਵਿਚ ਦੋਸ਼ੀ ਪਾਏ ਗਏ ਹਨ, ਉਨ੍ਹਾਂ ਦੇ ਪਾਸਪੋਰਟ ਜਬਤ ਕੀਤੇ ਜਾਣ ਤਾਂ ਜੋ ਕੋਈ ਵੀ ਦੋਸ਼ੀ ਵਿਦੇਸ਼ ਨਾ ਭੱਜ ਸਕੇ। ਇਸ ਤੋਂ ਇਲਾਵਾ ਮੰਤਰੀ ਨੇ ਕਿਹਾ ਕਿ ਇੰਨਾਂ ਦੀ ਜਾਇਦਾਦ ਵੀ ਕੇਸ ਨਾਲ ਅਟੈਚ ਕੀਤੀ ਜਾਵੇ ਤਾਂ ਜੋ ਗਬਨ ਦੇ ਪੈਸੇ ਇੰਨਾਂ ਤੋਂ ਰਿਕਵਰ ਕੀਤੇ ਜਾ ਸਕਣ।

ਜਿਕਰਯੋਗ ਹੈ ਕਿ ਬਲਾਕ ਸ਼ੰਭੂ ਕਲਾਂ ਦੀ ਗਰਾਮ ਪੰਚਾਇਤਾਂ ਸੇਹਰਾ, ਸੇਹਰੀ, ਆਕੜੀ, ਪਬਰਾ ਅਤੇ ਤਖਤੂ ਮਾਜਰਾ ਵੱਲੋਂ ਅੰਮ੍ਰਿਤਸਰ ਕੋਲਕਾਤਾ ਇੰਟਗਰੇਟਿਡ ਕਾਰੀਡੋਰ ਪ੍ਰੋਜੈਕਟ ਅਧੀਨ ਬਣਨ ਵਾਲੇ ਕੋਰੀਡੋਰ ਲਈ ਸ਼ਾਮਲਾਤ ਜਮੀਨ ਦੀ ਵੇਚ ਤੋਂ ਪ੍ਰਾਪਤ ਰਕਮ ਨਾਲ ਅਤੇ ਪੰਚਾਇਤ ਸੰਮਤੀ ਸ਼ੰਭੂ ਕਲਾਂ ਵੱਲੋਂ ਸਕੱਤਰ ਵੇਜਿਜ ਨਾਲ ਕਰਵਾਏ ਗਏ ਅਸਲ ਕੰਮਾਂ ਦੀ ਪੜਤਾਲ ਵਿਭਾਗ ਦੇ ਚਾਰ ਸੀਨੀਅਰ ਅਧਿਕਾਰੀਆਂ ਦੀ ਕਮੇਟੀ ਵੱਲੋਂ ਕੀਤੀ ਗਈ ਸੀ, ਜਿਸ ਵਿਚ ਸਰਬਜੀਤ ਸਿੰਘ ਵਾਲੀਆ ਸੰਯੁਕਤ ਡਾਇਰੈਕਟਰ ਚੇਅਰਮੈਨ ਅਤੇ ਜਤਿੰਦਰ ਸਿੰਘ ਬਰਾੜ ਡਾਇਰੈਕਟਰ ਆਈ.ਟੀ ਸ਼ਾਮਿਲ ਸਨ।ਇਸ ਪੜਤਾਲ ਵਿਚ ਵੱਡੇ ਪੱਧਰ `ਤੇ ਕਰੋੜਾਂ ਰੁਪਏ ਦੀਆਂ ਬੇਨਿਯਮੀਆਂ ਪਾਈਆਂ ਗਈਆਂ ਹਨ।

ਇਸ ਪ੍ਰੋਜੈਕਟ ਅਧੀਨ ਬਣਨ ਵਾਲੇ ਕੋਰੀਡੋਰ ਲਈ ਬਲਾਕ ਸ਼ੰਭੂ ਕਲਾਂ, ਜ਼ਿਲ੍ਹਾ ਪਟਿਆਲਾ ਦੀਆਂ ਪੰਜ ਗਰਾਮ ਪੰਚਾਇਤਾਂ ਸੇਹਰਾ, ਸੇਹਰੀ, ਪਬਰਾ, ਤਖਤੂਮਾਜਰਾ ਅਤੇ ਆਕੜੀ ਦੀ 1104 ਏਕੜ ਜ਼ਮੀਨ ਸਾਲ 2020 ਵਿੱਚ ਪੰਜਾਬ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਅਥਾਰਿਟੀ (ਪੁੱਡਾ) ਵੱਲੋਂ 285 ਕਰੋੜ ਵਿੱਚ ਖਰੀਦ ਕੀਤੀ ਗਈ ਸੀ। ਇਸ ਵਿਚ ਪਿੰਡ ਪਥਰਾ ਦੀ 177 ਏਕੜ 3 ਕਨਾਲ 10 ਮਰਲੇ, ਆਕੜੀ 183 ਏਕੜ 12 ਮਰਲੇ, ਸੇਹਰਾ 492 ਏਕੜ 4 ਕਨਾਲ 15 ਮਰਲੇ, ਤਖਤੂ ਮਾਜਰਾ 48 ਏਕੜ 3 ਕਨਾਲ 18 ਮਰਲੇ ਅਤੇ ਸੇਹਰੀ 201 ਏਕੜ 7 ਕਨਾਲ ਜ਼ਮੀਨ ਸ਼ਾਮਲ ਸੀ।

ਵਿਭਾਗੀ ਕਮੇਟੀ ਵਲੋਂ ਕੀਤੀ ਗਈ ਪੜਤਾਲ ਅਨੁਸਾਰ ਜ਼ਮੀਨ ਬਦਲੇ ਮਿਲੀ ਇਸ ਵੱਡੀ ਰਾਸ਼ੀ ਸਿੱਧੇ ਤੌਰ ਤੇ ਸਬੰਧਤ ਗਰਾਮ ਪੰਚਾਇਤਾਂ ਦੇ ਐਚ.ਡੀ.ਐਫ.ਸੀ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ ਸੀ। ਪੜਤਾਲ ਵਿਚ ਪਾਇਆ ਗਿਆ ਕਿ ਪ੍ਰਾਪਤ ਹੋਈ ਰਾਸ਼ੀ ਦਾ ਵੱਡਾ ਹਿੱਸਾ ਸਬੰਧਤ ਪੰਚਾਇਤਾਂ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਵਿਭਾਗ ਵੱਲੋਂ ਕੀਤੀਆਂ ਹਦਾਇਤਾਂ ਅਤੇ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਕੰਮਾਂ ਤੇ ਖਰਚ ਕਰ ਲਿਆ ਹੈ।

ਪੜਤਾਲ ਕਮੇਟੀ ਵੱਲੋਂ ਦਿੱਤੀ ਗਈ ਪੜਤਾਲ ਰਿਪੋਰਟ ਅਨੁਸਾਰ:-

ਗਰਾਮ ਪੰਚਾਇਤ ਪਬਰਾ:- ਗਰਾਮ ਪੰਚਾਇਤ ਪਬਰਾ ਨੂੰ 43.82 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ ਅਤੇ 1.42 ਕਰੋੜ ਰੁਪਏ ਵਿਆਜ ਵਜੋਂ ਪ੍ਰਾਪਤ ਹੋਏ। ਇਸ ਤਰ੍ਹਾਂ ਕੁੱਲ ਰਾਸ਼ੀ 45.24 ਕਰੋੜ ਰੁਪਏ ਬਣਦੀ ਹੈ। ਵਿਭਾਗ ਵੱਲੋਂ ਅਸੈਸਮੈਂਟ ਕਰਨ ਤੇ ਪਾਇਆ ਗਿਆ ਕਿ ਇਸ ਰਾਸ਼ੀ ਵਿਚੋਂ ਗਰਾਮ ਪੰਚਾਇਤ ਵੱਲੋਂ 13.14 ਕਰੋੜ ਰੁਪਏ ਬਤੌਰ ਸਕੱਤਰ ਵੇਜਿਜ ਪੰਚਾਇਤ ਸੰਮਤੀ ਸ਼ੰਭੂ ਕਲਾਂ ਨੂੰ ਤਬਦੀਲ ਕੀਤੇ ਗਏ ਅਤੇ 27.28 ਲੱਖ ਰੁਪਏ ਦੇ ਕੰਮ ਕਰਵਾਏ ਗਏ ਹਨ।ਇਸ ਗਰਾਮ ਪੰਚਾਇਤ ਦੀ 31.82 ਕਰੋੜ ਰੁਪਏ ਦੀ ਰਾਸ਼ੀ ਪੰਚਾਇਤ ਐਫ.ਡੀ. ਦੇ ਰੂਪ ਵਿੱਚ ਅਤੇ ਬੈਂਕ ਖਾਤਿਆਂ ਵਿੱਚ ਪਈ ਹੈ। ਇਸ ਪੰਚਾਇਤ ਅਤੇ ਉਸ ਸਮੇਂ ਦੇ ਅਧਿਕਾਰੀਆਂ ਵੱਲੋਂ ਬੇਨਿਯਮੀਆਂ ਕੀਤੀਆਂ ਗਈਆਂ ਹਨ, ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰਾਸ਼ੀ ਨੂੰ ਫਿਕਸ ਡਿਪਾਜਿਟ ਨਹੀਂ ਕਰਵਾਇਆ ਅਤੇ ਪੰਚਾਇਤ ਨੇ ਪ੍ਰਬੰਧਕੀ ਪ੍ਰਵਾਨਗੀ ਨਹੀਂ ਲਈ ਹੈ, ਜਿਸ ਲਈ ਉਹ ਦੋਸ਼ੀ ਹਨ।

ਗਰਾਮ ਪੰਚਾਇਤ ਤਖਤੂਮਾਜਰਾ:- ਗਰਾਮ ਪੰਚਾਇਤ ਤਖਤੂਮਾਜਰਾ ਨੂੰ 14.24 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ ਅਤੇ 0.25 ਲੱਖ ਰੁਪਏ ਵਿਆਜ ਵੱਜੋਂ ਪ੍ਰਾਪਤ ਹੋਏ। ਇਸ ਤਰ੍ਹਾਂ ਕੁੱਲ ਰਾਸ਼ੀ 14.49 ਕਰੋੜ ਰੁਪਏ ਬਣਦੀ ਹੈ। ਇਸ ਕੁੱਲ ਰਾਸ਼ੀ ਵਿਚੋਂ 10.68 ਕਰੋੜ ਰੁਪਏ ਦੀ ਰਾਸ਼ੀ ਵਿਕਾਸ ਦੇ ਕੰਮਾਂ ਤੇ ਖਰਚ ਕੀਤੀ ਗਈ।3.97 ਕਰੋੜ ਰੁਪਏ ਦੀ ਰਾਸ਼ੀ ਪੰਚਾਇਤ ਦੇ ਖਾਤੇ ਵਿੱਚ ਬਕਾਇਆ ਪਈ ਹੈ।ਇਸ ਪੰਚਾਇਤ ਨੇ ਪ੍ਰਬੰਧਕੀ ਅਤੇ ਤਕਨੀਕੀ ਪ੍ਰਵਾਨਗੀ ਨਹੀਂ ਲਈ ਹੈ। ਪੰਚਾਇਤ ਅਤੇ ਉਸ ਸਮੇਂ ਦੇ ਅਧਿਕਾਰੀਆਂ ਵੱਲੋਂ ਬੇਨਿਯਮੀਆਂ ਕੀਤੀਆਂ ਗਈਆਂ ਹਨ, ਜਿਸ ਲਈ ਉਹ ਦੋਸ਼ੀ ਹਨ। ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰਾਸ਼ੀ ਨੂੰ ਫਿਕਸ ਡਿਪਾਜਿਟ ਨਹੀਂ ਕਰਵਾਇਆ। ਪੰਚਾਇਤ ਨੇ ਤਕਨੀਕੀ ਅਤੇ ਪ੍ਰਬੰਧਕੀ ਪ੍ਰਵਾਨਗੀ ਸਮਰੱਥ ਅਧਿਕਾਰੀ ਪਾਸੋਂ ਨਹੀਂ ਲਈ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਚਾਇਤ ਸਕੱਤਰ ਵੇਜ਼ਿਜ਼ ਦੀ 30% ਰਾਸ਼ੀ ਬਿਨਾਂ ਘਟਾਏ ਵੱਧ ਰਾਸ਼ੀ ਦੇ ਕੰਮ ਕਰਵਾਏ ਗਏ ਹਨ। ਪੰਚਾਇਤ ਵੱਲੋਂ ਮੰਦਭਾਵਨਾ ਨਾਲ ਬੇਲੋੜੇ ਕੰਮ ਕਰਵਾਏ ਗਏ ਜਿਸ ਨਾਲ ਪੰਚਾਇਤ ਨੂੰ ਵਿੱਤੀ ਨੁਕਸਾਨ ਹੋਇਆ। ਜਿਆਦਾਤਰ ਖਰੀਦ ਚੋਣਵੀਆਂ ਫਰਮਾਂ ਤੋਂ ਹੀ ਬਾਰ-2 ਕੀਤੀ ਗਈ ਅਤੇ ਅਸਿੱਧੇ ਤਰੀਕੇ ਨਾਲ ਠੇਕੇਦਾਰਾਂ ਰਾਹੀਂ ਹੀ ਕੰਮ ਕਰਵਾਇਆ ਗਿਆ, ਜੋ ਕਿ ਸਰਕਾਰੀ ਹਦਾਇਤਾਂ ਦੀ ਉਲੰਘਣਾ ਹੈ।

ਗਰਾਮ ਪੰਚਾਇਤ ਆਕੜੀ:- ਗਰਾਮ ਪੰਚਾਇਤ ਨੂੰ 51.08 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ ਅਤੇ 1.52 ਕਰੋੜ ਰੁਪਏ ਵਿਆਜ ਵੱਜੋਂ ਪ੍ਰਾਪਤ ਹੋਏ। ਇਸ ਤਰ੍ਹਾਂ ਕੁੱਲ ਰਾਸ਼ੀ 52.60 ਕਰੋੜ ਰੁਪਏ ਬਣਦੀ ਹੈ। 2.56 ਕਰੋੜ ਰੁਪਏ ਦੀ ਰਾਸ਼ੀ ਪੰਚਾਇਤ ਸੰਮਤੀ ਸ਼ੰਭੂ ਕਲਾਂ ਬਤੌਰ ਪੰਚਾਇਤ ਸਕੱਤਰ ਵੇਜਿਜ ਦੇ ਤੌਰ ਤੇ ਤਬਦੀਲ ਕੀਤੀ ਗਈ ਹੈ ਅਤੇ 17.66 ਕਰੋੜ ਰੁਪਏ ਕੰਮਾਂ ਤੇ ਖਰਚ ਕੀਤਾ ਗਿਆ ਦਰਸਾਇਆ ਗਿਆ ਹੈ। ਟੈਕਨੀਕਲ ਟੀਮ ਦੀ ਅਸੈਸਮੈਂਟ ਰਿਪੋਰਟ ਅਨੁਸਾਰ ਗਰਾਮ ਪੰਚਾਇਤ ਵੱਲੋਂ ਕੁੱਝ ਕੰਮਾਂ ਤੇ ਕੇਵਲ ਖਰਚਾ ਜ਼ਰੂਰ ਕੀਤਾ ਹੈ, ਪਰ ਮੌਕੇ ਤੇ ਕੰਮ ਨਹੀਂ ਕਰਵਾਇਆ ਗਿਆ। ਇਸ ਗਰਾਮ ਪੰਚਾਇਤ ਨੇ ਸੂਏ ਦੀਆਂ ਬਰਮਾਂ, ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਕਬਰਸਤਾਨ, ਪੰਚਾਇਤ ਘਰ ਅਤੇ ਜੰਝ ਘਰ ਤੇ 5.84 ਕਰੋੜ ਰੁਪਏ ਦੀ ਰਾਸ਼ੀ ਦਾ ਖਰਚਾ ਕੀਤਾ ਦਿਖਾਇਆ ਗਿਆ ਪਰ ਮੌਕੇ ਤੇ ਕੋਈ ਕੰਮ ਨਹੀਂ ਕਰਵਾਇਆ। ਇਸ ਤਰ੍ਹਾਂ ਇਹ ਸਾਰੀ ਰਾਸ਼ੀ ਦਾ ਸਿੱਧੇ ਤੌਰ `ਤੇ ਗਬਨ ਕੀਤਾ ਗਿਆ ਹੈ। ਇਸੇ ਤਰ੍ਹਾਂ 77.25 ਲੱਖ ਰੁਪਏ ਦੇ ਸਮਰਸੀਬਲ ਲਗਾਉਣ ਦਾ ਨਜਾਇਜ਼ ਅਤੇ ਬੇਲੋੜਾ ਖਰਚ ਕੀਤਾ ਗਿਆ ਹੈ। ਇਨ੍ਹਾਂ ਸਾਰੇ ਕੰਮਾਂ ਦੀ ਅਸੈਸਮੈਂਟ ਤੇ ਪਾਇਆ ਗਿਆ ਕਿ 12.24 ਕਰੋੜ ਰੁਪਏ ਦੀ ਰਾਸ਼ੀ ਦਾ ਵਿੱਤੀ ਨੁਕਸਾਨ ਹੋਇਆ ਹੈ ਅਤੇ ਇਹ ਰਾਸ਼ੀ ਵਸੂਲਣਯੋਗ ਹੈ। ਇਸ ਗਰਾਮ ਪੰਚਾਇਤ ਵੱਲੋਂ ਵੀ ਬਿਨ੍ਹਾਂ ਪ੍ਰਬੰਧਕੀ ਅਤੇ ਤਕਨੀਕੀ ਪ੍ਰਵਾਨਗੀ ਲਏ ਖਰਚ ਕੀਤਾ ਗਿਆ ਹੈ। ਪੰਚਾਇਤ ਵੱਲੋਂ ਜੋ ਖਰਚੇ ਕੀਤੇ ਗਏ ਹਨ, ਉਹ ਬੇਲੋੜੇ ਕੀਤੇ ਗਏ ਹਨ ਅਤੇ ਇਕੋਂ ਟੀਚਾ ਰੱਖਿਆ ਜਾਪਦਾ ਹੈ। ਜੋ ਰਾਸ਼ੀ ਪ੍ਰਾਪਤ ਹੋਈ ਹੈ, ਉਸ ਨੂੰ ਕਿਸੇ ਤਰ੍ਹਾਂ ਖਰਚ ਕੀਤਾ ਦਿਖਾਇਆ ਜਾਵੇ। ਇਥੇ ਇਹ ਦੱਸਣਾ ਵੀ ਯੋਗ ਹੈ ਕਿ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ 25 ਬੱਚੇ ਪੜ੍ਹਦੇ ਹਨ, ਜਿਨ੍ਹਾਂ ਲਈ ਰਸੋਈ/ਮੈਸ ਸਮੇਤ 8 ਕਮਰੇ ਨਵੇਂ ਬਣਾ ਦਿੱਤੇ ਗਏ ਹਨ, ਜੋ ਕਿ ਸਾਂਝੇ ਪੈਸੇ ਦੀ ਦੂਰਵਰਤੋਂ ਕੀਤੀ ਗਈ ਹੈ। ਪੰਚਾਇਤ ਅਤੇ ਉਸ ਸਮੇਂ ਦੇ ਅਧਿਕਾਰੀਆਂ ਵੱਲੋਂ ਬੇਨਿਯਮੀਆਂ ਕੀਤੀਆਂ ਗਈਆਂ ਹਨ, ਜਿਸ ਲਈ ਉਹ ਦੋਸ਼ੀ ਹਨ। ਪੰਚਾਇਤ ਵੱਲੋਂ ਜਾਅਲੀ ਬਿੱਲਾਂ ਰਾਹੀਂ 1.87 ਕਰੋੜ ਰੁਪਏ ਦਾ ਗਬਨ ਕੀਤਾ ਗਿਆ ਹੈ। ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰਾਸ਼ੀ ਨੂੰ ਫਿਕਸ ਡਿਪਾਜਿਟ ਨਹੀਂ ਕਰਵਾਇਆ। ਪੰਚਾਇਤ ਨੇ ਤਕਨੀਕੀ ਅਤੇ ਪ੍ਰਬੰਧਕੀ ਪ੍ਰਵਾਨਗੀ ਸਮਰੱਥ ਅਧਿਕਾਰੀ ਪਾਸੋਂ ਨਹੀਂ ਲਈ ਹੈ।ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਚਾਇਤ ਸਕੱਤਰ ਵੇਜ਼ਿਜ਼ ਦੀ 30% ਰਾਸ਼ੀ ਬਿਨਾਂ ਘਟਾਏ ਵੱਧ ਰਾਸ਼ੀ ਦੇ ਕੰਮ ਕਰਵਾਏ ਗਏ ਹਨ। ਪੰਚਾਇਤ ਵੱਲੋਂ ਮੰਦਭਾਵਨਾ ਨਾਲ ਬੇਲੋੜੇ ਕੰਮ ਕਰਵਾਏ ਗਏ, ਜਿਸ ਨਾਲ ਪੰਚਾਇਤ ਨੂੰ ਵਿੱਤੀ ਨੁਕਸਾਨ ਹੋਇਆ ਹੈ। ਜਿਆਦਾਤਰ ਖਰੀਦ ਚੋਣਵੀਆਂ ਫਰਮਾਂ ਤੋਂ ਹੀ ਬਾਰ-ਬਾਰ ਕੀਤੀ ਗਈ ਅਤੇ ਅਸਿੱਧੇ ਤਰੀਕੇ ਨਾਲ ਠੇਕੇਦਾਰਾਂ ਰਾਹੀਂ ਜੋ ਕਿ ਸਰਕਾਰੀ ਹਦਾਇਤਾਂ ਦੀ ਉਲੰਘਣਾ ਹੈ।

ਗਰਾਮ ਪੰਚਾਇਤ ਸੇਹਰੀ:- ਗਰਾਮ ਪੰਚਾਇਤ ਨੂੰ 47.93 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ ਅਤੇ 1.23 ਕਰੋੜ ਰੁਪਏ ਵਿਆਜ ਪਾ ਕੇ ਕੁੱਲ ਰਾਸ਼ੀ 49.16 ਕਰੋੜ ਰੁਪਏ ਬਣਦੀ ਹੈ। ਇਸ ਕੁੱਲ ਰਾਸ਼ੀ ਵਿਚੋਂ 14.42 ਕਰੋੜ ਰੁਪਏ ਪੰਚਾਇਤ ਸੰਮਤੀ ਸ਼ੰਭੂ ਕਲਾਂ ਨੂੰ ਬਤੌਰ ਪੰਚਾਇਤ ਸਕੱਤਰ ਦਿੱਤੇ ਗਏ ਅਤੇ 13.96 ਕਰੋੜ ਰੁਪਏ ਦੀ ਰਾਸ਼ੀ ਵਿਕਾਸ ਕੰਮਾਂ ਦੇ ਖਰਚ ਕੀਤੀ ਦਿਖਾਈ ਹੈ। ਪੜਤਾਲੀਆਂ ਟੀਮ ਨੇ ਅਸੈਸਮੈਂਟ ਕਰਕੇ ਰਿਪੋਰਟ ਕੀਤੀ ਹੈ ਕਿ ਮੌਕੇ ਤੇ ਹੋਏ ਕੰਮਾਂ ਅਤੇ ਕੰਮਾਂ ਤੇ ਖਰਚ ਕੀਤੀ ਗਈ ਰਾਸ਼ੀ ਵਿੱਚ 7.32 ਕਰੋੜ ਰੁਪਏ ਦਾ ਅੰਤਰ ਹੈ। ਪੰਚਾਇਤ ਦੇ ਖਾਤੇ ਵਿੱਚ 20.80 ਕਰੋੜ ਰੁਪਏ ਦੀ ਰਾਸ਼ੀ ਜਮ੍ਹਾਂ ਹੈ। ਇਸ ਗਰਾਮ ਪੰਚਾਇਤ ਸੇਹਰੀ ਵੱਲੋਂ ਵੀ ਕੋਈ ਪ੍ਰਬੰਧਕੀ ਅਤੇ ਤਕਨੀਕੀ ਪ੍ਰਵਾਨਗੀ ਨਹੀਂ ਲਈ ਹੈ। ਸਾਰਾ ਖਰਚਾ ਬੇਲੋੜਾਂ ਕੀਤਾ ਗਿਆ ਹੈ। ਪੰਚਾਇਤ ਅਤੇ ਉਸ ਸਮੇਂ ਦੇ ਅਧਿਕਾਰੀਆਂ ਵੱਲੋਂ ਬੇਨਿਯਮੀਆਂ ਕੀਤੀਆਂ ਗਈਆਂ ਹਨ, ਜਿਸ ਲਈ ਉਹ ਦੋਸ਼ੀ ਹਨ। ਪੰਚਾਇਤ ਵੱਲੋਂ ਜਾਅਲੀ ਬਿੱਲਾਂ ਰਾਹੀਂ 78.53 ਲੱਖ ਰੁਪਏ ਦਾ ਗਬਨ ਕੀਤਾ ਗਿਆ ਹੈ। ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰਾਸ਼ੀ ਨੂੰ ਫਿਕਸ ਡਿਪਾਜਿਟ ਨਹੀਂ ਕਰਵਾਇਆ। ਪੰਚਾਇਤ ਨੇ ਤਕਨੀਕੀ ਅਤੇ ਪ੍ਰਬੰਧਕੀ ਪ੍ਰਵਾਨਗੀ ਸਮਰੱਥ ਅਧਿਕਾਰੀ ਪਾਸੋਂ ਨਹੀਂ ਲਈ ਹੈ।ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਚਾਇਤ ਸਕੱਤਰ ਵੇਜ਼ਿਜ਼ ਦੀ 30% ਰਾਸ਼ੀ ਬਿਨਾਂ ਘਟਾਏ ਵੱਧ ਰਾਸ਼ੀ ਦੇ ਕੰਮ ਕਰਵਾਏ ਗਏ ਹਨ। ਪੰਚਾਇਤ ਵੱਲੋਂ ਮੰਦਭਾਵਨਾ ਨਾਲ ਬੇਲੋੜੇ ਕੰਮ ਕਰਵਾਏ ਗਏ, ਜਿਸ ਨਾਲ ਪੰਚਾਇਤ ਨੂੰ ਵਿੱਤੀ ਨੁਕਸਾਨ ਹੋਇਆ। ਜਿਆਦਾਤਰ ਖਰੀਦ ਚੋਣਵੀਆਂ ਫਰਮਾਂ ਤੋਂ ਹੀ ਬਾਰ-ਬਾਰ ਕੀਤੀ ਗਈ ਅਤੇ ਅਸਿੱਧੇ ਤਰੀਕੇ ਨਾਲ ਠੇਕੇਦਾਰਾਂ ਰਾਹੀਂ ਜੋ ਕਿ ਸਰਕਾਰੀ ਹਦਾਇਤਾਂ ਦੀ ਉਲੰਘਣਾ ਹੈ।

ਗਰਾਮ ਪੰਚਾਇਤ ਸੇਹਰਾ:- ਗਰਾਮ ਪੰਚਾਇਤ ਨੂੰ 127.97 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ ਅਤੇ 3.60 ਕਰੋੜ ਰੁਪਏ ਵਿਆਜ ਵੱਜੋਂ ਪ੍ਰਾਪਤ ਹੋਇਆ ਅਤੇ 6.88 ਕਰੋੜ ਰੁਪਏ ਦੀ ਰਾਸ਼ੀ ਬੈਂਕ ਤੋਂ ਓਵਰਡਰਾਫਟ ਕਰਵਾਏ ਗਏ। ਕੁੱਲ ਰਾਸ਼ੀ 138.46 ਕਰੋੜ ਰੁਪਏ ਬਣ ਗਈ। 38.40 ਕਰੋੜ ਰੁਪਏ ਦੀ ਰਾਸ਼ੀ ਪੰਚਾਇਤ ਸੰਮਤੀ ਸ਼ੰਭੂ ਕਲਾਂ ਨੂੰ ਬਤੌਰ ਪੰਚਾਇਤ ਸਕੱਤਰ ਵੇਜਿਜ ਤਬਦੀਲ ਕੀਤੀ ਅਤੇ 22.23 ਕਰੋੜ ਰੁਪਏ ਦੀ ਰਾਸ਼ੀ ਵਿਕਾਸ ਕੰਮਾਂ ਤੇ ਖਰਚ ਕੀਤੇ ਦਿਖਾਏ ਗਏ ਹਨ। ਤਕਨੀਕੀ ਟੀਮ ਅਸੈਸਮੈਂਟ ਰਿਪੋਰਟ ਅਨੁਸਾਰ ਇਸ ਗਰਾਮ ਪੰਚਾਇਤ ਨੇ 2.65 ਕਰੋੜ ਰੁਪਏ ਦਾ ਵਾਧੂ ਖਰਚਾ ਦਿਖਾਇਆ ਹੈ। ਇਸ ਗਰਾਮ ਪੰਚਾਇਤ ਨੇ ਸਮਰਸੀਬਲ ਪੰਪ ਦੇ ਲਗਾਉਣ ਦੇ ਨਾਂ ਤੇ 44.84 ਲੱਖ ਰੁਪਏ ਦਾ ਨਜਾਇਜ਼ ਖਰਚਾ ਪਾਇਆ ਹੈ। ਇਹ ਸਾਰੀ ਰਾਸ਼ੀ ਵਸੂਲਯੋਗ ਹੈ। ਪੰਚਾਇਤ ਅਤੇ ਉਸ ਸਮੇਂ ਦੇ ਅਧਿਕਾਰੀਆਂ ਵੱਲੋਂ ਪੰਚਾਇਤ ਨੇ ਵਿਭਾਗੀ ਅਧਿਕਾਰੀਆਂ ਦੀ ਮਿਲੀਭੁੁਗਤ ਨਾਲ ਇੱਕ ਨਵੇਕਲੀ ਕਿਸਮ ਦੀ ਘੋਰ ਕੋਤਾਹੀ ਕਰਦੇ ਹੋਏ ਕੁੱਝ ਕੀਤੀਆਂ ਗਈਆਂ ਐਫ.ਡੀ. ਦੇ ਵਿਰੁੱਧ 6.88 ਕਰੋੜ ਰੁਪਏ ਦੀ ਓਵਰਡਰਾਫਟਿੰਗ ਕੀਤੀ ਹੈ, ਜੋ ਕਿ ਭ੍ਰਿਸ਼ਟਾਚਾਰ ਕਰਨ ਦੀ ਭਾਵਨਾ ਨਾਲ ਕੀਤੀ ਗਈ ਹੈ। ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਰਾਸ਼ੀ ਦਾ ਫਿਕਸ ਡਿਪਾਜਿਟ ਕਰਵਾਉਣਾ ਬਣਦਾ ਸੀ, ਉਹ ਨਹੀਂ ਕਰਵਾਇਆ ਗਿਆ। ਪੰਚਾਇਤ ਨੇ ਤਕਨੀਕੀ ਅਤੇ ਪ੍ਰਬੰਧਕੀ ਪ੍ਰਵਾਨਗੀ ਸਮਰੱਥ ਅਧਿਕਾਰੀ ਪਾਸੋਂ ਨਹੀਂ ਲਈ ਹੈ।ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਚਾਇਤ ਸਕੱਤਰ ਵੇਜ਼ਿਜ਼ ਦੀ 30% ਰਾਸ਼ੀ ਬਿਨਾਂ ਘਟਾਏ ਵੱਧ ਰਾਸ਼ੀ ਦੇ ਕੰਮ ਕਰਵਾਏ ਗਏ ਹਨ। ਪੰਚਾਇਤ ਵੱਲੋਂ ਮੰਦਭਾਵਨਾ ਨਾਲ ਬੇਲੋੜੇ ਕੰਮ ਕਰਵਾਏ ਗਏ ਜਿਸ ਨਾਲ ਪੰਚਾਇਤ ਨੂੰ ਵਿੱਤੀ ਨੁੁਕਸਾਨ ਹੋਇਆ ਹੈ। ਜ਼ਿਆਦਾਤਰ ਖਰੀਦ ਚੋਣਵੀਆਂ ਫਰਮਾਂ ਤੋਂ ਹੀ ਬਾਰ-ਬਾਰ ਕੀਤੀ ਗਈ ਅਤੇ ਅਸਿੱਧੇ ਤਰੀਕੇ ਨਾਲ ਠੇਕੇਦਾਰਾਂ ਰਾਹੀਂ ਹੀ ਕੰਮ ਕਰਵਾਇਆ ਗਿਆ, ਜੋ ਕਿ ਸਰਕਾਰੀ ਹਦਾਇਤਾਂ ਦੀ ਉਲੰਘਣਾ ਹੈ।

ਇਸ ਰਿਪੋਰਟ ਨੂੰ ਵਾਚਣ ਤੇ ਪਾਇਆ ਗਿਆ ਕਿ ਪਥਰਾ ਅਤੇ ਤਖਤੂਮਾਜਰਾ ਪਿੰਡਾਂ ਵੱਲੋਂ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ, ਇਹ ਰਾਸ਼ੀ ਇਨ੍ਹਾਂ ਗਰਾਮ ਪੰਚਾਇਤ ਵੱਲੋਂ ਫਿਕਸ ਡਿਪਾਜਿਟ ਨਹੀਂ ਕਰਵਾਈ ਅਤੇ ਕੰਮ ਕਰਵਾਏ ਗਏ ਪਰ ਕਰਵਾਏ ਕੰਮਾਂ ਦੀ ਪ੍ਰਬੰਧਕੀ ਅਤੇ ਤਕਨੀਕੀ ਪ੍ਰਵਾਨਗੀ ਨਹੀਂ ਲਈ ਗਈ। ਆਕੜੀ, ਸੇਹਰੀ ਅਤੇ ਸੇਹਰਾ ਪਿੰਡ ਦੀਆਂ ਪੰਚਾਇਤਾਂ ਨੂੰ ਜੋ ਰਾਸ਼ੀ ਪ੍ਰਾਪਤ ਹੋਈ ਹੈ ਉਸ ਵਿੱਚ ਗਰਾਮ ਪੰਚਾਇਤਾਂ ਵੱਲੋਂ ਵਿਭਾਗ ਦੇ ਫੀਲਡ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮਿਲ ਕੇ ਵੱਡਾ ਗਬਨ ਕੀਤਾ ਗਿਆ ਹੈ। ਗਰਾਮ ਪੰਚਾਇਤ ਆਕੜੀ 5.84 ਕਰੋੜ ਰੁਪਏ ਅਤੇ ਸੇਹਰੀ ਨੇ 78.37 ਲੱਖ ਰੁਪਏ ਦਾ ਸਿੱਧਾ ਗਬਨ ਕੀਤਾ ਹੈ। ਸਾਰੀਆਂ ਪੰਚਾਇਤਾਂ ਨੇ ਉਸ ਸਮੇਂ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਪ੍ਰਾਈਵੇਟ ਫਰਮਾਂ ਨਾਲ ਮਿਲ ਕੇ ਸਰਕਾਰੀ ਹਦਾਇਤਾਂ ਦੀਆਂ ਧਜੀਆਂ ਉਡਾਈਆਂ ਹਨ। ਕਮੇਟੀ ਦੀ ਤਕਨੀਕੀ ਪੜਤਾਲੀਆਂ ਟੀਮ ਅਨੁਸਾਰ ਪੰਚਾਇਤਾਂ ਵੱਲੋਂ ਕੀਤੇ ਕੰਮਾਂ ਤੇ ਖਰਚ ਅਤੇ ਮੌਕੇ ਤੇ ਜਾਅਲਸਾਜੀ ਕਰਕੇ ਪੰਚਾਇਤੀ ਫੰਡਾਂ ਦਾ ਦੂਰ-ਉਪਯੋਗ ਕਰਕੇ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਕੀਤਾ ਹੈ ਅਤੇ ਜੋ ਵਾਧੂ ਖਰਚ ਕੀਤਾ ਗਿਆ ਹੈ, ਉਸ ਅਨੁਸਾਰ ਗਰਾਮ ਪੰਚਾਇਤ ਆਕੜੀ ਤੋਂ 12.24 ਕਰੋੜ ਰੁਪਏ, ਸੇਹਰੀ ਤੋਂ 7.32 ਕਰੋੜ ਰੁਪਏ ਅਤੇ ਸੇਹਰਾ ਤੋਂ 2.65 ਕਰੋੜ ਰੁਪਏ ਵਸੂਲਣਯੋਗ ਹੈ, ਇਹ ਕੁੱਲ ਰਾਸ਼ੀ 22.21 ਕਰੋੜ ਰੁਪਏ ਬਣਦੀ ਹੈ।

ਪੜਤਾਲੀਆਂ ਕਮੇਟੀ ਦੀ ਰਿਪੋਰਟ ਅਨੁਸਾਰ ਉਸ ਸਮੇਂ ਦੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸੁੁਰਿੰਦਰ ਸਿੰਘ ਢਿੱਲੋਂ, ਬੀ.ਡੀ.ਪੀ.ਓ ਸ਼੍ਰੀਮਤੀ ਦਿਲਾਵਰ ਕੋਰ, ਧਰਮਿੰਦਰ ਕੁੁਮਾਰ ਏ.ਈ (ਪਰ), ਜਸਵੀਰ ਚੰਦ ਪੰਚਾਇਤ ਸਕੱਤਰ (ਗਰਾਮ ਪੰਚਾਇਤ ਸੇਹਰਾ, ਤਖਤੂ ਮਾਜਰਾ, ਪਬਰਾ), ਲਖਮਿੰਦਰ ਸਿੰਘ ਪੰਚਾਇਤ ਸਕੱਤਰ (ਗਰਾਮ ਪੰਚਾਇਤ ਸੇਹਰੀ), ਜਸਵਿੰਦਰ ਸਿੰਘ ਪੰਚਾਇਤ ਸਕੱਤਰ (ਗਰਾਮ ਪੰਚਾਇਤ ਆਕੜੀ), ਹਰਜੀਤ ਕੋਰ ਸਰਪੰਚ ਗਰਾਮ ਪੰਚਾਇਤ ਆਕੜੀ, ਹਾਕਮ ਸਿੰਘ ਸਰਪੰਚ ਗਰਾਮ ਪੰਚਾਇਤ ਸੇਹਰਾ, ਹਰਸੰਗਤ ਸਿੰਘ ਸਰਪੰਚ ਗਰਾਮ ਪੰਚਾਇਤ ਤਖਤੂ ਮਾਜਰਾ, ਰਾਕੇਸ਼ ਰਾਣੀ ਸਰਪੰਚ ਗਰਾਮ ਪੰਚਾਇਤ ਪਬਰਾ ਅਤੇ ਮਨਜੀਤ ਸਿੰਘ ਸਰਪੰਚ ਗਰਾਮ ਪੰਚਾਇਤ ਸੇਹਰੀ ਅਤੇ ਇਹਨਾਂ ਪਿੰਡਾਂ ਦੇ ਪੰਚਾਂ ਅਤੇ ਬਿੱਲ ਜਾਰੀ ਕਰਨ ਵਾਲੀਆਂ ਫਰਮਾਂ ਇਸ ਸਾਰੇ ਘਪਲੇ ਲਈ ਕਸੂਰਵਾਰ ਹਨ ਅਤੇ ਇਨ੍ਹਾਂ ਦਾ ਦੋਸ਼ ਸਿੱਧ ਹੁੰਦਾ ਹੈ।

ਉਪਰੋਕਤ ਤੋਂ ਇਲਾਵਾ ਜਿੱਥੋਂ ਤੱਕ ਪੰਚਾਇਤ ਸੰਮਤੀ ਸ਼ੰਭੂ ਕਲਾਂ ਦੀ ਸੈਕਟਰੀ ਵੇਜਿਜ ਦੀ ਰਾਸ਼ੀ ਰਲੀਜ਼ ਕਰਨ ਦਾ ਸਬੰਧ ਹੈ, ਉਸ ਸਬੰਧੀ ਇਹ ਰਾਸ਼ੀ ਉਸ ਸਮੇਂ ਤੈਨਾਤ ਦਿਲਾਵਰ ਕੋਰ ਬੀ.ਡੀ.ਪੀ.ਓ ਅਤੇ ਗੁੁਰਮੇਲ ਸਿੰਘ ਬੀ.ਡੀ.ਪੀ.ਓ ਵੱਲੋਂ ਜਾਰੀ ਕੀਤੀ ਗਈ ਹੈ, ਜੋ ਕਿ ਮੰਦਭਾਵਨਾ ਨਾਲ ਜਾਰੀ ਕੀਤੀ ਗਈ ਹੈ। ਇਹ ਰਾਸ਼ੀ ਦਿਲਾਵਰ ਕੋਰ ਬੀ.ਡੀ.ਪੀ.ਓ, ਰੂਪ ਸਿੰਘ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਵਾਧੂ ਚਾਰਜ ਬੀ.ਡੀ.ਪੀ.ਓ ਸ਼ੰਭੂ ਕਲਾ ਅਤੇ ਗੁੁਰਮੇਲ ਸਿੰਘ ਦੇ ਸਮੇਂ ਖਰਚ ਹੋਈ ਹੈ। ਕਮੇਟੀ ਨੇ ਇਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ।

ਇਸ ਰਿਪੋਰਟ `ਤੇ ਕਾਰਵਾਈ ਕਰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮਾਮਲੇ ਵਿਚ ਦੋਸ਼ੀਆਂ ਖਿਲਾਫ ਐਫ.ਆਈ.ਆਰ ਦਰਜ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ।

Written By
The Punjab Wire