ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਮੁੱਖ ਮੰਤਰੀ ਵਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੁਆਰਾ ਲਿਖੇ ਸੰਵਿਧਾਨ ਨੂੰ ਬਚਾਉਣ ਦਾ ਸੱਦਾ

ਮੁੱਖ ਮੰਤਰੀ ਵਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੁਆਰਾ ਲਿਖੇ ਸੰਵਿਧਾਨ ਨੂੰ ਬਚਾਉਣ ਦਾ ਸੱਦਾ
  • PublishedApril 14, 2022

ਕਿਹਾ ਸੰਵਿਧਾਨ ਦੇ ਮੁੱਢਲੇ ਸਿਧਾਂਤਾਂ ਨਾਲ ਛੇੜਛਾੜ ਦੀਆਂ ਕੀਤੀਆਂ ਜਾ ਰਹੀਆਂ ਕੋਸਿਸ਼ਾਂ

ਡਾ.ਬੀ.ਆਰ.ਅੰਬੇਡਕਰ ਦੇ ਜਨਮ ਦਿਵਸ ਮੌਕੇ ਜਲੰਧਰ ਦੇ ਬੂਟਾਂ ਮੰਡੀ ’ਚ ਹੋਏ ਰਾਜ ਪੱਧਰੀ ਸਮਾਰੋਹ ’ਚ ਕੀਤੀ ਸ਼ਿਰਕਤ

ਜਲੰਧਰ, 14 ਅਪ੍ਰੈਲ (ਦ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਨੂੰ ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਵਲੋਂ ਲਿਖੇ ਗਏ ਸੰਵਿਧਾਨ ਅਤੇ ਇਸ ਦੇ ਮੁੱਢਲੇ ਸਿਧਾਂਤਾਂ ਨੂੰ ਬਚਾਉਣ ਦਾ ਸੱਦਾ ਦਿੱਤਾ ਹੈ।

ਵੀਰਵਾਰ ਨੂੰ ਇਥੇ ਬਾਬਾ ਸਾਹਿਬ ਦੇ 131ਵੇਂ ਜਨਮ ਦਿਵਸ ਮੌਕੇ ਸਥਾਨਕ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਰਕਾਰੀ ਕੋ- ਐਜੂਕੇਸ਼ਨ ਕਾਲਜ, ਬੂਟਾਂ ਮੰਡੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਕਾਨੂੰਨਦਾਨ ਅਤੇ ਉਘੇ ਸਿਆਸਤਦਾਨ ਡਾ.ਅੰਬੇਡਕਰ ਵਲੋਂ ਲਿਖੇ ਗਏ ਸੰਵਿਧਾਨ ਦੀ ਮਹੱਤਤਾ ਘਟਾਉਣ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਇਹ ਮਨਸੂਬੇ ਕੋਈ ਵਿਦੇਸ਼ੀ ਜਾਂ ਬਰਤਾਨਵੀ ਨਹੀਂ ਘੜ ਰਹੇ ਸਗੋਂ ਸਾਡੇ ਕੁਝ ਆਪਣੇ ਲੋਕ ਹੀ ਇਹ ਤਾਣੀ ਬੁਣ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਕੋਸਿਸ਼ਾਂ ਨੂੰ ਮੂੰਹ ਤੋੜਵਾਂ ਜਵਾਬ ਦਿੰਦਿਆਂ ਸ਼ੁਰੂਆਤ ਵਿੱਚ ਹੀ ਖ਼ਤਮ ਕਰਨਾ ਚਾਹੀਦਾ ਹੈ ਜਿਸ ਲਈ ਲੋਕਾਂ ਨੂੰ ਇਕ ਜੁੱਟ ਹੋ ਕੇ ਅਵਾਜ਼ ਬੁਲੰਦ ਕਰਨੀ ਹੋਵੇਗੀ।

ਮੰਚ ਤੇ ਬੈਠੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ

ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਰਾਹੀਂ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਵੋਟ ਪਾਉਣ ਦਾ ਅਧਿਕਾਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਲੇ ਇਸੇ ਹੱਕ ਸਦਕਾ ਹੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਹੋਰ ਘਾਗ ਸਿਆਸਤਦਾਨਾਂ ਨੂੰ ਲੋਕਾਂ ਨੇ ਸਤਾ ਤੋਂ ਬਾਹਰ ਦਾ ਰਸਤਾ ਦਿਖਾਇਆ । ਉਨ੍ਹਾਂ ਕਿਹਾ ਕਿ ਸੰਵਿਧਾਨ ਜਮਹੂਰੀਅਤ ਦਾ ਮੂਲ ਅਧਾਰ ਹੈ ਅਤੇ ਇਸ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਪਾਕਿਸਤਾਨ ਨਾਲ ਤੁਲਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਸਾਡਾ ਗੁਆਂਢੀ ਮੁਲਕ ਸਾਡੇ ਮੁਲਕ ਤੋਂ ਇਕ ਦਿਨ ਪਹਿਲਾਂ ਆਜ਼ਾਦ ਹੋਇਆ ਪਰ ਸੰਵਿਧਾਨ ਦੀ ਅਣਹੋਂਦ ਕਰਕੇ ਉਸ ਮੁਲਕ ਵਿੱਚ ਜਮਹੂਰੀਅਤ ਪੈਰ ਨਹੀਂ ਜਮ੍ਹਾ ਸਕੀ। ਉਨ੍ਹਾਂ ਕਿਹਾ ਕਿ ਸਾਡੇ ਮੁਲਕ ਵਿੱਚ ਬਾਬਾ ਸਾਹਿਬ ਦੇ ਸੰਵਿਧਾਨ ਅਤੇ ਸੰਵਿਧਾਨਿਕ ਕਦਰਾਂ-ਕੀਮਤਾਂ ਮਜ਼ਬੂਤ ਹੋਈਆਂ ਹਨ ਜਦਕਿ ਇਸ ਦੇ ਉਲਟ ਪਾਕਿਸਤਾਨ ਵਿੱਚ ਅਜਿਹੀ ਕੋਈ ਵਿਵਸਥਾ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਪਾਕਿਸਤਾਨ ਵਿੱਚ ਜਮਹੂਰੀਅਤ ਦੀ ਨਕਾਮੀ ਦੀ ਜਿਊਂਦੀ ਜਾਗਦੀ ਮਿਸਾਲ ਇਸ ਪੱਖ ਤੋਂ ਦੇਖੀ ਜਾ ਸਕਦੀ ਹੈ ਕਿ ਪਾਕਿਸਤਾਨ ਦਾ ਕੋਈ ਵੀ ਸਾਬਕਾ ਪ੍ਰਧਾਨ ਮੰਤਰੀ ਜਾਂ ਤਾਂ ਕਤਲ ਕਰ ਦਿੱਤਾ ਗਿਆ ਜਾਂ ਉਸ ਨੂੰ ਜਲਾਵਤਨ ਹੋਣਾ ਪਿਆ।

ਮੁੱਖ ਮੰਤਰੀ ਨੇ ਡਾ.ਬੀ.ਆਰ.ਅੰਬੇਡਕਰ ਵਲੋਂ ਬਰਾਬਰਤਾ ਅਤੇ ਆਜ਼ਾਦੀ ਦੇ ਦਿੱਤੇ ਸਿਧਾਂਤਾਂ ’ਤੇ ਚੱਲ ਕੇ ਆਦਰਸ਼ ਸਮਾਜ ਦੀ ਸਿਰਜਣਾ ਲਈ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਡਾ.ਅੰਬੇਡਕਰ ਨੂੰ ਮਹਾਨ ਵਿਦਵਾਨ, ਕਾਨੂੰਨਦਾਨ, ਆਰਥਿਕ ਮਾਹਿਰ, ਸਮਾਜ ਸੁਧਾਰਕ ਅਤੇ ਉਘੀ ਸਖਸ਼ੀਅਤ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਡਾ.ਅੰਬੇਡਕਰ ਸਮੁੱਚੇ ਵਿਸ਼ਵ ਦੇ ਇਤਿਹਾਸ ਵਿੱਚ ਸ਼ੁਮਾਰ ਸਭ ਤੋਂ ਕੱਦਾਵਾਰ ਸਖਸ਼ੀਅਤਾਂ ਵਿਚੋਂ ਇਕ ਸਨ। ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਡਾ.ਅੰਬੇਡਕਰ ਇਕ ਸਧਾਰਣ ਪਰਿਵਾਰ ਨਾਲ ਸਬੰਧ ਰੱਖਦੇ ਸਨ ਪਰ ਸਮਾਜ ਪ੍ਰਤੀ ਉਨ੍ਹਾਂ ਦੇ ਮਹਾਨ ਯੋਗਦਾਨ ਨੇ ਉਨ੍ਹਾਂ ਨੂੰ ਆਲਮੀ ਪੱਧਰ ਦੀਆਂ ਹਸਤੀਆਂ ਵਿੱਚ ਸ਼ੁਮਾਰ ਕੀਤਾ।

ਡਾ.ਬੀ.ਆਰ.ਅੰਬੇਡਕਰ ਪਾਰਕ ਵਿਖੇ ਡਾ.ਅੰਬੇਡਕਰ ਦੇ ਬੁੱਤ ’ਤੇ ਫੁੱਲ ਮਾਲਾ ਭੇਟ ਕਰਦੇ ਮੁੱਖ ਮੰਤਰੀ ਭਗਵੰਤ ਮਾਨ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਰਤੀ ਸੰਵਿਧਾਨ ਡਾ.ਅੰਬੇਡਕਰ ਦੀ ਸਖ਼ਤ ਮਿਹਨਤ, ਸਮਰਪਿਤ ਭਾਵਨਾ ਤੇ ਦੂਰ ਅੰਦੇਸ਼ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨਾ ਸਿਰਫ਼ ਕਮਜ਼ੋਰ ਤਬਕਿਆਂ ਦੇ ਨੇਤਾ ਸਨ ਸਗੋਂ ਸਮੁੱਚੀ ਮਾਨਵਤਾ ਨਾਲ ਜੁੜੇ ਹੋਏ ਸਨ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਦੱਬੇ-ਕੁਚਲੇ ਤੇ ਕਮਜ਼ੋਰ ਵਰਗਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਡਾ.ਅੰਬੇਡਕਰ ਦੀ ਦ੍ਰਿੜ ਵਚਨਬੱਧਤਾ ਅਤੇ ਸੰਘਰਸ਼ ਲੋਕਾਂ ਨੂੰ ਹਮੇਸ਼ਾਂ ਪ੍ਰੇਰਿਤ ਕਰਦਾ ਰਹੇਗਾ। ਇਸ ਦੌਰਾਨ ਮੁੱਖ ਮੰਤਰੀ ਨੇ ਬੂਟਾਂ ਮੰਡੀ ਵਿਖੇ ਡਾ.ਬੀ.ਆਰ.ਅੰਬੇਡਕਰ ਪਾਰਕ ਵਿਖੇ ਡਾ.ਅੰਬੇਡਕਰ ਦੇ ਬੁੱਤ ’ਤੇ ਫੁੱਲ ਮਾਲਾ ਭੇਟ ਕੀਤੀ।

ਇਸ ਤੋਂ ਪਹਿਲਾਂ ਵਿਧਾਇਕ ਸ਼ੀਤਲ ਅੰਗੂਰਾਲ ਨੇ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਆਪਣੇ ਹਲਕੇ ਲਈ ਕੁਝ ਮੰਗਾਂ ਵੀ ਰੱਖੀਆਂ। ਇਸ ਮੌਕੇ ਵਿਧਾਇਕਾਂ ਅਤੇ ਹੋਰ ਨੇਤਾਵਾਂ ਵਲੋਂ ਮੁੱਖ ਮੰਤਰੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨਾਲ ਵਿਧਾਇਕ ਸ਼ੀਤਲ ਅੰਗੂਰਾਲ, ਬਲਕਾਰ ਸਿੰਘ, ਰਮਨ ਅਰੋੜਾ, ਇੰਦਰਜੀਤ ਕੌਰ ਮਾਨ, ਆਪ ਨੇਤਾ ਰਾਜਵਿੰਦਰ ਕੌਰ ਥਿਆੜਾ, ਦਿਨੇਸ਼ ਢੱਲ, ਸੁਰਿੰਦਰ ਸਿੰਘ ਸੋਢੀ, ਜੀਤ ਲਾਲ ਭੱਟੀ, ਰਤਨ ਸਿੰਘ, ਪ੍ਰਿੰਸੀਪਲ ਪ੍ਰੇਮ ਕੁਮਾਰ, ਮੰਗਲ ਸਿੰਘ, ਸੁਭਾਸ਼ ਸਰਮਾ ਤੇ ਹੋਰ ਹਾਜ਼ਰ ਸਨ। ਇਸ ਦੌਰਾਨ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਕਮਿਸ਼ਨਰ ਆਫ਼ ਪੁਲਿਸ ਗੁਰਪ੍ਰੀਤ ਸਿੰਘ ਤੂਰ ਅਤੇ ਹੋਰ ਹਾਜ਼ਰ ਸਨ।

Written By
The Punjab Wire