ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਮੇਰੇ ਹੁਕਮਾਂ ਤੇ ਗਏ ਸਨ ਪੰਜਾਬ ਦੇ ਅਫ਼ਸਰ ਦਿੱਲੀ ,ਮੰਤਰੀਆਂ ਨੂੰ ਨਵੇਂ ਵਾਹਨ ਦੇਣ ਦੀ ਕੋਈ ਤਜਵੀਜ਼ ਨਹੀਂ- ਭਗਵੰਤ ਮਾਨ

ਮੇਰੇ ਹੁਕਮਾਂ ਤੇ ਗਏ ਸਨ ਪੰਜਾਬ ਦੇ ਅਫ਼ਸਰ ਦਿੱਲੀ ,ਮੰਤਰੀਆਂ ਨੂੰ ਨਵੇਂ ਵਾਹਨ ਦੇਣ ਦੀ ਕੋਈ ਤਜਵੀਜ਼ ਨਹੀਂ- ਭਗਵੰਤ ਮਾਨ
  • PublishedApril 14, 2022

ਪੋਸਟ ਮੈਟ੍ਰਿਕ ਵਜੀਫ਼ਾ ਘੁਟਾਲੇ ਕਰਨ ਵਾਲੇ ਛੇਤੀ ਹੀ ਹੋਣਗੇ ਸਲਾਖ਼ਾਂ ਪਿੱਛੇ, -ਭਗਵੰਤ ਮਾਨ

ਜਲੰਧਰ, 14 ਅਪ੍ਰੈਲ (ਦ ਪੰਜਾਬ ਵਾਇਰ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਆਈਏਐੱਸ ਅਧਿਕਾਰੀਆਂ ਨੂੰ ਨਵੀਂ ਦਿੱਲੀ ਬੁਲਾਏ ਜਾਣ ਬਾਰੇ ਵਿਵਾਦ ਸਬੰਧੀ ਸਪਸ਼ਟੀਕਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਵਿੱਚ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸੂਬੇ ਦੇ ਸੀਨੀਅਰ ਅਫ਼ਸਰ ਨਵੀਂ ਦਿੱਲੀ ਵਿੱਚ ਟਰੇਨਿੰਗ ਲਈ ਉਨ੍ਹਾਂ ਦੇ ਹੁਕਮਾਂ ’ਤੇ ਗਏ ਸਨ। ਵਿਰੋਧੀ ਧਿਰਾਂ ਵਲੋਂ ਇਸ ਮੁੱਦੇ ’ਤੇ ਰੌਲਾ-ਰੱਪਾ ਪਾਉਣ ਦੀ ਸਖ਼ਤ ਆਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਿਥੇ ਵੀ ਸਾਡੇ ਅਫ਼ਸਰਾਂ ਨੂੰ ਦੂਜੇ ਸੂਬਿਆਂ ਜਾਂ ਮੁਲਕਾਂ ਤੋਂ ਚੰਗੀ ਮੁਹਾਰਤ ਸਿੱਖਣ ਦੀ ਲੋੜ ਹੋਵੇਗੀ, ਉਹ ਅਪਣੇ ਅਫ਼ਸਰ ਉਥੇ ਜਰੂਰ ਭੇਜਣਗੇ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵਲੋਂ ਸਿੱਖਿਆ, ਸਿਹਤ ਅਤੇ ਬਿਜਲੀ ਦੇ ਖੇਤਰ ਵਿੱਚ ਕੀਤੇ ਗਏ ਸੁਧਾਰਾਂ ਦਾ ਕੋਈ ਮੇਲ ਨਹੀਂ ਜਿਸ ਕਰਕੇ ਸਾਨੂੰ ਆਪਣੇ ਅਫ਼ਸਰਾਂ ਨੂੰ ਸਿਖਲਾਈ ਦੇਣ ਵਿੱਚ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਥੇ ਬਾਬਾ ਸਾਹਿਬ ਦੇ 131ਵੇਂ ਜਨਮ ਦਿਵਸ ਮੌਕੇ ਸਥਾਨਕ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਰਕਾਰੀ ਕੋ- ਐਜੂਕੇਸ਼ਨ ਕਾਲਜ, ਬੂਟਾਂ ਮੰਡੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਰੂਬਰੂ ਹੋ ਰਹੇ ਸਨ

ਮੁੱਖ ਮੰਤਰੀ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਵਿਚੋਂ ਹਰੇਕ ਗਾਰੰਟੀ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਲੇ ਪੰਜਾਬ ਵਿੱਚ ਨਵੀਂ ਸਰਕਾਰ ਬਣੀ ਨੂੰ ਇਕ ਮਹੀਨੇ ਤੋਂ ਵੀ ਘੱਟ ਸਮਾਂ ਗੁਜਰਿਆ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤਾ ਗਿਆ ਹਰੇਕ ਵਾਅਦਾ ਹਰ ਹੀਲੇ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ 16 ਅਪਰੈਲ ਨੂੰ ਲੋਕਾਂ ਨੂੰ ਚੰਗੀ ਖ਼ਬਰ ਮਿਲੇਗੀ ਅਤੇ ਪਤਾ ਲੱਗੇਗਾ ਕਿ ਉਨ੍ਹਾਂ ਨੇ ਅਫ਼ਸਰਾਂ ਨੂੰ ਉੱਥੇ ਕਿਉਂ ਭੇਜਿਆ ਸੀ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮੰਤਰੀਆਂ ਲਈ ਨਵੇਂ ਵਾਹਨ ਖ਼ਰੀਦਣ ਸੰਬੰਧੀ ਪੈ ਰਿਹਾ ਰੋਲੇ ਨੂੰ ਰੱਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੋਈ ਵੀ ਨਵਾਂ ਵਾਹਨ ਖ਼ਰੀਦਣ ਨਹੀਂ ਜਾ ਰਹੀ। ਉਹਨਾਂ ਪ੍ਰਗਟ ਸਿੰਘ ਤੇ ਬੋਲਦਿਆਂ ਕਿਹਾ ਕਿ ਹਾਂ ਜਿਹਨਾਂ ਕੋਲ ਹੈ ਉਹਨਾਂ ਕੋਲੋਂ ਵਾਪਿਸ ਜਰੂਰ ਲੈਣ ਜਾ ਰਹੀਂ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਬਿਨ੍ਹਾਂ ਕਿਸੇ ਅਧਾਰ ਦੇ ਇਸ ਨੂੰ ਮੁੱਦਾ ਬਣਾ ਰਹੀ ਹੈ ਕਿਉਂਕਿ ਇਨ੍ਹਾਂ ਕੋਲ ਸੂਬਾ ਸਰਕਾਰ ਖਿਲਾਫ਼ ਬੋਲਣ ਲਈ ਕੁਝ ਵੀ ਨਹੀਂ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਦਾ ਨਵੇਂ ਵਾਹਨ ਖ਼ਰੀਦਣ ਦਾ ਕੋਈ ਇਰਾਦਾ ਨਹੀਂ।

ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਸਪਸ਼ਟ ਸਬਦਾਂ ਵਿੱਚ ਕਿਹਾ ਕਿ ਪੋਸਟ ਮੈਟ੍ਰਿਕ ਵਜੀਫਾ ਘੁਟਾਲੇ ਨੂੰ ਅੰਜ਼ਾਮ ਦੇਣ ਵਾਲੇ ਲੋਕ ਛੇਤੀ ਹੀ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਹੋਣਗੇ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਘਿਨੌਣਾ ਤੇ ਨਾ-ਮੁਆਫ਼ੀ ਯੋਗ ਅਪਰਾਧ ਹੈ ਜਿਸ ਕਰਕੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਛੇਤੀ ਹੀ ਇਸ ਘੁਟਾਲੇ ਦਾ ਮੁੱਖ ਦੋਸ਼ੀ ਜੇਲ੍ਹ ਵਿੱਚ ਚੰਗੀਆਂ ਸਹੂਲਤਾਂ ਲਈ ਅਦਾਲਤਾਂ ਵਿੱਚ ਅਰਜ਼ੀਆਂ ਦਾਇਰ ਕਰਦਾ ਦਿਸੇਗਾ।

Written By
The Punjab Wire