ਰੰਧਾਵਾ ਨੇ ਕਿਹਾ ਕਿ ਜੇਕਰ ਰਾਹੁਲ ਅਤੇ ਪ੍ਰਿਅੰਕਾ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ ਤਾਂ ਸਿੱਧੂ ਉਨ੍ਹਾਂ ਖਿਲਾਫ ਵੀ ਖੁੱਲ ਕੇ ਬੋਲਣਗੇ
ਸਿੱਧੂ ਨੇ ਕਾਂਗਰਸੀ ਵਰਕਰ ਨੂੰ ਪਾਰਟੀ ਵਰਕਰ ਨਹੀਂ ਸਮਝਿਆ, ਜੇਕਰ ਨੈਤਿਕਤਾ ਹੁੰਦੀ ਤਾਂ ਅਸਤੀਫਾ ਕਦੋਂ ਦੇ ਦਿੰਦੇ
ਗੁਰਦਾਸਪੁਰ, 11 ਮਾਰਚ (ਮੰਨਣ ਸੈਣੀ)। ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕਾਂਗਰਸ ਪਾਰਟੀ ‘ਚ ਭਾਰੀ ਕਲੇਸ਼ ਪੈਦਾ ਨਜਰ ਆ ਰਿਹਾ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪ੍ਰਧਾਨ ਖਿਲਾਫ ਬਗਾਵਤ ਦਾ ਬਿਗਲ ਵਜਾ ਕੇ ਨਵਜੋਤ ਸਿੰਘ ਸਿੱਧੂ ‘ਤੇ ਵੱਡੇ ਦੋਸ਼ ਲਾਏ ਹਨ। ਰੰਧਾਵਾ ਦਾ ਕਹਿਣਾ ਹੈ ਕਿ ਸਿੱਧੂ ਨੇ ਹੀ ਪੰਜਾਬ ‘ਚ ਕਾਂਗਰਸ ਦਾ ਸਿਆਸੀ ਕਤਲ ਕੀਤਾ ਹੈ ਅਤੇ ਪਾਰਟੀ ਹਾਈਕਮਾਂਡ ਨੇ ਸਿੱਧੂ ਨੂੰ ਪਾਰਟੀ ‘ਚੋਂ ਨਾ ਕੱਢ ਕੇ ਵੱਡੀ ਗਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਵਿੱਚ ਨੈਤਿਕਤਾ ਹੁੰਦੀ ਤਾਂ ਉਹ ਨਤੀਜਿਆਂ ਤੋਂ ਬਾਅਦ ਤੁਰੰਤ ਹੀ ਆਪਣਾ ਅਸਤੀਫਾ ਦੇ ਦਿੰਦੇ। ਉਹਨਾਂ ਕਿਹਾ ਕਿ ਸੁਨੀਲ ਜਾਖੜ ਨੇ ਵੀ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਅਤੇ ਪਾਰਟੀ ਵਿੱਚ ਕੋਈ ਅਨੁਸ਼ਾਸਨ ਨਹੀਂ ਰਿਹਾ। ਜਿਸ ਦਾ ਵਰਕਰਾਂ ਵਿੱਚ ਗੱਲਤ ਸੰਦੇਸ਼ ਗਿਆ।
ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਸਿੱਧੂ ‘ਤੇ ਕਦੇ ਕਾਂਗਰਸ ਦਾ ਕਲਚਰ ਆਇਆ ਹੀ ਨਹੀਂ ਅਤੇ ਨਾ ਹੀ ਉਨ੍ਹਾਂ ਨੇ ਕਦੇ ਪਾਰਟੀ ਵਰਕਰ ਨੂੰ ਵਰਕਰ ਸਮਝਿਆ। ਉਨ੍ਹਾਂ ਕਿਹਾ ਕਿ ਰਾਹੁਲ ਤੇ ਹਾਈਕਮਾਂਡ ਵੀ ਸਿੱਧੂ ‘ਤੇ ਲਗਾਮ ਨਹੀਂ ਲਗਾ ਸਕੇ, ਜਿਸ ਕਾਰਨ ਅੱਜ ਪੰਜਾਬ ‘ਚ ਕਾਂਗਰਸ ਹਾਰ ਦਾ ਸੰਤਾਪ ਭੋਗ ਰਿਹਾ ਹੈ |
ਡੇਰਾ ਬਾਬਾ ਨਾਨਕ ਤੋਂ 500 ਤੋਂ ਘੱਟ ਦੇ ਫਰਕ ਨਾਲ ਕਾਂਗਰਸ ਨੂੰ ਸੀਟ ਤੇ ਜਿੱਤ ਦਵਾ ਕੇ ਹੈਟ੍ਰਿਕ ਲਗਾਉਣ ਵਾਲੇ ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਜਦੋਂ ਸਿੱਧੂ ਨੇ ਧੂਰੀ ਦੀ ਰੈਲੀ ਵਿੱਚ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਹਾਈਕਮਾਂਡ ਨੂੰ ਨੁਕਸਾਨ ਦੀ ਪਰਵਾਹ ਕੀਤੇ ਬਿਨਾਂ, ਤੁਰੰਤ ਉਸ ਖ਼ਿਲਾਫ਼ ਕਾਰਵਾਈ ਕਰਨੀ ਚਾਹਿਦੀ ਸੀ ਅਤੇ ਪਾਰਟੀ ‘ਚੋਂ ਬਾਹਰ ਕੱਢ ਦੇਣਾ ਚਾਹੀਦਾ ਸੀ। ਕੈਪਟਨ ਦਾ ਫੈਸਲਾ ਨੂੰ ਬਿਲਕੁਲ ਸਹੀ ਕਰਾਰ ਦੇਂਦਿਆਂ ਰੰਧਾਵਾ ਨੇ ਕਿਹਾ ਕਿ ਕੈਪਟਨ ਦੇ ਬੀਜੇਪੀ ਨਾਲ ਗਠਤੁੱਪ ਸੀ ਉਸ ਦਾ ਪਾਰਟੀ ਨੂੰ ਫਾਇਦਾ ਹੀ ਹੋਇਆ।
ਰੰਧਾਵਾ ਨੇ ਕਿਹਾ ਕਿ ਲੋਕਾਂ ਨੂੰ ਸਬਕ ਸਿਖਾਉਣਾ ਇਕ ਗੱਲ ਹੈ ਅਤੇ ਇਸ ਨੂੰ ਲਾਗੂ ਕਰਨਾ ਹੋਰ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਨਤੀਜਿਆਂ ਤੋਂ ਤੁਰੰਤ ਬਾਅਦ ਪਾਰਟੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਹੋਇਆ।
ਰੰਧਾਵਾ ਨੇ ਕਿਹਾ ਕਿ ਕਦੇ ਸਿੱਧੂ ਨੇ ਕਾਂਗਰਸੀ ਆਗੂਆਂ ਦਾ ਅਪਮਾਨ ਕੀਤਾ ਤੇ ਕਦੇ ਮੁੱਖ ਮੰਤਰੀ ਵੀ ਨਹੀਂ ਬਖਸਿਆਂ। ਉਨ੍ਹਾਂ ਨੇ ਹਮੇਸ਼ਾ ਕਾਂਗਰਸ ਨੂੰ ਗਾਲ੍ਹਾਂ ਕੱਢਣ ਦਾ ਕੰਮ ਕੀਤਾ ਹੈ। ਰਾਹੁਲ ਅਤੇ ਪ੍ਰਿਅੰਕਾ ਦਾ ਸਿੱਧੂ ਵੱਲ ਜ਼ਿਆਦਾ ਝੁਕਾਅ ਹੋਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਰੰਧਾਵਾ ਨੇ ਕਿਹਾ ਕਿ ਜੇਕਰ ਸਿੱਧੂ ਨੂੰ ਪਤਾ ਹੁੰਦਾ ਕਿ ਉਸਦਾ ਰਾਹੁਲ ਅਤੇ ਪ੍ਰਿਅੰਕਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤਾਂ ਸਿੱਧੂ ਉਨ੍ਹਾਂ ਦੇ ਖਿਲਾਫ ਵੀ ਬੋਲੇਦਾ। ਉਹਨਾਂ ਮਨਮੋਹਨ ਸਿੰਘ ਨੂੰ ਮੋਨੀ ਬਾਬਾ ਕਹਿਣ ਵਾਲੀ ਗੱਲ ਵੀ ਦੱਸੀ।
ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਵਿੱਚ ਕੋਈ ਨੈਤਿਕਤਾ ਨਹੀਂ ਹੈ ਅਤੇ ਪਾਰਟੀ ਲਈ ਨਿਸ਼ਕਾਮ ਸੇਵਕ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਾਈ ਕਮਾਂਡ ਨੇ ਕੁਝ ਸਾਲ ਪਹਿਲਾਂ ਪਾਰਟੀ ਵਿੱਚ ਆਏ ਸਿੱਧੂ ਨੂੰ ਸਜੀ ਸਜਾਈ ਥਾਲੇ ਪਰੋਸ ਕੇ ਦੇ ਦਿੱਤੀ, ਉਸ ਦਾ ਨੁਕਸਾਨ ਤਾਂ ਹੋਣਾ ਹੀ ਸੀ। ਉਨ੍ਹਾਂ ਕਿਹਾ ਕਿ ਸਿੱਧੂ ਨੇ ਕਾਂਗਰਸ ਦਾ ਕਤਲ ਕੀਤਾ ਹੈ।