ਨਵੀਂ ਦਿੱਲੀ, 7 ਮਾਰਚ । ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਦਿੱਲੀ ਵਿਖ਼ੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਵਾਸ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਇਸ ਨੂੂੰ ਚੋਣ ਨਤੀਜਿਆਂ ਬਾਰੇ ਗੱਲਬਾਤ ਨਾ ਹੋਣ ਅਤੇ ਪੰਜਾਬ ਬਾਰੇ ‘ਜਨਰਲ’ ਗੱਲਾਂ ਕੀਤੇ ਜਾਣ ਦੀ ਗੱਲ ਕਹਿ ਕੇ ਟਾਲਣ ਦੀ ਕੋਸ਼ਿਸ਼ ਕੀਤੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਅਮਿਤ ਸ਼ਾਹ ਨਾਲ ਮੁਲਾਕਾਤ ਨੇ ਪੰਜਾਬ ਦੇ ਸਿਆਸੀ ਪਾਣੀਆਂ ਵਿੱਚ ਇਕ ਵੱਖਰੇ ਤਰ੍ਹਾਂ ਦੀ ਹਲਚਲ ਪੈਦਾ ਕਰ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਅੱਜ ਦੁਪਹਿਰ ਅਮਿਤ ਸ਼ਾਹ ਦੇ ਨਿਵਾਸ ਪੁੱਜੇ ਜਿੱਥੇ ਉਨ੍ਹਾਂ ਨੇ ਲਗਪਗ 45 ਮਿੰਟ ਸ੍ਰੀ ਸ਼ਾਹ ਨਾਲ ਗੱਲਬਾਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜੇ ਚੋਣ ਨਤੀਜੇ ਨਹੀਂ ਆਏ ਅਤੇ ਅਜੇ ਉਨ੍ਹਾਂ ਨੇ ਸੀ੍ਰ ਸ਼ਾਹ ਨਾਲ ਪੰਜਾਬ ਬਾਰੇ ‘ਜਨਰਲ’ ਗੱਲਾਂ ਹੀ ਕੀਤੀਆਂ ਹਨ ਅਤੇ ਵੇਰਵੇ ਸਹਿਤ ਗੱਲਬਾਤ ਨਤੀਜੇ ਆਉਣ ਤੋਂ ਬਾਅਦ ਕੀਤੀ ਜਾਵੇਗੀ।
ਇਹ ਪੁੱਛੇ ਜਾਣ ’ਤੇ ਕਿ ਉਨ੍ਹਾਂ ਨੇ ਸ੍ਰੀ ਸ਼ਾਹ ਨਾਲ ਕਿੰਨ੍ਹਾਂ ਕਿੰਨ੍ਹਾਂ ਮੁੱਦਿਆਂ ’ਤੇ ਗੱਲਬਾਤ ਕੀਤੀ ਅਤੇ ਕੀ ਇਨ੍ਹਾਂ ਵਿੱਚ ਪੰਜਾਬ ਅੰਦਰ ਕੌਮੀ ਸੁਰੱਖ਼ਿਆ ਦਾ ਮੁੱਦਾ ਵੀ ਸ਼ਾਮਲ ਸੀ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਾਰੀਆਂ ਗੱਲਾਂ ਮੀਡੀਆ ਨਾਲ ਸਾਂਝੀਆਂ ਨਹੀਂ ਕਰ ਸਕਦੇ।
ਬੀ.ਬੀ.ਐਮ.ਬੀ. ਵਿੱਚ ਕੇਂਦਰ ਦੀ ਦਖ਼ਲਅੰਦਾਜ਼ੀ ਵਧਣ ਅਤੇ ਪੰਜਾਬ ਦਾ ਨੁਮਾਇੰਦਾ ਲਾਂਭੇ ਕੀਤੇ ਜਾਣ ਤੋਂ ਇਲਾਵਾ ‘ਸਿਟਕੋ’ ਬਾਰੇ ਫ਼ੈਸਲੇ ਨਾਲ ਪੰਜਾਬ ਦੇ ਚੰਡੀਗੜ੍ਹ ’ਤੇ ਹੱਕ ਖ਼ੋਹੇ ਜਾਣ ਦੇ ਮੁੱਦਿਆਂ ਬਾਰੇ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਹਿਕਾ ਕਿ ਉਨ੍ਹਾਂ ਨੇ ਇਹ ਮੁੱਦੇ ਸ੍ਰੀ ਅਮਿਤ ਸ਼ਾਹ ਨਾਲ ਨਹੀਂ ਵਿਚਾਰੇ ਪਰ ਉਨ੍ਹਾਂ ਨੇ ਇਨ੍ਹਾਂ ਮੁੱਦਿਆਂ ਬਾਰੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਜ਼ਰੂਰ ਲਿਖ਼ਿਆ ਹੈ।
ਉਨ੍ਹਾਂ ਕਿਹਾ ਕਿ 1966 ਵਿੱਚ ਪੰਜਾਬ ਦੀ ਵੰਡ ਵੇਲੇ ਇਹ ਸਹਿਮਤੀ ਬਣੀ ਸੀ ਕਿ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਰਮਚਾਰੀਆਂ ਦੀਆਂ ਨਿਯੁਕਤੀਆਂ ਦਾ ਅਨੁਪਾਤ 60:40 ਰਹੇਗਾ ਅਤੇ ਭਾਖ਼ੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਇਕ ਚੀਫ਼ ਇੰਜੀਨੀਅਰ ਪੰਜਾਬ ਤੋਂ ਅਤੇ ਇਕ ਹਰਿਆਣਾ ਤੋਂ ਹੋਵੇਗਾ ਪਰ ਹੁਣ ਕੇਂਦਰ ਵੱਲੋਂ ਕੁਝ ਬਦਲਾਅ ਕੀਤੇ ਜਾ ਰਹੇ ਹਨ।
10 ਮਾਰਚ ਨੂੰ ਆਉਣ ਵਾਲੇ ਚੋਣ ਨਤੀਜਿਆਂ ਬਾਰੇ ਕੋਈ ਵੀ ਭਵਿੱਖਬਾਣੀ ਕਰਨ ਤੋਂ ਇਨਕਾਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕੋਈ ਪੰਡਿਤ ਨਹੀਂ ਹਨ ਅਤੇ ਇਸ ਤਰ੍ਹਾਂ ਕੋਈ ਭਵਿੱਖਬਾਣੀ ਨਹੀਂ ਕਰ ਸਕਦੇ ਪਰ ਇਹ ਜ਼ਰੂਰ ਕਹਿ ਸਕਦੇ ਹਨ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਚੰਗੀ ਕਾਰਗੁਜ਼ਾਰੀ ਵਿਖ਼ਾਈ ਹੈ।