Close

Recent Posts

ਹੋਰ ਖੇਡ ਸੰਸਾਰ ਪੰਜਾਬ

ਸ਼੍ਰੋਮਣੀ ਕਮੇਟੀ ਦੀ ਬਾਬਾ ਜ਼ੋਰਾਵਰ ਸਿਘ ਬਾਬਾ ਫ਼ਤਹਿ ਸਿੰਘ ਅਕੈਡਮੀ ਨੇ 10ਵਾਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਜਿੱਤਿਆ

ਸ਼੍ਰੋਮਣੀ ਕਮੇਟੀ ਦੀ ਬਾਬਾ ਜ਼ੋਰਾਵਰ ਸਿਘ ਬਾਬਾ ਫ਼ਤਹਿ ਸਿੰਘ ਅਕੈਡਮੀ ਨੇ 10ਵਾਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਜਿੱਤਿਆ
  • PublishedFebruary 26, 2022

ਲੱਡਾ ਬੱਲਪੁਰੀਆ ਬੈਸਟ ਧਾਵੀ ਅਤੇ ਕਰਮਜੀਤ ਲਸਾੜਾ ਬੈਸਟ ਜਾਫੀ ਐਲਾਨੇ ਗਏ

ਮਾਣਕੀ ਦੀ ਟੀਮ ਨੇ ਅੰਡਰ 21 ਮੁਕਾਬਲਿਆਂ ਦਾ ਕੱਪ ਜਿੱਤਿਆ

ਖੱਟੜਾ (ਖੰਨਾ), 26 ਫ਼ਰਵਰੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਕਬੱਡੀ ਅਕੈਡਮੀ ਨੇ ਬਹੁਤ ਹੀ ਫਸਵੇਂ ਮੁਕਾਬਲੇ ਵਿੱਚ ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬੱਡੀ ਕਲੱਬ ਫਗਵਾੜਾ ਨੂੰ ਸਾਢੇ ਤਿੰਨ ਅੰਕਾਂ ਦੇ ਫਰਕ (25.5-22) ਨਾਲ ਹਰਾ ਕੇ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲਾ 10ਵਾਂ ਸ. ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਜਿੱਤ ਲਿਆ।ਦੂਜੇ ਸਥਾਨ ‘ਤੇ ਰਹੀ ਫਗਵਾੜਾ ਦੀ ਟੀਮ ਨੂੰ 75 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਆ ਗਿਆ।

ਟੂਰਨਾਮੈਂਟ ਵਿੱਚ ਸ਼੍ਰੋਮਣੀ ਕਮੇਟੀ ਦੇ ਹੀ ਦੋ ਖਿਡਾਰੀ ਲੱਡਾ ਬੱਲਪੁਰੀਆ ਬੈਸਟ ਧਾਵੀ ਅਤੇ ਕਰਮਜੀਤ ਲਸਾੜਾ ਬੈਸਟ ਜਾਫੀ ਐਲਾਨੇ ਗਏ, ਜਿਨ੍ਹਾਂ ਨੂੰ 11-11 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ।ਕਬੱਡੀ ਆਲ ਓਪਨ ਦੀਆਂ 8 ਟੀਮਾਂ ਦੇ ਕਰਵਾਏ 7 ਮੈਚ ਹੀ ਬਹੁਤ ਫਸਵੇਂ ਹੋਏ। ਜਾਫੀਆਂ ਨੇ ਚੰਗੇ ਜੱਫੇ ਲਾਏ ਜਿਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਕਿ ਕੱਪ ਵਿੱਚ ਪਈਆਂ ਕੁੱਲ 401 ਕਬੱਡੀਆਂ ਵਿੱਚੋਂ ਜਾਫੀਆਂ ਨੇ ਕੁੱਲ 101 ਜੱਫੇ ਲਾਏ।

ਹਰਮਨ ਖੱਟੜਾ ਸਪੋਰਟਸ ਅਤੇ ਵੈਲਫ਼ੇਅਰ ਕਲੱਬ ਵੱਲੋਂ ਕਰਵਾਏ ਕੱਪ ਦੇ ਆਲ ਓਪਨ ਮੁਕਾਬਲਿਆਂ ਦੇ ਸੈਮੀ ਫਾਈਨਲ ਮੈਚਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਗੁਰਦਾਸਪੁਰ ਲਾਇਨਜ਼ ਦੀ ਟੀਮ ਨੂੰ ਸਿਰਫ ਢਾਈ ਅੰਕਾਂ ਦੇ ਫਰਕ ਅਤੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬੱਡੀ ਕਲੱਬ ਫਗਵਾੜਾ ਨੇ ਸੁਰ ਸਿੰਘ ਵਾਲਾ ਦੀ ਟੀਮ ਨੂੰ 10 ਅੰਕਾਂ ਦੇ ਫਰਕ ਨਾਲ ਹਰਾਇਆ।

ਪਹਿਲੇ ਰਾਊਂਡ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਸੰਕਰਾਪੁਰੀ ਕਬੱਡੀ ਕਲੱਬ ਸਾਧੂਵਾਲਾ ਦੀ ਟੀਮ ਨੂੰ 6 ਅੰਕਾਂ ਦੇ ਫਰਕ, ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬੱਡੀ ਕਲੱਬ ਫਗਵਾੜਾ ਨੇ ਲਸਾੜਾ ਗਿੱਲ ਦੀ ਟੀਮ ਨੂੰ 6 ਅੰਕਾਂ ਦੇ ਫਰਕ, ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਗੁਰਦਾਸਪੁਰ ਲਾਇਨਜ਼ ਨੇ ਸੋਨੀਪਤ ਹਰਿਆਣਾ ਦੀ ਟੀਮ ਨੂੰ 14 ਅੰਕਾਂ ਦੇ ਫਰਕ ਅਤੇ ਸੁਰ ਸਿੰਘ ਵਾਲਾ ਨੇ ਤੋਤਾ ਸਿੰਘ ਵਾਲਾ ਦੀ ਟੀਮ ਨੂੰ ਸਿਰਫ ਅੱਧੇ ਅੰਕ ਦੇ ਫਰਕ ਨਾਲ ਹਰਾਇਆ।

ਅੰਡਰ 21 ਮੁਕਾਬਲਿਆਂ ਦੇ ਫ਼ਾਈਨਲ ਵਿੱਚ ਮਾਣਕੀ ਦੀ ਟੀਮ ਨੇ ਮੁਹਾਲੀ ਨੂੰ ਹਰਾ ਕੇ ਕੱਪ ਜਿੱਤਿਆ। ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਅਤੇ ਉਪ ਜੇਤੂ ਟੀਮ ਨੂੰ 15 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਤ ਕੀਤਾ।ਜੇਤੂਆਂ ਨੂੰ ਇਨਾਮਾਂ ਦੀ ਵੰਡ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਦਲਮੇਘ ਸਿੰਘ ਖੱਟੜਾ ਨੇ ਕੀਤੀ।ਇਸ ਤੋਂ ਪਹਿਲਾਂ ਸਾਬਕਾ ਆਈ.ਏ.ਐਸ. ਅਧਿਕਾਰੀ ਮਹਿੰਦਰ ਸਿੰਘ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ ਤੇ ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ।

ਕੌਮਾਂਤਰੀ ਪ੍ਰਸਿੱਧੀ ਹਾਸਲ ਕਬੱਡੀ ਕੁਮੈਂਟੇਟਰ ਸੁਰਜੀਤ ਸਿੰਘ ਕਕਰਾਲੀ, ਅਮਰੀਕ ਘੁਮਾਣਾ, ਕ੍ਰਿਸ਼ਨ ਬਦੇਸ਼ਾ ਅਤੇ ਸ਼ਿਵ ਜੋਧੇ ਨੇ ਆਪਣੇ ਜੋਸ਼ੀਲੇ ਅੰਦਾਜ਼ ਵਿੱਚ ਕੁਮੈਂਟਰੀ ਕਰ ਕੇ ਪੂਰਾ ਦਿਨ ਰੰਗ ਬੰਨ੍ਹੀ ਰੱਖਿਆ। ਰਾਮਾ ਨਿਓਆ, ਬਿੱਟੂ ਲਾਟੋਂ, ਦਲਜੀਤ ਲੱਲ ਕਲਾਂ, ਸੰਦੀਪ ਬਟਾਲਾ ਅਤੇ ਰਣਜੀਤ ਸਾਂਤਪੁਰ ਨੇ ਰੈਫਰੀ ਦੀ ਡਿਊਟੀ ਨਿਭਾਈ।

ਇਸ ਮੌਕੇ ਹਰਮਨ ਖੱਟੜਾ, ਸਿਮਰ ਖੱਟੜਾ, ਦਿਲਬਰ ਖੱਟੜਾ, ਪਰਮਿੰਦਰ ਖੱਟੜਾ ਤੇ ਮਨੀ ਖੱਟੜਾ ਵੀ ਹਾਜ਼ਰ ਸਨ।

Written By
The Punjab Wire