ਗੁਰਦਾਸਪੁਰ, 11 ਫਰਵਰੀ (ਮੰਨਣ ਸੈਣੀ)। ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਤੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੇ ਚਲਦਿਆਂ ਅੱਜ ਹਲਕਾ ਵਿਧਾਇਕ ਨੇ ਸ਼ਹਿਰ ਦੇ ਪਿੰਡ ਹਰਦੋਬਠਵਾਲਾ, ਵਰਸੋਲਾ, ਸਲੇਮਪੁਰ ਅਫਗਾਨਾ, ਕ੍ਰਿਸਚੀਅਨ ਕਲੋਨੀ ਹਯਾਤਨਗਰ, ਵਾਰਡ ਨੰਬਰ 20 ਕਾਦਰੀ ਮੁਹੱਲਾ ਅਤੇ ਵਾਰਡ ਨੰਬਰ 5 ਅੰਬੇਡਕਰ ਨਗਰ ਵਿੱਚ ਚੋਣ ਮੀਟਿੰਗਾਂ ਕੀਤੀਆਂ।
ਵੱਖ-ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਪਾਹੜਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਹਿਰ ਦੇ ਨਾਲ-ਨਾਲ ਦਿਹਾਤੀ ਖੇਤਰ ਵਿਚ ਵੀ ਭਾਰੀ ਸਮਰਥਨ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਜਿੰਨੇ ਵਿਕਾਸ ਕਾਰਜ ਹਲਕੇ ਢੰਗ ਨਾਲ ਕਰਵਾਏ ਗਏ ਹਨ, ਓਨੇ ਵਿਕਾਸ ਕਾਰਜ ਪਿਛਲੀ ਸਰਕਾਰ ਦੇ ਸਮੇਂ ਵਿੱਚ ਵੀ ਨਹੀਂ ਹੋਏ। ਇਹੀ ਕਾਰਨ ਹੈ ਕਿ ਲੋਕਾਂ ਨੇ ਉਸ ਨੂੰ ਆਪਣਾ ਭਾਰੀ ਸਮਰਥਨ ਦੇ ਕੇ ਇੱਕ ਵਾਰ ਫਿਰ ਤੋਂ ਜੇਤੂ ਬਣਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਘੱਟ ਆਮਦਨ ਵਾਲੇ ਲੋਕਾਂ ਦਾ ਹਮੇਸ਼ਾ ਉਨ੍ਹਾਂ ’ਤੇ ਭਰੋਸਾ ਰਿਹਾ ਹੈ। ਇਸ ਵਾਰ ਵੀ ਹਲਕੇ ਦੇ ਲੋਕ ਉਸ ਦੀ ਜਿੱਤ ‘ਤੇ ਮੋਹਰ ਲਗਾਉਣਗੇ।
ਉਨ੍ਹਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਫੈਸਲਾ ਕੀਤਾ ਸੀ ਕਿ ਉਹ ਇਸ ਪੱਛੜੇ ਸਮਾਜ ਨੂੰ ਵਿਕਾਸ ਪੱਖੋਂ ਅੱਗੇ ਲੈ ਕੇ ਜਾਣਗੇ। ਜਿਸ ਕਾਰਨ ਉਨ੍ਹਾਂ ਨੇ ਵਿਧਾਇਕ ਦਾ ਅਹੁਦਾ ਸੰਭਾਲਣ ਤੋਂ ਬਾਅਦ ਬਿਨਾਂ ਕਿਸੇ ਪੱਖਪਾਤ ਦੇ ਹਲਕੇ ਵਿੱਚ ਵਿਕਾਸ ਕਾਰਜ ਕਰਵਾਏ। ਹਲਕੇ ਵਿੱਚ ਹੋਏ ਵਿਕਾਸ ਕਾਰਜਾਂ ਨੂੰ ਵੇਖ ਕੇ ਵਿਰੋਧੀ ਪਾਰਟੀਆਂ ਕੋਲ ਉਨ੍ਹਾਂ ਖ਼ਿਲਾਫ਼ ਬੋਲਣ ਲਈ ਕੋਈ ਮੁੱਦਾ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਦੁਬਾਰਾ ਜਿੱਤ ਕੇ ਹਲਕਾ ਗੁਰਦਾਸਪੁਰ ਦਾ ਹੋਰ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਅਕਾਲੀ ਅਤੇ ‘ਆਪ’ ਦੇ ਝੂਠੇ ਵਾਅਦਿਆਂ ਵਿੱਚ ਫਸਣ ਵਾਲੇ ਨਹੀਂ ਹਨ ਅਤੇ ਇਨ੍ਹਾਂ ਪਾਰਟੀਆਂ ਦੀ ਚੋਣਾਂ ਤੋਂ ਬਾਅਦ ਪੰਜਾਬ ਵਿੱਚੋਂ ਹੋਂਦ ਹਮੇਸ਼ਾ ਲਈ ਮਿਟ ਜਾਵੇਗੀ।