ਗੁਰਦਾਸਪੁਰ, 11 ਫਰਵਰੀ। ਗੁਰਦਾਸਪੁਰ ਦੇ ਵਾਰਡ ਨੰਬਰ 3 ਵਿੱਚ ਅਕਾਲੀ-ਬਸਪਾ ਗੱਠਜੋੜ ਦੀਆਂ ਸਾਂਝੀ ਮੀਟਿੰਗ ਹੋਈ । ਗੱਠਜੋੜ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਇਸ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੋਟਰ 20 ਫਰਵਰੀ ਨੂੰ ਚੋਣਾਂ ਦੇ ਦਿਨ ਬੇਸਬਰੀ ਨਾਲ ਤੱਕੜੀ ਦੇ ਚੋਣ ਨਿਸ਼ਾਨ ਨੂੰ ਦੱਬਣ ਲਈ ਉਡੀਕ ਕਰ ਰਹੇ ਹਨ । ਕਾਂਗਰਸ ਪਹਿਲਾਂ ਤੋਂ ਹੀ ਆਪਣੀ ਹਾਰ ਮੰਨ ਚੁੱਕੀ ਹੈ ਅਤੇ ਆਮ ਆਦਮੀ ਪਾਰਟੀ ਦਾ ਦੋਗਲਾਪਣ ਵੀ ਲੋਕਾਂ ਵਿੱਚ ਜੱਗ ਜ਼ਾਹਿਰ ਹੋ ਚੁੱਕਿਆ ਹੈ । ਪੰਜਾਬ ਦੇ ਸੁਲਝੇ ਵੋਟਰ ਅਕਾਲੀ ਦਲ ਦੇ ਸਮਰਥਨ ਵਿੱਚ ਲਗਾਤਾਰ ਖੁੱਲ੍ਹ ਕੇ ਮੈਦਾਨ ਵਿੱਚ ਆ ਰਹੇ ਹਨ । ਭਾਵੇਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਸਾਹਮਣੇ ਲਿਆਂਦੇ ਜਾ ਚੁੱਕੇ ਹਨ ਪਰ ਲੋਕਾਂ ਦੀ ਪਹਿਲੀ ਪਸੰਦ ਸੁਖਬੀਰ ਸਿੰਘ ਬਾਦਲ ਹੀ ਹਨ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਾਲਤ ਏਨੀ ਤਰਸਯੋਗ ਹੈ ਕਿ ਆਮ ਆਦਮੀ ਦੇ ਮੁੱਖ ਮੰਤਰੀ ਵਜੋਂ ਪੇਸ਼ ਕੀਤੇ ਉਮੀਦਵਾਰ ਦੀ ਮਦਦ ਲਈ ਦਿੱਲੀ ਤੋਂ ਕੇਜਰੀਵਾਲ ਦੇ ਟੱਬਰ ਨੂੰ ਆਉਣਾ ਪਿਆ ਹੈ । ਹਕੀਕਤ ਇਹ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਬੈਠ ਕੇ ਪੰਜਾਬ ਵਿੱਚ ਸਰਕਾਰ ਚਲਾਉਣ ਦੇ ਸੁਪਨੇ ਲੈ ਰਹੀ ਹੈ ਜੋ ਕਦੀ ਵੀ ਪੂਰੇ ਨਹੀਂ ਹੋ ਸਕਦੇ ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ ਮਗਰੋਂ ਸੂਬੇ ਅੰਦਰ ਵਿਕਾਸ ਦੇ ਕੰਮ ਜ਼ੋਰਦਾਰ ਢੰਗ ਨਾਲ ਅਰੰਭੇ ਜਾਣਗੇ ਅਤੇ ਹਰ ਵਰਗ ਦੇ ਹਿਤਾਂ ਨੂੰ ਧਿਆਨ ਵਿੱਚ ਫ਼ੈਸਲੇ ਲਏ ਜਾਣਗੇ । ਇਸ ਮੌਕੇ ਅਕਾਲੀ ਦਲ ਦੇ ਸਾਬਕਾ ਕੌਂਸਲਰ ਜਤਿੰਦਰ ਸਿੰਘ ਪੱਪਾ, ਵਿਸ਼ਾਲ ਕੁਮਾਰ, ਨਿਸ਼ਾਨ ਸਿੰਘ, ਸ਼ੇਰ ਸਿੰਘ, ਬੂਟਾ ਪ੍ਰਧਾਨ, ਅਮਿਤ ਹੰਸ ਆਦਿ ਵੀ ਮੌਜੂਦ ਸਨ ।