ਹੋਰ ਗੁਰਦਾਸਪੁਰ ਪੰਜਾਬ ਰਾਜਨੀਤੀ

ਲੋਧੀਨੰਗਲ ਨੂੰ ਵੋਟ ਪਾਉਣੀ ਆਪਣੀ ਵੋਟ ਖੂਹ ਵਿੱਚ ਸੁੱਟਣ ਦੇ ਬਰਾਬਰ : ਤ੍ਰਿਪਤ ਬਾਜਵਾ

ਲੋਧੀਨੰਗਲ ਨੂੰ ਵੋਟ ਪਾਉਣੀ ਆਪਣੀ ਵੋਟ ਖੂਹ ਵਿੱਚ ਸੁੱਟਣ ਦੇ ਬਰਾਬਰ : ਤ੍ਰਿਪਤ ਬਾਜਵਾ
  • PublishedFebruary 10, 2022

ਪੰਜਾਬ ਦੇ ਪਾਣੀਆਂ ਅਤੇ ਸਰਮਾਏ ਨੂੰ ਲੁੱਟਣ ’ਤੇ ਹੈ ਕੇਜਰੀਵਾਲ ਦੀ ਅੱਖ

ਫ਼ਤਹਿਗੜ੍ਹ ਚੂੜੀਆਂ ਹਲਕੇ ਦਾ ਕੀਤਾ ਗਿਆ ਸਰਬਪੱਖੀ ਵਿਕਾਸ

ਬਟਾਲਾ, 10 ਫਰਵਰੀ – ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਤੀਸਰੀ ਵਾਰ ਚੋਣ ਲੜ ਰਹੇ ਪੰਜਾਬ ਦੇ ਸੀਨੀਅਰ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਪਿੰਡ ਹਰਦੋਝੰਡੇ ਅਤੇ ਅਹਿਮਦਾਬਾਦ ਵਿਖੇ ਹੋਈਆਂ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਨੂੰ ਵੋਟ ਪਾਉਣੀ ਆਪਣੀ ਵੋਟ ਖੂਹ ਵਿੱਚ ਸੁੱਟਣ ਦੇ ਬਰਾਬਰ ਹੋਵੇਗੀ ਕਿਉਂਕਿ ਇਹ ਗੱਲ ਪੰਜਾਬ ਦੇ ਬੱਚੇ-ਬੱਚੇ ਦੀ ਜ਼ੁਬਾਨ ਉੱਤੇ ਹੈ ਕਿ ਸੂਬੇ ਵਿੱਚ ਅਗਲੀ ਸਰਕਾਰ ਵੀ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਹੀ ਬਣੇਗੀ।

ਸ. ਬਾਜਵਾ ਨੇ ਕਿਹਾ ਕਿ ਹੁਣ ਤੱਕ ਜਿਨੇ ਵੀ ਚੋਣ ਸਰਵੇਖਣ ਸਾਹਮਣੇ ਆਏ ਹਨ ਸਾਰਿਆਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੇ ਪੰਜਾਬ ਵਿੱਚੋਂ ਕਰੀਬ 15 ਸੀਟਾਂ ਹੀ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਬਟਾਲਾ ਤੋਂ ਜਿੱਤ ਕੇ ਲੋਧੀਨੰਗਲ ਵੱਲੋਂ ਹਲਕੇ ਦਾ ਸਰਬਪੱਖੀ ਵਿਕਾਸ ਕਰਾਉਣਾ ਤਾਂ ਦੂਰ ਦੀ ਗੱਲ ਸੀ ਉਹ ਬਟਾਲਾ ਸ਼ਹਿਰ ਅਤੇ ਹਲਕੇ ਦੇ ਕਿਸੇ ਪਿੰਡ ਵਿੱਚ ਇੱਕ ਇੱਟ ਵੀ ਨਹੀਂ ਲਗਵਾ ਸਕਿਆ। ਸ. ਬਾਜਵਾ ਨੇ ਕਿਹਾ ਕਿ ਜੇ ਖੁਦਾ-ਨਾ-ਖਾਸਤਾ ਲੋਧੀਨੰਗਲ ਇਸ ਹਲਕੇ ਵਿੱਚੋਂ ਜਿੱਤ ਜਾਂਦਾ ਹੈ ਤਾਂ ਫ਼ਤਹਿਗੜ੍ਹ ਚੂੜੀਆਂ ਹਲਕੇ ਦਾ ਵਿਕਾਸ ਵੀ ਪੰਜ ਸਾਲ ਲਈ ਪਿੱਛੇ ਪੈ ਜਾਵੇਗਾ।

ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਤੇ ਸਿੱਖ ਵਿਰੋਧੀ ਅਰਵਿੰਦ ਕੇਜਰੀਵਾਲ ਦੀ ਦੋਮੂੰਹੀ ਸਿਆਸਤ ਤੋਂ ਵੀ ਚੌਕਸ ਰਹਿਣ ਦੀ ਲੋੜ ਹੈ, ਕਿਉਂਕਿ ਕਾਰਪੋਰੇਟ ਜਗਤ ਦੇ ਇਸ ਏਜੰਟ ਦੀ ਅੱਖ ਪੰਜਾਬ ਦੇ ਸਰੋਤ ਖਾਸ ਕਰਕੇ ਦਰਿਆਈ ਪਾਣੀਆਂ ਦੀ ਲੁੱਟ ਉੱਤੇ ਟਿਕੀ ਹੋਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਦਰਿਆਵਾਂ ਵਿਚੋਂ ਦਿੱਲੀ ਤੇ ਹਰਿਆਣੇ ਨੂੰ ਪਾਣੀ ਦੇਣ ਲਈ ਕੇਸ ਕੀਤਾ ਹੋਇਆ ਹੈ ਜਿਸਦੀ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਖਤ ਕਾਨੂੰਨੀ ਪੈਰਵੀ ਕੀਤੀ ਜਾ ਰਹੀ ਹੈ। ਪਰ ਜੇ ਕਿਤੇ ਪੰਜਾਬ ਵਿੱਚ ਕੇਜਰੀਵਾਲ ਦੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਵਾਲੀ ਕੋਈ ਧਿਰ ਨਹੀਂ ਰਹੇਗੀ ਅਤੇ ਫਿਰ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਸਰਮਾਏ ਨੂੰ ਕੋਈ ਨਹੀਂ ਬਚਾ ਸਕੇਗਾ।

ਸ. ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਪਹਿਲੀ ਵਾਰ ਇੱਕ ਦਲਿਤ ਆਗੂ ਨੂੰ ਮੁੱਖ ਮੰਤਰੀ ਬਣਾ ਕੇ ਸਿਆਸੀ ਇਨਕਲਾਬ ਲਿਆਂਦਾ ਹੈ, ਇਹ ਹੁਣ ਪੰਜਾਬ ਦੇ ਲੋਕਾਂ ਦੇ ਹੱਥ ਵਿੱਚ ਹੈ ਕਿ ਉਨ੍ਹਾਂ ਨੇ ਇਸ ਇਨਕਲਾਬ ਨੂੰ ਬਰਕਰਾਰ ਰੱਖਣਾ ਹੈ ਜਾਂ ਨਹੀਂ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਪੰਜਾਬ ਦੇ ਸੂਝਵਾਨ ਲੋਕ 111 ਦਿਨਾਂ ਦੇ ਥੋੜੇ ਸਮੇਂ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਦੇ ਸਦਕਾ ਮੁੜ ਚਰਨਜੀਤ ਸਿੰਘ ਚੰਨੀ ਨੂੰ ਹੀ ਸੂਬੇ ਦਾ ਮੁੱਖ ਮੰਤਰੀ ਬਣਾਉਣਗੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਅਕਾਲੀ ਪਾਰਟੀ ਮੁੜ ਸੱਤਾ ਵਿੱਚ ਆਵੇ ਜਿਸ ਦੇ 10 ਸਾਲਾਂ ਦੇ ਰਾਜ ਦੌਰਾਨ ਪੰਜਾਬ ਦੀ ਹਰ ਪੱਖੋਂ ਦੁਰਗਤੀ ਹੋਈ ਸੀ।

ਸ. ਬਾਜਵਾ ਨੇ ਪਿਛਲੇ ਪੰਜ ਸਾਲ ਦੌਰਾਨ ਹਲਕੇ ਦਾ ਸਰਬਪੱਖੀ ਵਿਕਾਸ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਇਸ ਅਰਸੇ ਦੌਰਾਨ ਹਲਕੇ ਦੇ ਤਕਰੀਬਨ ਸਾਰੇ ਸਕੂਲਾਂ ਦੀਆਂ ਇਮਾਰਤਾਂ ਨਵੀਂ ਬਣਾਈਆਂ ਗਈਆਂ, ਪਿੰਡਾਂ ਵਿੱਚ ਸੀਵਰੇਜ ਪਾਏ ਗਏ ਅਤੇ ਸੀਚੇਵਾਲ ਮਾਡਲ ਤਹਿਤ ਪਿੰਡਾਂ ਦੇ ਛੱਪੜਾਂ ਦਾ ਨਵੀਨੀਕਰਨ ਕੀਤਾ ਗਿਆ। ਉਨ੍ਹਾਂ ਇਲਾਕੇ ਵਿੱਚ ਬਣਾਈਆਂ ਸੜਕਾਂ, ਪੁੱਲਾਂ ਅਤੇ ਕਾਲਾ ਅਫ਼ਗਾਨਾ ਵਿਖੇ ਬਣਾਏ ਨਵੇਂ ਸਪੋਰਟਸ ਕਾਲਜ ਅਤੇ ਪਿੰਡ ਮਰੜ ਵਿੱਚ ਬਣਾਏ ਆਸਟਰੋਟਰਫ ਵਾਲਾ ਆਧੁਨਿਕ ਹਾਕੀ ਸਟੇਡੀਅਮ ਬਣਾਉਣ ਦਾ ਵਿਸ਼ੇਸ਼ ਜਿਕਰ ਕੀਤਾ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਮੁੜ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਵੀ ਵਿਕਾਸ ਕਾਰਜ ਅਧੂਰੇ ਰਹਿ ਗਏ ਹਨ ਉਨ੍ਹਾਂ ਨੂੰ ਅਗਲੀ ਵਾਲ ਪਹਿਲ ਦੇ ਅਧਾਰ ’ਤੇ ਮੁਕੰਮਲ ਕੀਤਾ ਜਾਵੇਗਾ।

Written By
The Punjab Wire