ਅੰਮ੍ਰਿਤਸਰ: 29 ਜਨਵਰੀ । ਭਾਰਤੀ ਜਨਤਾ ਪਾਰਟੀ ਵੱਲੋਂ ਅੰਮ੍ਰਿਤਸਰ (ਪੂਰਬੀ) ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਸਾਬਕਾ ਆਈ.ਏ.ਐਸ. ਜਗਮੋਹਨ ਸਿੰਘ ਰਾਜੂ ਨੇ ਚੰਡੀਗੜ੍ਹ ਸਥਿਤ ਭਾਜਪਾ ਦੇ ਪੰਜਾਬ ਹੈੱਡਕੁਆਰਟਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਪੰਜਾਬ ਦੀ ਆਰਥਿਕ ਅਤੇ ਸਮਾਜਿਕ ਖੇਤਰ ਵਿੱਚ ਬਰਬਾਦ ਕਰ ਦਿੱਤਾ ਹੈI ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾ ‘ਤੇ ਕਾਬਜ਼ ਸਿਆਸੀ ਪਾਰਟੀਆਂ ਨੇ ਸੂਬੇ ਨੂੰ ਅਜਿਹੇ ਖਸਤਾ ਹਾਲਤ ਕਰ ਦਿੱਤੀ ਹੈ ਕਿ ਪੰਜਾਬ ਸਰਕਾਰ ਕੋਲ ਭਾਰਤ ਸਰਕਾਰ ਤੋਂ 60-65 ਫੀਸਦੀ ਫੰਡ ਲੈਣ ਦੀ ਵੀ ਸਮਰੱਥਾ ਨਹੀਂ ਹੈ। ਭਾਰਤ ਸਰਕਾਰ ਵੱਲੋਂ 60-65 ਫ਼ੀਸਦੀ ਫੰਡ ਸੂਬਿਆਂ ਨੂੰ ਦਿੱਤੇ ਜਾਂਦੇ ਹਨ, ਜਦੋਂ ਕਿ 33 ਫ਼ੀਸਦੀ ਫੰਡ ਸੂਬਾ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ। ਪਰ ਪੰਜਾਬ ਕੋਲ ਕਦੇ ਵੀ 33 ਫੀਸਦੀ ਫੰਡ ਨਹੀਂ ਸਨ। ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਜਦੋਂ ਉਹ ਭਾਰਤ ਸਰਕਾਰ ਵਿੱਚ ਸੰਯੁਕਤ ਸਕੱਤਰ ਸਨ, ਉਸ ਸਮੇਂ ਵੀ ਪੰਜਾਬ ਕੋਲ 33 ਫੀਸਦੀ ਫੰਡ ਨਹੀਂ ਸਨ।
ਜਗਮੋਹਨ ਸਿੰਘ ਰਾਜੂ ਨੇ ਦੱਸਿਆ ਕਿ ਸਾਲ 1985 ਵਿੱਚ ਪੰਜਾਬ ਔਸਤ ਆਮਦਨ ਵਿੱਚ ਨੰਬਰ-1 ‘ਤੇ ਸੀ। ਪਰ ਸਾਲ 2021 ਤੱਕ ਤਾਮਿਲਨਾਡੂ ਨੰਬਰ-1 ‘ਤੇ ਪੁੱਜ ਗਿਆ ਹੈ, ਜਦਕਿ ਪੰਜਾਬ ਸਰਕਾਰ ਕਰਜ਼ੇ ‘ਚ ਡੁੱਬੀ ਹੋਈ ਹੈ। ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਪੰਜਾਬ ਸਿਰ ਇਸ ਵੇਲੇ 2.81 ਕਰੋੜ ਰੁਪਏ ਦਾ ਕਰਜ਼ਾ ਹੈ।
ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਸਰਹੱਦੀ ਪੰਜਾਬ ਦੀ ਸੁਰੱਖਿਆ ਅਤੇ ਵਿਕਾਸ ਲਈ ਗੰਭੀਰ ਰਾਜਨੀਤੀ ਦੀ ਲੋੜ ਹੈ, ਜੋ ਭਾਜਪਾ ਹੀ ਦੇ ਸਕਦੀ ਹੈ। ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਉਹ ਦੋ ਸਾਲ ਪਹਿਲਾਂ ਨੌਕਰੀ ਛੱਡ ਕੇ ਪੰਜਾਬ ਦੀ ਸੇਵਾ ਕਰਨ ਲਈ ਰਾਜਨੀਤੀ ਵਿੱਚ ਆਏ ਹਨ। ਇਸ ਮੌਕੇ ਜਗਮੋਹਨ ਸਿੰਘ ਰਾਜੂ ਨਾਲ ਪੰਜਾਬ ਮਾਮਲਿਆਂ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ, ਦਿੱਲੀ ਤੋਂ ਸੰਸਦ ਮੈਂਬਰ ਮੀਨਾਕਸ਼ੀ ਲੇਖੀ, ਸੂਬਾਈ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਤੇ ਹੋਰ ਆਗੂ ਵੀ ਹਾਜ਼ਰ ਸਨI