ਗੁਰਦਾਸਪੁਰ ਹਲਕੇ ਦੇ ਲਗਭਗ ਸਾਰੇ ਪਾਰਟੀ ਦੇ ਉਮੀਦਵਾਰਾਂ ਦਾ ਰਿਹਾ ਕਾਂਗਰਸ ਨਾਲ ਗੂੜਾ ਰਿਸ਼ਤਾ
ਤਾਣੇਆਂ ਨਾਲ ਬਟਾਲਾ ਅਤੇ ਗੁਰਦਾਸਪੁਰ ਦੇ ਪੁਰਾਣੇ ਭਾਜਪਾ ਵਰਕਰਾ ਵਿੱਚ ਨਿਰਾਸ਼ਾ
ਗੁਰਦਾਸਪੁਰ, 27 ਜਨਵਰੀ (ਮੰਨਣ ਸੈਣੀ) ਹਲਕਾ ਗੁਰਦਾਸਪੁਰ ਵਿੱਚ ਇਸ ਵਾਰ ਉਹ ਉਮੀਦਵਾਰ ਆਪਸ ਵਿੱਚ ਮੁਕਾਬਲਾ ਕਰ ਰਹੇ ਹਨ ਜਿਹਨਾਂ ਨੇ ਕਦੇ ਕਾਂਗਰਸ ਦਾ ਝੰਡਾ ਆਪ ਬੁਲੰਦ ਕੀਤਾ ਸੀ। ਜਿਸ ਕਾਰਨ ਇਸ ਹਲਕੇ ਦੀ ਸਿਆਸਤ ਕਾਫੀ ਦਿਲਚਸਪ ਹੋ ਗਈ ਹੈ ਅਤੇ ਪੱਲ ਪੱਲ ਹਵਾ ਦਾ ਰੁੱਖ ਬਦਲ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਕੋਈ ਵੀ ਉਮੀਦਵਾਰ ਕਿਸੇ ਇੱਕ ਪਾਰਟੀ ਦਾ ਵਫ਼ਾਦਾਰ ਸਿਪਾਹੀ ਨਹੀਂ ਰਿਹਾ। ਜਿਸ ‘ਤੇ ਲੋਕ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਹਿੰਦੂ ਵੋਟ ਬੈਂਕ ਦੀ ਰਾਜਨੀਤੀ ਕਰਨ ਵਾਲੀ ਭਾਜਪਾ ਵੱਲੋ ਜ਼ਿਲ੍ਹੇ ਦੀਆਂ ਦੋ ਵੱਡੀਆਂ ਹਿੰਦੂ ਵੋਟ ਪ੍ਰਭਾਵਿਤ ਸੀਟਾਂ ਤੋਂ ਕੋਈ ਵੀ ਹਿੰਦੂ ਉਮੀਦਵਾਰ ਨਾ ਮਿਲਣ ’ਤੇ ਵੀ ਤਾਅਨੇ ਮੀਹਨੇਂ ਮਾਰੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਕਾਂਗਰਸ ਵੱਲੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਅਕਾਲੀ ਦਲ ਵੱਲੋਂ ਗੁਰਬਚਨ ਸਿੰਘ ਬੱਬੇਹਾਲੀ, ਆਮ ਆਦਮੀ ਪਾਰਟੀ ਵੱਲੋਂ ਰਮਨ ਬਹਿਲ ਅਤੇ ਭਾਜਪਾ ਵੱਲੋਂ ਪਰਮਿੰਦਰ ਸਿੰਘ ਗਿੱਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਉਪਰੋਕਤ ਸਾਰੇ ਉਮੀਦਵਾਰਾਂ ਵਿੱਚੋਂ ਇੱਕ ਵੀ ਉਮੀਦਵਾਰ ਅਜਿਹਾ ਨਹੀਂ ਹੈ ਜੋ ਇੱਕੋ ਪਾਰਟੀ ਦਾ ਮਿਹਨਤੀ ਸਿਪਾਹੀ ਰਿਹਾ ਹੋਵੇ, ਕਾਰਨ ਚਾਹੇ ਜੋਂ ਵੀ ਰਹੇ ਹੋਣ ਸਭ ਨੇ ਸਿਆਸਤ ਕਰਕੇ ਕਿਸੇ ਨਾ ਕਿਸੇ ਮੋੜ ‘ਤੇ ਪਾਰਟੀ ਬਦਲ ਲਈ ਹੈ, ਜਿਸ ਦਾ ਲਾਭ ਦੇ ਪਾਤਰ ਵੀ ਉਹ ਬਣੇ ਹਨ।
ਕਾਂਗਰਸ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਬਰਿੰਦਰਮੀਤ ਪਾਹੜਾ ਦੀ ਗੱਲ ਕਰਿਏ ਤਾਂ ਪਿਛਲੇ ਸਮੇਂ ਵਿਚ ਉਹ ਅਕਾਲੀ ਦਲ ਦੇ ਸਿਪਾਹੀ ਸਨ ਅਤੇ ਉਨ੍ਹਾਂ ਦੇ ਦਾਦਾ ਕਰਤਾਰ ਸਿੰਘ ਪਾਹੜਾ 1997 ਵਿਚ ਅਕਾਲੀ ਦਲ ਦੇ ਗੁਰਦਾਸਪੁਰ ਤੋਂ ਵਿਧਾਇਕ ਸਨ ਅਤੇ ਬਾਅਦ ਵਿਚ ਕੁੱਝ ਕਾਰਨਾ ਕਰਕੇ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ ਅਤੇ 2017 ਵਿਚ ਕਾਂਗਰਸ ਤੋਂ ਜਿੱਤੇ ਅਤੇ ਇਸ ਵਾਰ ਫਿਰ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੇ ਹਨ।
ਅਕਾਲੀ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਜੋ ਕਿ ਸਾਬਕਾ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਵੀ ਰਹੇ ਹਨ, ਪਿਛਲੇ ਸਮੇਂ ਵਿੱਚ ਕਾਂਗਰਸੀ ਸਨ। 2007 ਵਿੱਚ ਉਨ੍ਹਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਪਹਿਲੀ ਵਾਰ ਚੋਣ ਲੜੀ ਅਤੇ 2012 ਦੀਆਂ ਚੋਣਾਂ ਵੀ ਜਿੱਤੀਆਂ ਅਤੇ ਦੂਜੀ ਵਾਰ 2017 ਵਿੱਚ ਚੋਣ ਹਾਰ ਗਏ। ਇਸ ਵਾਰ ਫਿਰ ਉਹ ਅਕਾਲੀ ਦਲ ਤੋਂ ਚੋਣ ਲੜ ਰਹੇ ਹਨ।
ਸੱਭ ਤੋਂ ਤਾਜ਼ਾ ਦਲ ਬਦਲਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਬਹਿਲ ਨੇ ਜਿਹਨਾਂ ਕੁਝ ਕੂ ਮਹਿਨੇ ਪਹਿਲਾ ਕਾਂਗਰਸ ਦਾ ਹੱਥ ਛੱਡ ਕੇ ਆਮ ਆਦਮੀ ਦਾ ਝਾੜੂ ਫੜ ਲਿਆ ਹੈ। ਰਮਨ ਬਹਿਲ ਕੈਪਟਨ ਸਰਕਾਰ ਵਿੱਚ ਐਸਐਸਐਸ ਬੋਰਡ ਦੇ ਚੇਅਰਮੈਨ ਸਨ। ਉਨ੍ਹਾਂ ਦੇ ਪਿਤਾ ਖੁਸ਼ਹਾਲ ਬਹਿਲ ਕਾਂਗਰਸ ਸਰਕਾਰ ਦੇ ਸੀਨੀਅਰ ਮੰਤਰੀਆਂ ਵਿੱਚੋਂ ਇੱਕ ਸਨ ਅਤੇ ਕਈ ਵਾਰ ਵਿਧਾਇਕ ਰਹੇ। ਪਰ ਇਸ ਵਾਰ ਉਨ੍ਹਾਂ ਨੇ ਕਾਂਗਰਸ ਵਿੱਚ ਆਪਣੀ ਦਾਲ ਨਾ ਗੱਲਦੀ ਦੇਖ ਕੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਹੈ।
ਇਸ ਦੇ ਨਾਲ ਹੀ ਭਾਜਪਾ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਪਰਮਿੰਦਰ ਸਿੰਘ ਗਿੱਲ ਹਨ। ਜੋ ਕਿ ਇਸ ਸਮੇਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵੀ ਹਨ ਅਤੇ ਪਹਿਲੇ ਕਾਂਗਰਸ ਦੇ ਸਿਪਾਹੀ ਸਨ। ਗਿੱਲ ਭਾਜਪਾ ਦਾ ਝੰਡਾ ਚੁੱਕਣ ਤੋਂ ਪਹਿਲਾਂ ਕਾਂਗਰਸ ਦਾ ਝੰਡਾ ਬੁਲੰਦ ਕਰਦੇ ਰਹੇ ਹਨ। ਜਿਸ ਨੂੰ ਭਾਜਪਾ ਵੱਲੋਂ ਇਸ ਵਾਰ ਚੋਣ ਦੰਗਲ ਵਿੱਚ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਸਾਰੇ ਉਮੀਦਵਾਰਾਂ ਦੇ ਕਾਂਗਰਸ ਨਾਲ ਪੁਰਾਣੇ ਸਬੰਧਾਂ ਅਤੇ ਮੌਜੂਦਾ ਹਾਲਾਤਾਂ ਕਾਰਨ ਲੋਕ ਮਜ਼ਾਕ ਉਡਾ ਰਹੇ ਹਨ ਕਿ ਇਸ ਵਾਰ ਹਰੇਕ ਪਾਰਟੀ ਨੂੰ ਕਾਂਗਰਸ ਦਾ ਕਰਜਦਾਰ ਹੋਣਾ ਚਾਹਿਦਾ ਅਤੇ ਅੱਜ ਪੁਰਾਣਾ ਕਾਂਗਰਸਿਆ ਦੀ ਆਪਸ ਵਿੱਚ ਟੱਕਰ ਹੈ।
ਇਸ ਦੇ ਨਾਲ ਹੀ ਭਾਜਪਾ ਵਰਕਰਾਂ ਨੂੰ ਇੱਕ ਵੱਡੇ ਮੀਹਣੇ ਦਾ ਸ਼ਿਕਾਰ ਹੋਣਾ ਪੈ ਰਿਹਾ ਕਿ ਹਿੰਦੂਆਂ ਦੀ ਪਾਰਟੀ ਕਹਾਉਣ ਵਾਲੀ ਭਾਜਪਾ ਨੇ ਉਨ੍ਹਾਂ ਦੋ ਹਲਕਿਆ ਤੋਂ ਆਪਣਾ ਹਿੰਦੂ ਉਮੀਦਵਾਰ ਨਹੀਂ ਉਤਾਰਿਆ ਜਿੱਥੇ ਹਿੰਦੂਆਂ ਦੀ ਸਭ ਤੋਂ ਵੱਧ ਵੋਟ ਹੈ। ਜਿਸ ਵਿੱਚ ਗੁਰਦਾਸਪੁਰ ਅਤੇ ਬਟਾਲਾ ਸ਼ਾਮਲ ਹਨ। ਦੱਸ ਦੇਈਏ ਕਿ ਬਟਾਲਾ ਤੋਂ ਵੀ ਫਤਿਹਜੰਗ ਸਿੰਘ ਬਾਜਵਾ ਨੂੰ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਟਿਕਟ ਦਿੱਤੀ ਗਈ ਹੈ। ਬਟਾਲਾ ਅਤੇ ਗੁਰਦਾਸਪੁਰ ਦੋਵੇਂ ਹੀ ਹਿੰਦੂ ਵੋਟ ਬੈਂਕ ਦਾ ਆਧਾਰ ਹਨ ਪਰ ਇਨ੍ਹਾਂ ਦੋਵਾਂ ਖੇਤਰਾਂ ਵਿਚ ਪੁਰਾਣੇ ਮਿਹਨਤੀ ਹਿੰਦੂ ਵਰਕਰਾਂ ਨੂੰ ਛੱਡ ਕੇ ਸਿੱਖ ਚਿਹਰਿਆਂ ਨੂੰ ਥਾਂ ਮਿਲੀ ਹੈ। ਜਿਸ ਕਾਰਨ ਮੀਹਣੇਆ ਦੇ ਚਲਦੇ ਭਾਜਪਾ ਦੇ ਪੁਰਾਣੇ ਵਰਕਰ ਨਿਰਾਸ਼ਾ ਦੇ ਆਲਮ ਵਿੱਚ ਹਨ।