ਪੰਜਾਬ ‘ਚ ਆਮ ਆਦਮੀ ਪਾਰਟੀ (ਆਪ) ਨੇ ਰਸਮੀ ਤੌਰ ‘ਤੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੋਹਾਲੀ ਪਹੁੰਚ ਕੇ ਭਗਵੰਤ ਮਾਨ ਦੇ ਨਾਂ ਦਾ ਐਲਾਨ ਕੀਤਾ। ‘ਆਪ’ ਨੇ ਮੁੱਖ ਮੰਤਰੀ ਉਮੀਦਵਾਰ ਦੀ ਚੋਣ ਲਈ ਮੋਬਾਈਲ ਨੰਬਰ ਜਾਰੀ ਕਰਕੇ ਲੋਕਾਂ ਤੋਂ ਰਾਏ ਮੰਗੀ ਸੀ। 3 ਦਿਨਾਂ ‘ਚ 21.59 ਲੱਖ ਲੋਕਾਂ ਨੇ ਆਪਣੀ ਰਾਏ ਦਿੱਤੀ। 15 ਲੱਖ ਦੇ ਕਰੀਬ ਲੋਕਾਂ ਨੇ ਭਗਵੰਤ ਮਾਨ ਦਾ ਨਾਂ ਲਿਆ ਹੈ। ਇਸ ਨਤੀਜੇ ਦੇ ਨਾਲ ਹੀ ਕੇਜਰੀਵਾਲ ਨੇ ਭਗਵੰਤ ਮਾਨ ਦੇ ਨਾਂ ਦਾ ਐਲਾਨ ਕਰ ਦਿੱਤਾ।
ਅਰਵਿੰਦ ਕੇਜਰੀਵਾਲ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਪੰਜਾਬ ਵਿੱਚ ਮੁੱਖ ਮੰਤਰੀ ਦੀ ਦੌੜ ਵਿੱਚ ਨਹੀਂ ਹਨ। ਪੰਜਾਬ ਦਾ ਮੁੱਖ ਮੰਤਰੀ ਚਿਹਰਾ ਸਿੱਖ ਕੌਮ ਦਾ ਹੋਵੇਗਾ। 2017 ‘ਚ ‘ਆਪ’ ਨੂੰ ਇਸ ਗੱਲ ਦਾ ਵੱਡਾ ਝਟਕਾ ਲੱਗਾ ਕਿ ਮੁੱਖ ਮੰਤਰੀ ਦਾ ਚਿਹਰਾ ਸਿੱਖ ਭਾਈਚਾਰੇ ‘ਚੋਂ ਨਹੀਂ ਸੀ। ਵਿਰੋਧੀਆਂ ਨੇ ਕਿਹਾ ਕਿ ਬਾਹਰੋਂ ਕੋਈ ਮੁੱਖ ਮੰਤਰੀ ਬਣ ਸਕਦਾ ਹੈ, ਜਿਸ ਕਾਰਨ ਪੰਜਾਬੀ ‘ਆਪ’ ਤੋਂ ਦੂਰ ਹੁੰਦੇ ਜਾ ਰਹੇ ਹਨ।