ਮਾਝਾ ਬ੍ਰਿਗੇਡ ਨੂੰ ਮਿਲੀ ਸਰਦਾਰੀ, ਬਲਵਿੰਦਰ ਲਾਡੀ ਨੂੰ ਭਾਜਪਾ ਵਿੱਚ ਸ਼ਾਮਲ ਹੋ ਕੇ ਯੂ ਟਰਨ ਲੈਣਾ ਪਿਆ ਮਹਿੰਗਾ
ਪ੍ਰਤਾਪ ਸਿੰਘ ਬਾਜਵਾ ਨੇ ਜਿੱਥੇ ਉਂਗਲ ਰੱਖੀ ਹਾਈਕਮਾਡ਼ ਨੇ ਉੱਥੋਂ ਹੀ ਦਿੱਤੀ ਟਿਕਟ
ਗੁਰਦਾਸਪੁਰ, 15 ਜਨਵਰੀ (ਮੰਨਣ ਸੈਣੀ)। ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦੇ ਸੱਤ ਹਲਕਿਆਂ ਵਿੱਚੋਂ ਕਾਂਗਰਸ ਹਾਈਕਮਾਂਡ ਨੇ ਬਟਾਲਾ ਸੀਟ ਨੂੰ ਛੱਡ ਕੇ ਬਾਕੀ ਸਾਰੇ ਛੇ ਹਲਕਿਆਂ ਤੋਂ ਪਾਰਟੀ ਦੇ ਹੈਵੀਵੇਟ ਉਮੀਦਵਾਰ ਮੈਦਾਨ ਵਿੱਚ ਉਤਾਰ ਕੇ ਉਹਨਾਂ ਤੇ ਭਰੋਸਾ ਜਤਾਇਆ ਹੈ। ਟਿਕਟਾਂ ਹਾਸਲ ਕਰਨ ਵਾਲਿਆਂ ਵਿੱਚ ਪੰਜਾਬ ਦੇ ਉਪ ਮੁੱਖਮੰਤਰੀ, ਦੋ ਮੰਤਰੀਆਂ, ਰਾਜ ਸਭਾ ਦੇ ਸਾਂਸਦ, ਮੌਜੂਦਾ ਵਿਧਾਇਕ ਸ਼ਾਮਿਲ ਹੈ। ਹਾਲਾਕਿ ਪਾਰਟੀ ਹਾਈਕਮਾਨ ਵੱਲੋਂ ਇਕ ਮੌਜੂਦਾ ਵਿਧਾਇਕ ਦੀ ਟਿਕਟ ਕੱਟ ਕੇ ਉਥੋਂ ਦੇ ਇੱਕ ਪਿੰਡ ਦੇ ਸਰਪੰਚ ’ਤੇ ਦਾਅ ਖੇਡਿਆ ਗਿਆ ਹੈ।
2022 ਦੇ ਚੋਣ ਦੰਗਲ ਵਿੱਚ ਜਿਹੜੇ ਯੋਧਿਆਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ, ਉਨ੍ਹਾਂ ਵਿੱਚ ਮਾਝਾ ਬ੍ਰਿਗੇਡ ਦੇ ਉਹ ਸਾਰੇ ਮਹਰਥੀ ਆਗੂ ਸ਼ਾਮਲ ਹਨ, ਜਿਨ੍ਹਾਂ ਦੀ ਰਣਨੀਤੀ ਅਤੇ ਯੋਗਦਾਨ ਸਦਕਾ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਤੋਂ ਹੱਥ ਧੋਣਾ ਪਿਆ। ਜਿਸ ‘ਚ ਮੁੱਖ ਤੌਰ ‘ਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਨੂੰ ਡੇਰਾ ਬਾਬਾ ਨਾਨਕ ਤੋਂ ਹੀ ਮੁੜ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ | ਦੂਜੇ ਪਾਸੇ ਵਿਧਾਇਕ ਤੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਉਨ੍ਹਾਂ ਦੇ ਪਿਛਲੇ ਹਲਕੇ ਫਤਿਹਗੜ੍ਹ ਚੂੜੀਆਂ ਤੋਂ ਮੁੜ ਟਿਕਟ ਦਿੱਤੀ ਗਈ ਹੈ। ਇਸੇ ਧੜੇ ਦੇ ਮੋਹਰੀ ਮੈਂਬਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਵੀ ਉਹਨਾਂ ਦੇ ਆਪਣੇ ਗੜ੍ਹ ਗੁਰਦਾਸਪੁਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਇਸ ਦੇ ਨਾਲ ਹੀ ਦੀਨਾਨਗਰ ਇਲਾਕੇ ਤੋਂ ਮੌਜੂਦਾ ਵਿਧਾਇਕ ਤੇ ਮੰਤਰੀ ਅਰੁਣਾ ਚੌਧਰੀ ‘ਤੇ ਮੁੜ ਭਰੋਸਾ ਜਤਾਉਂਦਿਆ ਹੋਏ ਉਨ੍ਹਾਂ ਨੂੰ ਚੋਣ ਦੰਗਲ ‘ਚ ਉਤਾਰਿਆ ਗਿਆ ਹੈ। ਅਰੁਣਾ ਚੌਧਰੀ ਦਾ ਇਲਾਕੇ ਵਿੱਚ ਚੰਗਾ ਆਧਾਰ ਹੈ ਅਤੇ ਉਹ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਸ਼ਤੇਦਾਰ ਵੀ ਹਨ।
ਦੂਜੇ ਪਾਸੇ ਹਲਕਾ ਤੋ ਲੈਕੇ ਪੰਜਾਬ ਅਤੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਚੰਗੀ ਪਕੜ ਰੱਖਣ ਵਾਲੇ, ਮਾਝਾ ਬ੍ਰਿਗੇਡ ਦੇ ਮੈਂਬਰਾਂ ਦੇ ਵਿਰੋਧੀ ਵਜੋਂ ਜਾਣੇ ਜਾਂਦੇ ਰਾਜ ਸਭਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੂੰ ਪਾਰਟੀ ਵੱਲੋ ਜਿੱਥੇ ਉਹਨਾਂ ਉੰਗਲ ਰੱਥੀ ਉੱਥੋ ਟਿਕਟ ਦੇ ਕੇ ਉਹਨਾਂ ਦਾ ਮਾਨ ਵਧਾਇਆ ਹੈ। ਹਾਲਾਂਕਿ, ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ, ਜੋ ਕਿ ਕਾਦੀਆਂ ਦੇ ਮੌਜੂਦਾ ਵਿਧਾਇਕ ਵੀ ਹਨ, ਇਸ ਫੈਸਲੇ ਨੂੰ ਸਵੀਕਾਰ ਨਹੀਂ ਕਰ ਸਕੇ ਅਤੇ ਉਹਨਾਂ ਪਹਿਲਾਂ ਹੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਣਾ ਮੁਨਾਸਿਬ ਸਮਝਿਆ।
ਇਸ ਦੇ ਨਾਲ ਹੀ ਸ੍ਰੀ ਹਰਗੋਬਿੰਦਪੁਰ ਤੋਂ ਪਾਰਟੀ ਦੇ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਟਿਕਟ ਕੱਟ ਦਿੱਤੀ ਗਈ ਹੈ। ਕਿਉਂਕਿ ਉਹ ਹਾਲ ਹੀ ਵਿੱਚ ਪਾਰਟੀ ਛੱਡ ਕੇ ਫਤਿਹਜੰਗ ਸਿੰਘ ਬਾਜਵਾ ਨਾਲ ਭਾਜਪਾ ਵਿੱਚ ਚਲੇ ਗਏ ਸਨ। ਪਰ ਬਾਅਦ ‘ਚ ਕੁਝ ਕਾਰਨਾਂ ਕਰਕੇ ਉਹ ਯੂ-ਟਰਨ ਲੈ ਕੇ ਕਾਂਗਰਸ ‘ਚ ਵਾਪਸ ਆ ਗਏ। ਜਿਸ ਦਾ ਪਾਰਟੀ ਨੇ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਦੀ ਟਿਕਟ ਕੱਟ ਕੇ ਪਿੰਡ ਰੰਗੜ ਨੰਗਲ ਦੇ ਸਰਪੰਚ ਮਨਦੀਪ ਸਿੰਘ ਰੰਗੜ ਨੰਗਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਪਰ ਕਾਂਗਰਸ ਹਾਈਕਮਾਨ ਵੱਲੋ ਹਾਲੇ ਬਟਾਲਾ ਦੀ ਸੀਟ ਉੱਤੇ ਪੇਂਚ ਫਸਿਆ ਹੋਇਆ ਹੈ। ਜਿਸ ਕਾਰਨ ਇਥੋ ਹਾਲੇ ਉਮੀਦਵਾਰ ਨਹੀਂ ਐਲਾਨਿਆ ਗਿਆ।