ਗੁਰਦਾਸਪੁਰ, 6 ਜਨਵਰੀ (ਮੰਨਣ ਸੈਣੀ)। ਕਾਂਗਰਸ ਵੱਲੋਂ ਪਹਿਲੇ ਪੰਜ ਸਾਲ ਕੋਈ ਕੰਮ ਨਹੀਂ ਕੀਤਾ ਗਿਆ ਅਤੇ ਹੁਣ ਸਰਕਾਰ ਜਾਂਦੀ ਵੇਖ ਧਾਰਮਿਕ ਸਥਾਨਾਂ ਅਤੇ ਹੋਰ ਕੰਮਾਂ ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਜਦੋਂ ਕਿ ਉਨ੍ਹਾਂ ਦੇ ਵੇਲੇ ਪਿੰਡਾਂ ਵਿੱਚ ਲਗਾਤਾਰ ਕੰਮ ਚਲਦੇ ਸਨ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਪਿੰਡ ਤਿਬੜ ਵਿਚ ਹੋਈ ਨੁਕੜ ਮੀਟਿੰਗ ਵਿੱਚ ਬੋਲਦੇ ਹੋਏ ਕਿਹੇ। ਇਹ ਮੀਟਿੰਗ ਅਕਾਲੀ ਆਗੂ ਕੁਲਵਿੰਦਰ ਸਿੰਘ ਅਤੇ ਮਾਸਟਰ ਆਤਮਾ ਸਿੰਘ ਵੱਲੋਂ ਕਰਵਾਈ ਗਈ।
ਬੱਬੇਹਾਲੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਝੂਠ ਬੋਲ ਕੇ ਸੱਤਾ ਹਾਸਲ ਕੀਤੀ ਸੀ। ਪਰ ਸਰਕਾਰ ਬਣਨ ਤੋਂ ਬਾਅਦ ਪੰਜ ਸਾਲ ਕੁਝ ਨਹੀਂ ਕੀਤਾ। ਹੁਣ ਜਦੋਂ ਕਾਂਗਰਸੀਆਂ ਨੂੰ ਆਪਣੀ ਸਰਕਾਰ ਜਾਂਦੀ ਦਿਖ ਰਹੀ ਹੈ ਪਿੰਡਾਂ ਵਿਚ ਵਿਕਾਸ ਕੰਮਾਂ ਦੀ ਯਾਦ ਆਉਣ ਲੱਗ ਪਈ ਹੈ। ਬੱਬੇਹਾਲੀ ਨੇ ਕਿਹਾ ਕਿ ਪੰਜ ਸਾਲ ਤੱਕ ਐਮਐਲਏ ਵੱਲੋਂ ਸਰਪੰਚਾਂ ਕੋਲੋਂ ਧੱਕੇ ਨਾਲ ਚੈਕ ਸਾਈਨ ਕਰਵਾ ਕੇ ਆਪਣੇ ਠੇਕੇਦਾਰਾਂ ਤੋਂ ਕੰਮ ਕਰਵਾਏ ਗਏ। ਸਰਪੰਚ ਦੀਆਂ ਚੋਣਾਂ ਵਿਚ ਲੋਕਾਂ ਨੂੰ ਧੱਕੇ ਨਾਲ ਸਰਪੰਚ ਬਣਾਇਆ ਗਿਆ। ਲੋਕਾਂ ਤੋਂ ਉਨ੍ਹਾਂ ਦਾ ਵੋਟ ਪਾਉਣ ਦਾ ਅਧਿਕਾਰ ਖੋਹਿਆ ਗਿਆ।
ਜਿਸ ਦਾ ਸਬਕ ਸਿਖਾਉਣ ਲਈ ਲੋਕ ਹੁਣ 2022 ਦੀਆਂ ਚੋਣਾਂ ਦਾ ਇੰਤਜਾਰ ਕਰ ਰਹੇ ਹਨ। ਬੱਬੇਹਾਲੀ ਨੇ ਕਿਹਾ ਕਿ ਇਕ ਵਾਰ ਤਾਂ ਕਾਂਗਰਸ ਦਾ ਝੂਠ ਚਲ ਗਿਆ ਪਰ ਦੂਸਰੀ ਵਾਰ ਨਹੀਂ ਚੱਲੇਗਾ। ਇਸ ਮੌਕੇ ਤੇ ਸਾਬਕਾ ਸੰਮਤੀ ਮੈਂਬਰ ਹਰਮੇਸ਼ ਪਾਲ ਬਿਟੂ, ਸੰਜੀਵ ਕੁਮਾਰ, ਸੁਖਵਿੰਦਰ ਸਿੰਘ, ਹਰਦੀਪ ਸਿੰਘ, ਕੁਲਵਿੰਦਰ ਸਿੰਘ, ਤਰਲੋਕ ਸਿੰਘ, ਅਜੇ ਮਸੀਹ, ਸੰਦੀਪ ਮਸੀਹ ਅਤੇ ਸੁਖਵਿੰਦਰ ਹਾਜ਼ਰ ਸਨ।