ਕਿਹਾ-ਸੇਖੜੀ ਦੀ ਟਿਕਟ ਪੱਕੀ, ਬਿਨਾਂ ਨਾਮ ਲਏ ਕਿਹਾ ਕਿ ਆਪਣਾ ਹਲਕਾ ਨਹੀਂ ਸੰਭਾਲ ਸੱਕਦੇ ਤੇ ਪਾ ਲਵੋ ਚੂੜੀਆਂ
ਤ੍ਰਿਪਤ ਬਾਜਵਾ ਦਾ ਕਹਿਣਾ ਚੰਡੀਗੜ ਮੀਟਿੰਗ ਕਰਨ ਤੋਂ ਬਾਅਦ ਕਰਣਗੇ ਆਪਣਾ ਸਟੈਂਡ ਸਪਸ਼ਟ
ਜਿਲ੍ਹੇ ਦਾ ਇੱਕ ਵੀ ਵੱਡਾ ਨੇਤਾ ਨਹੀਂ ਹੋਇਆ ਰੈਲੀ ਵਿੱਚ ਸ਼ਾਮਿਲ, ਆਪਣੇ ਡਫਲੀ ਆਪਣਾ ਰਾਗ ਅਲਾਪਦੇ ਰਹੇ ਸਿੱਧੂ
ਬਟਾਲਾ( ਗੁਰਦਾਸਪੁਰ ), 26 ਦਿਸੰਬਰ (ਮੰਨਣ ਸੈਣੀ)। ਬਟਾਲਾ ਹਲਕੇ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਸ਼ਵਨੀ ਸੇਖੜੀ ਦੇ ਹੱਕ ਵਿੱਚ ਰੈਲੀ ਕੀਤੀ। ਪਰ ਇਸ ਰੈਲੀ ਵਿੱਚ ਵੀ ਉਹਨਾਂ ਦੇ ਬੋਲ ਵਿਗੜੇ ਹੀ ਨਜਰ ਆਏ ਅਤੇ ਉਹਨਾਂ ਕਾਂਗਰਸ ਦੇ ਮੰਤਰੀ ਤ੍ਰਿਪਤ ਸਿੰਘ ਬਾਜਵਾ ਦਾ ਨਾਮ ਲਏ ਬਿਣਾ ਉਹਨਾਂ ਤੇ ਹੀ ਨਿਸ਼ਾਨਾ ਸਾਧੇ ਰੱਖਿਆ। ਸਿੱਧੂ ਨੇ ਇੱਥੋ ਤੱਕ ਕਹਿ ਦਿੱਤਾ ਕਿ ਜੋ ਆਪਣਾ ਹਲਕਾ ਨਹੀ ਸੰਭਾਲ ਸੱਕਦੇ ਉਹ ਚੂੜੀਆਂ ਪਾ ਲਵੋਂ। ਸਿੱਧੂ ਦੇ ਬਿਗੜੇ ਬੋਲਾਂ ਨਾਲ ਇਕ ਪਾਸੇ ਜਿੱਥੇ ਪੁਲਿਸ ਨਾਰਾਜ ਦਿੱਖੀ ਉੱਥੇ ਹੀ ਕਾਂਗਰਸ ਦੇ ਕਈ ਵੱਡੇ ਚੇਹਰੇ ਵੀ ਸਿੱਧੂ ਨੇ ਆਪਣੇ ਖਿਲਾਫ਼ ਕਰ ਲਏ। ਇਸ ਸੰਬੰਧੀ ਜੱਦ ਤ੍ਰਿਪਤ ਸਿੰਘ ਬਾਜਵਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕੀ ਉਹ ਕੱਲ ਚੰਡੀਗੜ ਜਾ ਰਹੇ ਹਨ ਅਤੇ ਉੱਥੇ ਜਾ ਕੇ ਹੀ ਗੱਲ ਕਰਨ ਤੋਂ ਬਾਅਦ ਹੀ ਕੋਈ ਪ੍ਰਤਿਕ੍ਰਿਰਿਆ ਦੇਣਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬਾਜਵਾ ਬੇਹਦ ਨਾਰਾਜ ਦਿੱਖ ਰਹੇ ਸਨ।
ਕਾਂਗਰਸੀ ਆਗੂ ਅਸ਼ਵਨੀ ਸੇਖੜੀ ਦੇ ਨੱਕ ਦਾ ਸਵਾਲ ਬਣੀ ਵਿਧਾਨ ਸਭਾ ਹਲਕਾ ਬਟਾਲਾ ਦੀ ਟਿਕਟ ਨੂੰ ਲੈ ਕੇ , ਅੱਜ ਨਵਜੋਤ ਸਿੰਘ ਸਿੱਧੂ ਵੱਲੋ ਦੀ ਰੈਲੀ ਰੱਖੀ ਗਈ। ਬੇਸ਼ਕ ਇਹ ਰੈਲੀ ਸਫ਼ਲ ਕਹੀ ਜਾ ਰਹੀ ਹੈ। ਪਰ ਇਸ ਰੈਲੀ ਵਿੱਚ ਪੰਜਾਬ ਦੇ ਪ੍ਰਧਾਨ ਤੋਂ ਸਿਵਾਏ ਹੋਰ ਕੋਈ ਵੱਡਾ ਆਗੂ ਨਹੀਂ ਪੁੱਜਿਆ। ਪ੍ਰਤਾਪ ਬਾਜਵਾ, ਤ੍ਰਿਪਤ ਬਾਜਵਾ ਅਤੇ ਉਪ ਮੁੱਖ ਮੰਤਰੀ ਸੁੱਖਜਿੰਦਰ ਸਿੰਘ ਰੰਧਾਵਾ ਸਮੇਤ ਕੋਈ ਵੀ ਵੱਡਾ ਆਗੂ ਇਸ ਰੈਲੀ ਵਿੱਚ ਨਹੀਂ ਪੁੱਜਿਆ, ਓਥੇ ਉਨ੍ਹਾਂ ਦੇ ਸਮਰਥਕਾਂ ਨੇ ਵੀ ਰੈਲੀ ਤੋਂ ਦੂਰੀ ਹੀ ਬਣਾਈ ਰੱਖੀ।
ਹਾਂ ਏਨਾ ਜਰੂਰ ਹੈ,ਕਿ ਸਭ ਦੇ ਵਿਰੋਧ ਦੇ ਬਾਵਜੂਦ ਸੇਖੜੀ ਧੜਾ ਰੈਲੀ ਵਿੱਚ ਭੀੜ ਜੁਟਾਉਣ ‘ਚ ਕਾਮਯਾਬ ਰਿਹਾ, ਤੇ ਉਹ ਵੀ ਨਿਰੋਲ ਬਟਾਲਾ ਹਲਕੇ ਦੀ, ਜਿਸ ਵਿਚ ਉਨ੍ਹਾਂ ਦੇ ਪੁੱਤਰ ਅਭਿਨਵ ਸੇਖੜੀ ਅਤੇ ਉਸਦੇ ਸਾਥੀਆਂ ਦਾ ਵੱਡਾ ਰੋਲ ਰਿਹਾ। ਸੇਖੜੀ ਧੜੇ ਵੱਲੋਂ ਰੈਲੀ ਤੋਂ ਠੀਕ ਪਹਿਲਾਂ ਇਹ ਦਾਅਵਾ ਕੀਤਾ ਗਿਆ ਸੀ, ਕਿ 26 ਦੀ ਰੈਲੀ ਵਿਚ ਤ੍ਰਿਪਤ ਧੜੇ ਨਾਲ ਸਬੰਧਤ 14 ਦੇ ਕਰੀਬ ਕੌਂਸਲਰ ਆਉਣਗੇ, ਚਾਹੇ ਅੱਜ 14 ਕੌਂਸਲਰ ਤਾਂ ਨਹੀਂ ਆਏ, ਲੇਕਿਨ ਤ੍ਰਿਪਤ ਧੜੇ ਦੇ 2-3 ਕੌਂਸਲਰਾਂ ਦਾ ਆਉਣਾ ਹੀ ਸੇਖੜੀ ਧੜੇ ਲਈ ਬੜੀ ਵੱਡੀ ਗੱਲ ਹੈ ,ਕਿਉਂਕਿ ਟਿਕਟ ਮਿਲਣ ਤੋਂ ਪਹਿਲਾਂ ਹੀ ਜੇਕਰ ਸੇਖੜੀ ਧੜਾ, ਤ੍ਰਿਪਤ ਧੜੇ ਨੂੰ ਤੋੜਨ ‘ਚ ਕਾਮਯਾਬ ਰਿਹਾ ਹੈ,ਤਾਂ ਟਿਕਟ ਮਿਲਣ ਤੋਂ ਬਾਅਦ ਹੋਰਨਾਂ ਦੇ ਟੁੱਟਣ ਦੀ ਆਸ ਵੀ ਬੱਜ ਸਕਦੀ ਹੈ।
ਇਥੇ ਨਵਜੋਤ ਸਿੰਘ ਸਿੱਧੂ ਨੇ ਪੂਰੀ ਤਰਾ ਗਰਜਦੇ ਹੋਏ, ਜਿੱਥੇ ਮਜੀਠੀਆ ਤੇ ਵੱਡੇ ਹਮਲੇ ਕਰਕੇ ਕਿਹਾ,ਕਿ ਉਹ ਹੁਣ ਪੁਲਿਸ ਦੇ ਡਰੋਂ ਲੁਕਿਆ ਬੈਠਾ ਹੈ,ਪਰ ਮੈਂ ਉਸ ਦੀ ਗ੍ਰਿਫਤਾਰੀ ਤੱਕ ਚੁੱਪ ਨਹੀਂ ਬੈਠਾਗਾ,ਉਥੇ ਨਾਲ ਹੀ ਸੇਖੜੀ ਦੀ ਟਿਕਟ ਜ਼ੁਬਾਨ ਦਿੱਤੀ ਅਤੇ ਕਿਹਾ ਕੇ ਬਟਾਲੇ ਵਿਚ ਪੈਰਾਸ਼ੂਟ ਰਾਹੀਂ ਉਮੀਦਵਾਰ ਨਹੀਂ ਆਉਣ ਦਿੱਤਾ ਜਾਵੇਗਾ। ਉਨ੍ਹਾਂ ਤ੍ਰਿਪਤ ਬਾਜਵਾ ਦਾ ਨਾਂ ਲਏ ਬਿਨਾਂ ਕਿਹਾ,ਕਿ ਜਿਹੜਾ ਆਪਣਾ ਹਲਕਾ ਛੱਡਕੇ ਬਟਾਲੇ ਆਉਣਾ ਚਾਹੁੰਦਾ ਹੈ, ਮਾਮਾਂ ਉਸ ਹਲਕੇ ਨੂੰ ਕੋਣ ਸਾਂਭੂ ਅਤੇ ਹਲਕੇ ਦੇ ਲੋਕ ਕਿੱਥੇ ਜਾਣਗੇ।
ਸਿੱਧੂ ਨੇ ਇੱਥੇ ਸੇਖੜੀ ਦੀ ਡੱਟ ਕੇ ਹਮਾਇਤ ਕੀਤੀ ਅਤੇ ਅਵਾਮ ਨੂੰ ਉਨ੍ਹਾਂ ਦੇ ਹੱਕ ਵਿਚ ਭੁਗਤਣ ਲਈ ਪ੍ਰੇਰਿਆ। ਉਨ੍ਹਾਂ ਆਖਿਰ ‘ਚ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਬੋਲੇ ਸੋ ਨਿਹਾਲ, ਬਜਰੰਗ ਬਲੀ ਅਤੇ ਹਲੇ-ਲੁਈਆ ਦੇ ਨਾਅਰੇ ਵੀ ਆਵਾਮ ਕੋਲੋਂ ਲਗਵਾਏ।
ਨਵਜੋਤ ਸਿੰਘ ਸਿੱਧੂ ਵੱਲ਼ੋ ਕਈ ਵਾਰ ਬੱਸ ਆਪਣੇ ਹੀ ਸ਼ੋਲੋ ਗਾਏ ਗਏ। ਜਿਸ ਤੋਂ ਲੱਗਦਾ ਹੈ ਕਿ ਸਿੱਧੂ ਮੁੱਖ ਮੰਤਰੀ ਦੀ ਕੁਰਸੀ ਹਰ ਹਾਲਤ ਵਿਚ ਹਥਿਆਉਣਾ ਚਾਹੁੰਦੇ ਹਨ, ਸ਼ਾਇਦ ਏਸੇ ਲਈ ਉਨ੍ਹਾਂ ਨੇ ਰੈਲੀ ‘ਚ ਆਪਣੇ ਭਾਸ਼ਣ ਦੌਰਾਨ ਵਾਰ-ਵਾਰ ਅਸਿੱਧੇ ਤੌਰ ਤੇ ਖੁਦ ਨੂੰ ਮੁਖ ਮੰਤਰੀ ਬਣਾਉਣ ਦੀ ਗੱਲ ਆਖੀ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ,ਕਿ ਸਿੱਧੂ ਸੇਖੜੀ ਦੇ ਹੱਕ ‘ਚ ਕਸੀਦੇ ਤਾਂ ਬਹੁਤ ਪੜ੍ਹ ਗਏ ਹਨ,ਲੇਕਿਨ ਟਿਕਟ ਮਿਲਣ ਵੇਲੇ ਸੇਖੜੀ ਦੇ ਹੱਕ ਵਿਚ ਕਿੰਨਾ ਕੁ ਭੁਗਤਦੇ ਹਨ। ਵੈਸੇ ਜਾਣਕਾਰ ਇਹ ਵੀ ਮੰਨ ਰਹੇ ਹਨ,ਕਿ ਸਿੱਧੂ ਕਾਂਗਰਸ ਜਾਂ ਸਾਥੀਆਂ ਲਈ ਹੀ ਨਹੀ,ਆਮ ਲੋਕਾਂ ਦੀ ਵੀ ਸਮਝ ਤੋਂ ਬਾਹਰ ਹੁੰਦੇ ਹੋਏ,ਵੱਡੀ ਬੁਝਾਰਤ ਬਣ ਗਏ ਹਨ,ਕਿਉਂਕਿ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ,ਕਿ ਉਹ ਕਾਂਗਰਸ ਵਿੱਚ ਕਿਸ ਦੇ ਹੱਕ ਅਤੇ ਕਿਸਦੇ ਖਿਲਾਫ਼ ਹਨ,ਅਤੇ ਜ਼ਿਆਦਾਤਰ ਕਾਂਗਰਸੀਆਂ ਦੇ ਇਹ ਵੀ ਸਮਝ ਨਹੀਂ ਆ ਰਿਹਾ,ਕਿ ਸਿੱਧੂ ਦੀ ਬੇੜੀ ਪਾਰਟੀ ਨੂੰ ਡੋਬੂ ਜਾ ਤਾਰੂ।