ਮੁਲਾਜ਼ਮਾਂ ਨੇ ਢੋਲ ਵਜਾ ਕੇ ਮਨਾਈ ਖੁਸ਼ੀ, ਵਿਧਾਇਕ ਪਾਹੜਾ ਦਾ ਕੀਤਾ ਧੰਨਵਾਦ
ਸਫ਼ਾਈ ਕਰਮਚਾਰੀਆਂ ਦੇ ਸਹਿਯੋਗ ਨਾਲ ਗੁਰਦਾਸਪੁਰ ਸ਼ਹਿਰ ਨੂੰ ਬਣਾਇਆ ਗਿਆ ਸਾਫ਼-ਸੁਥਰਾ- ਵਿਧਾਇਕ ਪਾਹੜਾ
ਗੁਰਦਾਸਪੁਰ, 26 ਦਿਸੰਬਰ (ਮੰਨਣ ਸੈਣੀ)। ਨਗਰ ਕੌਂਸਲ ਗੁਰਦਾਸਪੁਰ ਵਿੱਚ ਠੇਕੇਦਾਰ ਦੇ ਤਹਿਤ ਠੇਕੇਦਾਰੀ ਸਿਸਟਮ ’ਤੇ ਕੰਮ ਕਰਦੇ 156 ਸਫ਼ਾਈ ਕਰਮਚਾਰੀਆਂ ਨੂੰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀਆਂ ਕੌਸ਼ਿਸ਼ਾਂ ਸਦਕਾ ਨਗਰ ਕੌਂਸਲ ਦੇ ਠੇਕਾ ਆਧਾਰ ’ਤੇ ਤਬਦੀਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਐਤਵਾਰ ਨੂੰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਨਗਰ ਕੌਾਸਲ ਦਫ਼ਤਰ ਵਿਖੇ ਪਹੁੰਚ ਕੇ ਠੇਕੇ ‘ਤੇ ਬਦਲੇ ਗਏ ਸਫ਼ਾਈ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ | ਇਸ ਮੌਕੇ ਮੁਲਾਜ਼ਮਾਂ ਨੇ ਵਿਧਾਇਕ ਪਾਹੜਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਵੀ ਹਾਜ਼ਰ ਸਨ।
ਇਸ ਦੇ ਨਾਲ ਹੀ ਨਗਰ ਕੌਾਸਲ ਦਫ਼ਤਰ ਦੇ ਸਮਾਗਮ ਦੀ ਸਮਾਪਤੀ ਉਪਰੰਤ ਉਕਤ ਸਫ਼ਾਈ ਕਰਮਚਾਰੀਆਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਹਿਰ ‘ਚ ਢੋਲ ਵਜਾ ਕੇ ਅਤੇ ਇੱਕ ਦੂਜੇ ਨੂੰ ਲੱਡੂ ਖਿਲਾ ਕੇ ਆਪਣਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ | ਉਨ੍ਹਾਂ ਵਿਧਾਇਕ ਪਾਹੜਾ ਦੀ ਰਿਹਾਇਸ਼ ‘ਤੇ ਪੁੱਜ ਕੇ ਪਰਿਵਾਰ ਸਮੇਤ ਵਿਧਾਇਕ ਪਾਹੜਾ ਦਾ ਧੰਨਵਾਦ ਕੀਤਾ |
ਵਿਧਾਇਕ ਪਾਹੜਾ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਨੇ ਉਨ੍ਹਾਂ ਦਾ ਭਰਪੂਰ ਸਾਥ ਦਿੱਤਾ ਹੈ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਸਮੇਂ ਦੌਰਾਨ ਗੁਰਦਾਸਪੁਰ ਸ਼ਹਿਰ ਦੇ ਚਾਰੇ ਪਾਸੇ ਕੂੜੇ ਦੇ ਢੇਰ ਹੀ ਨਜ਼ਰ ਆਉਂਦੇ ਸਨ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਦੀ ਸਰਕਾਰ ਬਣਨ ਨਾਲ ਉਹ ਗੁਰਦਾਸਪੁਰ ਤੋਂ ਵਿਧਾਇਕ ਬਣੇ। ਉਨ੍ਹਾਂ ਨੇ ਸਫਾਈ ਕਰਮਚਾਰੀਆਂ ਦੇ ਸਹਿਯੋਗ ਨਾਲ ਸ਼ਹਿਰ ਨੂੰ ਸਾਫ ਸੁਥਰਾ ਬਣਾਇਆ ਹੈ। ਇਸ ਤੋਂ ਪਹਿਲਾਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ 21 ਡੰਪ ਲੱਗੇ ਹੋਏ ਸਨ। ਹੁਣ ਇੱਕ ਵੀ ਡੰਪ ਨਹੀਂ ਰਹਿਣ ਦਿੱਤਾ ਗਿਆ। ਸਫ਼ਾਈ ਕਰਮਚਾਰੀਆਂ ਵੱਲੋਂ ਘਰ-ਘਰ ਕੂੜਾ ਚੁੱਕਿਆ ਜਾ ਰਿਹਾ ਹੈ। ਉਥੇ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਵੱਲੋਂ ਸ਼ਹਿਰ ਦੀਆਂ ਗਲੀਆਂ-ਨਾਲੀਆਂ ਅਤੇ ਮੁਹੱਲਿਆਂ ਦੀ ਵੀ ਰੋਜ਼ਾਨਾ ਸਫ਼ਾਈ ਕੀਤੀ ਜਾ ਰਹੀ ਹੈ। ਗੁਰਦਾਸਪੁਰ ਸ਼ਹਿਰ ਪਹਿਲਾਂ 3548ਵੇਂ ਨੰਬਰ ‘ਤੇ ਸੀ। ਸ਼ਹਿਰ ਦੀ ਹਾਲਤ ਬਦਲਣ ਤੋਂ ਬਾਅਦ ਹੁਣ ਇਹ 50ਵੇਂ ਰੈਂਕ ‘ਤੇ ਆ ਗਿਆ ਹੈ। ਇਹ ਸਭ ਸਫਾਈ ਕਰਮਚਾਰੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ। ਮੁਲਾਜ਼ਮਾਂ ਦੀ ਮਿਹਨਤ ਨੂੰ ਦੇਖਦਿਆਂ ਉਨ੍ਹਾਂ ਸਰਕਾਰ ਨੂੰ ਸਿਫ਼ਾਰਸ਼ ਕੀਤੀ ਸੀ ਕਿ ਠੇਕੇਦਾਰੀ ਸਿਸਟਮ ’ਤੇ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਨੂੰ ਠੇਕੇ ’ਤੇ ਤਬਦੀਲ ਕੀਤਾ ਜਾਵੇ। ਉਨ੍ਹਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਸਰਕਾਰ ਵੱਲੋਂ ਗੁਰਦਾਸਪੁਰ ਸ਼ਹਿਰ ਦੇ 156 ਸਫ਼ਾਈ ਕਰਮਚਾਰੀਆਂ ਨੂੰ ਠੇਕੇ ‘ਤੇ ਬਦਲ ਦਿੱਤਾ ਗਿਆ ਹੈ। ਇਸ ਕਾਰਨ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵੀ ਵਾਧਾ ਹੋਇਆ ਹੈ। ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।
ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਉਨ੍ਹਾਂ ਦਾ ਫਰਜ਼ ਹੈ। ਸਫ਼ਾਈ ਸੇਵਕਾਂ ਦੇ ਸਹਿਯੋਗ ਨਾਲ ਗੁਰਦਾਸਪੁਰ ਸ਼ਹਿਰ ਨੇ ਰੈਂਕਿੰਗ ਵਿੱਚ ਵੱਡੀ ਛਾਲ ਮਾਰੀ ਹੈ। ਗੁਰਦਾਸਪੁਰ ਸ਼ਹਿਰ ਬਾਕੀ ਸ਼ਹਿਰਾਂ ਨਾਲੋਂ ਬਹੁਤ ਸਾਫ਼ ਹੈ। ਇਹੀ ਕਾਰਨ ਹੈ ਕਿ ਗੁਰਦਾਸਪੁਰ ਨੂੰ 50ਵੇਂ ਰੈਂਕ ‘ਤੇ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਫ਼ਾਈ ਨੂੰ ਬਰਕਰਾਰ ਰੱਖਿਆ ਜਾਵੇਗਾ ਤਾਂ ਜੋ ਗੁਰਦਾਸਪੁਰ ਸ਼ਹਿਰ ਨੂੰ ਰੈਂਕਿੰਗ ਵਿੱਚ ਪਹਿਲੇ ਸਥਾਨ ’ਤੇ ਲਿਆਂਦਾ ਜਾ ਸਕੇ।