ਹੋਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਵਿਕਾਸ ਦੇ ਮੁੱਦਿਆਂ ‘ਤੇ ਬਹਿਸ ਜ਼ਰੂਰੀ, ਸਾਨੂੰ ਨਵਜੋਤ ਸਿੱਧੂ ਦੀ ਚੁਣੌਤੀ ਕਬੂਲ: ਅਰਵਿੰਦ ਕੇਜਰੀਵਾਲ

ਵਿਕਾਸ ਦੇ ਮੁੱਦਿਆਂ ‘ਤੇ ਬਹਿਸ ਜ਼ਰੂਰੀ, ਸਾਨੂੰ ਨਵਜੋਤ ਸਿੱਧੂ ਦੀ ਚੁਣੌਤੀ ਕਬੂਲ: ਅਰਵਿੰਦ ਕੇਜਰੀਵਾਲ
  • PublishedDecember 19, 2021

ਸਿੱਧੂ ਦੱਸਣ, ਭਗਵੰਤ ਮਾਨ ਨਾਲ ਕਦੋਂ ਅਤੇ ਕਿੱਥੇ ਕਰਨਾ ਚਾਹੁੰਦੇ ਹਨ ਬਹਿਸ

-ਕੇਜਰੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ, ਮਾਮਲੇ ਦੀ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਮਿਲੇ

ਚੰਡੀਗੜ੍ਹ, 19 ਦਸੰਬਰ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤੀ ਗਈ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਸਿੱਧੂ ਨੂੰ ਬਹਿਸ ਲਈ ਸਥਾਨ ਅਤੇ ਸਮਾਂ ਤੈਅ ਕਰਨ ਲਈ ਕਿਹਾ ਹੈ।  ਕੇਜਰੀਵਾਲ ਨੇ ਬਹਿਸ ਲਈ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਨਾਂ ਤੈਅ ਕੀਤਾ ਅਤੇ ਸਕਾਰਾਤਮਿਕ ਚਰਚਾ ਦੀ ਉਮੀਦ ਜਤਾਈ।

ਐਤਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ, ‘ਮੈਂ ਨਵਜੋਤ ਸਿੱਧੂ ਵੱਲੋਂ ਦਿੱਤੀ ਗਈ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਚਰਚਾ ਸਕਾਰਾਤਮਿਕ ਅਤੇ ਵਿਕਾਸ ਦੇ ਮੁੱਦੇ ‘ਤੇ ਹੋਵੇਗੀ।’  ਸਿੱਧੂ ਬਹਿਸ ਲਈ ਸਥਾਨ ਅਤੇ ਸਮਾਂ ਤੈਅ ਕਰਨ।  ਉਨ੍ਹਾਂ ਕਿਹਾ ਕਿ ਕਿਉਂਕਿ ਸਿੱਧੂ ਕਾਂਗਰਸ ਦੇ ਸੂਬਾ ਪ੍ਰਧਾਨ ਹਨ, ਇਸ ਲਈ ਸਾਡੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਪੰਜਾਬ ਦੇ ਵਿਕਾਸ ਦੇ ਮੁੱਦੇ ‘ਤੇ ਉਨ੍ਹਾਂ ਨਾਲ ਬਹਿਸ ਕਰਨਗੇ।  ਕਾਂਗਰਸ ਦੀ ਆਲੋਚਨਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਨੂੰ ਪੰਜਾਬ ਦਾ ਵਿਕਾਸ ਕਰਨ ਲਈ 5 ਸਾਲ ਦਾ ਸਮਾਂ ਮਿਲਿਆ ਸੀ ਪਰ ਉਸ ਨੇ ਲੋਕਾਂ ਨਾਲ ਧੋਖਾ ਕੀਤਾ ਅਤੇ ਸਿਰਫ਼ ਬਹਾਨੇ ਬਣਾਏ।

ਅੰਮ੍ਰਿਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦੀ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਹ ਘਟਨਾ ਕਿਸੇ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ।  ਕੁੱਝ ਗ਼ਲਤ ਤਾਕਤਾਂ ਪੰਜਾਬ ਦੀ ਅਮਨ-ਸ਼ਾਂਤੀ ਨੂੰ ਖ਼ਰਾਬ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ।  ਉਨ੍ਹਾਂ ਇਸ ਘਟਨਾ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਜੇਕਰ ਪਿਛਲੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਗਈਆਂ ਹੁੰਦੀਆਂ ਤਾਂ ਕੋਈ ਵੀ ਵਿਅਕਤੀ ਮੁੜ ਅਜਿਹੀ ਵਾਰਦਾਤ ਕਰਨ ਦੀ ਹਿੰਮਤ ਨਾ ਕਰਦਾ।  ਮੈਂ ਆਸ ਕਰਦਾ ਹਾਂ ਕਿ ਜਿਨ੍ਹਾਂ ਦੋਸ਼ੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਲਈ ਭੇਜਿਆ ਸੀ, ਪੁਲਿਸ ਜਲਦ ਤੋਂ ਜਲਦ ਉਨ੍ਹਾਂ ਤੱਕ ਪਹੁੰਚ ਕਰੇਗੀ ਅਤੇ ਸਾਰੇ ਸਾਜਸਿਕਾਰਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਵੇਗੀ।

Written By
The Punjab Wire