ਪੰਜਾਬ ਰਾਜਨੀਤੀ

ਸਾਡਾ ਉਦੇਸ਼ ਸਰਕਾਰ ਬਣਾਉਣਾ ਹੈ, ਨਾ ਕਿ ਸਿਰਫ ਕਾਂਗਰਸ ਨੂੰ ਹਰਾਉਣਾ: ਕੈਪਟਨ ਅਮਰਿੰਦਰ

ਸਾਡਾ ਉਦੇਸ਼ ਸਰਕਾਰ ਬਣਾਉਣਾ ਹੈ, ਨਾ ਕਿ ਸਿਰਫ ਕਾਂਗਰਸ ਨੂੰ ਹਰਾਉਣਾ: ਕੈਪਟਨ ਅਮਰਿੰਦਰ
  • PublishedDecember 14, 2021

ਚੰਡੀਗੜ੍ਹ, 14 ਦਸੰਬਰ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਮਿਸ਼ਨ ਪੰਜਾਬ ਵਿੱਚ ਅਗਲੀ ਸਰਕਾਰ ਬਣਾਉਣਾ ਹੈ, ਨਾ ਕਿ ਸਿਰਫ ਕਾਂਗਰਸ ਨੂੰ ਹਰਾਉਣਾ।ਇਸ ਲੜੀ ਹੇਠ ਇਕ ਸਾਬਕਾ ਐਮ.ਪੀ ਤੇ ਕੁਝ ਸਾਬਕਾ ਵਿਧਾਇਕਾਂ ਨੂੰ ਅੱਜ ਇੱਥੇ ਪਾਰਟੀ ਚ ਸ਼ਾਮਲ ਕਰਨ ਤੋਂ ਬਾਅਦ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਸੂਬੇ ਭਰ ਵਿਚ ਲੋਕਾਂ ਤੋਂ ਮਿਲ ਰਹੇ ਉਤਸ਼ਾਹ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਤਿੰਨੇ ਸਿਆਸੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਕਈ ਮੌਜੂਦਾ ਅਤੇ ਸਾਬਕਾ ਵਿਧਾਇਕ ਪੰਜਾਬ ਲੋਕ ਕਾਂਗਰਸ ਚ ਸ਼ਾਮਲ ਹੋਣਗੇ। ਜਿਨ੍ਹਾਂ ਨੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਜਲਦੀ ਹੀ ਅਜਿਹਾ ਇੱਕ ਸਮਾਰੋਹ ਰੱਖਾਂਗੇ, ਲੇਕਿਨ ਉਹ ਵੱਡੇ ਪੱਧਰ ਦਾ ਹੋਵੇਗਾ। ਜਿਸ ਵਿਚ ਕਈ ਆਗੂ ਸਾਡੇ ਵਿੱਚ ਸ਼ਾਮਲ ਹੋਣਗੇ।

ਇਸ ਮੌਕੇ ਪੰਜਾਬ ਲੋਕ ਕਾਂਗਰਸ ਦੇ ਮਿਸ਼ਨ ਦਾ ਖੁਲਾਸਾ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਇੱਥੇ ਸਿਰਫ਼ ਇਕ ਵਾਰ ਫਿਰ ਤੋਂ ਮੁੱਖ ਮੰਤਰੀ ਬਣਨ ਲਈ ਨਹੀਂ ਆਏ ਹਨ। ਇਸ ਦੌਰਾਨ ਸੂਬੇ ਨੂੰ ਹੁਣ ਪੇਸ਼ ਆ ਰਹੀਆਂ ਕੁਝ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸਿਰਫ਼ ਪੰਜਾਬ ਨੂੰ ਬਚਾਉਣਾ ਨਹੀਂ, ਬਲਕਿ ਇਸਦੇ ਪੁਰਾਣੇ ਸਨਮਾਨ ਨੂੰ ਵੀ ਮੁੜ ਕਾਇਮ ਕਰਨਾ ਹੈ।ਸਾਬਕਾ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਪੰਜਾਬ ਕਰੀਬ 5 ਲੱਖ ਕਰੋੜ ਰੁਪਏ ਦੇ ਭਾਰੀ ਕਰਜ਼ੇ ਹੇਠ ਹੈ, ਜਿਹੜਾ ਸੂਬੇ ਦੀ ਕੁੱਲ ਜੀਡੀਪੀ ਦਾ ਕਰੀਬ 70 ਪ੍ਰਤੀਸ਼ਤ ਬਣਦਾ ਹੈ। ਇਸ ਰਕਮ ਨੂੰ ਚੁਕਾਉਂਦੇ ਹੋਏ ਕਈ ਪੀੜ੍ਹੀਆਂ ਲੱਗ ਜਾਣਗੀਆਂ ਅਤੇ ਇਸ ਲਈ ਤੁਰੰਤ ਸਹੀ ਕਦਮ ਚੁੱਕਣ ਦੀ ਲੋੜ ਹੈ।ਉਨ੍ਹਾਂ ਨੇ ਇਹ ਵੀ ਹੈਰਾਨੀ ਪ੍ਰਗਟਾਈ ਕਿ ਕਿਸ ਤਰੀਕੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕ ਲੁਭਾਵਣੇ ਐਲਾਨ ਕਰੀ ਜਾ ਰਹੇ ਹਨ।

ਸੰਭਾਵਿਤ ਤੌਰ ਤੇ ਉਹ ਜਾਣਦੇ ਹਨ ਕਿ ਕਾਂਗਰਸ ਸੱਤਾ ਚ ਵਾਪਸ ਨਹੀਂ ਆਉਣ ਵਾਲੀ ਅਤੇ ਅਗਲੀ ਸਰਕਾਰ ਨੂੰ ਇਸਦਾ ਬੋਝ ਚੁੱਕਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਜਿਆਦਾ ਸਮੇਂ ਤਕ ਖੇਤੀਬਾੜੀ ਤੇ ਨਿਰਭਰ ਨਹੀਂ ਰਹਿ ਸਕਦਾ ਅਤੇ ਉਸਨੂੰ ਆਧੁਨਿਕ ਇੰਡਸਟਰੀ ਲਈ ਨਿਵੇਸ਼ ਦੀ ਜ਼ਰੂਰਤ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਸਤੰਬਰ 2021 ਤਕ ਇੱਕ ਲੱਖ ਕਰੋੜ ਰੁਪਏ ਪੰਜਾਬ ਵਿੱਚ ਨਿਵੇਸ਼ ਹੋ ਚੁੱਕੇ ਸਨ।ਇਸੇ ਤਰ੍ਹਾਂ ਗੁਆਂਢੀ ਦੇਸ਼ਾਂ ਤੋਂ ਖ਼ਤਰੇ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਰਤ ਕਿਸੇ ਵੀ ਦੇਸ਼ ਨਾ ਦੁਸ਼ਮਣੀ ਨਹੀਂ ਰੱਖਣਾ ਚਾਹੁੰਦਾ। ਉਹ ਵਿਅਕਤੀਗਤ ਤੌਰ ਤੇ ਕਿਸੇ ਵੀ ਪਾਕਿਸਤਾਨੀ ਵਿਅਕਤੀ ਦੇ ਖ਼ਿਲਾਫ਼ ਨਹੀਂ ਹਨ, ਲੇਕਿਨ ਉਨ੍ਹਾਂ ਨੂੰ ਪਾਕਿਸਤਾਨ ਦੀ ਸਰਕਾਰ ਅਤੇ ਉਨ੍ਹਾਂ ਦੀਆਂ ਅੱਤਵਾਦ ਦੀਆਂ ਫੈਕਟਰੀਆਂ ਨਾਲ ਸਮੱਸਿਆ ਹੈ, ਜਿਹੜੇ ਸਾਡੇ ਇੱਥੇ ਅੱਤਵਾਦ ਦਾ ਪ੍ਰਸਾਰ ਕਰਦੇ ਹਨ ਅਤੇ ਦੇਸ਼ ਦੇ ਬਾਰਡਰਾਂ ਤੇ ਸਾਡੇ ਜਵਾਨਾਂ ਦਾ ਕਤਲ ਕਰਦੇ ਹਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਬੀਤੇ ਪੰਜ ਸਾਲਾਂ ਦੌਰਾਨ ਪੰਜਾਬ ਦੇ 83 ਜਵਾਨ ਸ਼ਹੀਦ ਹੋ ਚੁੱਕੇ ਹਨ। ਅਜਿਹੇ ਵਿੱਚ ਤੁਸੀਂ ਦੇਸ਼ ਭਰ ਵਿੱਚ ਹੋਣ ਵਾਲੀਆਂ ਮੌਤਾਂ ਦਾ ਅੰਦਾਜ਼ਾ ਲਗਾਓ।

ਇਨ੍ਹਾਂ ਹਾਲਾਤਾਂ ਵਿੱਚ ਕੋਈ ਵੀ ਅਸਲੀ ਭਾਰਤ ਵਾਸੀ ਇਮਰਾਨ ਖ਼ਾਨ ਅਤੇ ਪਾਕਿਸਤਾਨੀ ਫ਼ੌਜ ਮੁਖੀ ਜਨਰਲ ਕਮਰ ਬਾਜਵਾ ਨੂੰ ਆਪਣਾ ਦੋਸਤ ਨਹੀਂ ਕਹਿ ਸਕਦਾ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਰ੍ਹੇਆਮ ਇਮਰਾਨ ਖ਼ਾਨ ਨੂੰ ਆਪਣਾ ਦੋਸਤ ਦੱਸੇ ਜਾਣ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਇਨ੍ਹਾਂ ਲੋਕਾਂ ਦੇ ਦੋਸਤ ਹੋ, ਤਾਂ ਤੁਸੀਂ ਭਾਰਤ ਦੇ ਸ਼ੁਭ ਚਿੰਤਕ ਨਹੀਂ ਹੋ।ਇਸ ਤਰ੍ਹਾਂ, ਸੂਬੇ ਅੰਦਰ ਦੂਸਰੀਆਂ ਸਿਆਸੀ ਪਾਰਟੀਆਂ ਦੀ ਮਾੜੀ ਹਾਲਤ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਗ੍ਰਹਿ ਯੁੱਧ ਚੱਲ ਰਿਹਾ ਹੈ, ਜਿੱਥੇ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਵੱਖ-ਵੱਖ ਦਿਸ਼ਾਵਾਂ ਵੱਲ ਜਾ ਰਹੇ ਹਨ ਅਤੇ ਵਰਕਰ ਤੇ ਆਗੂ ਇਸ ਗੱਲ ਨੂੰ ਲੈ ਕੇ ਉਲਝਣ ਚ ਹਨ ਕਿ ਉਹ ਕਿਸ ਵੱਲ ਜਾਣ।

ਆਮ ਆਦਮੀ ਪਾਰਟੀ ਬਾਰੇ ਉਨ੍ਹਾਂ ਨੇ ਕਿਹਾ ਕਿ ਇਹ ਗਿਰਾਵਟ ਦੇ ਦੌਰ ਦਾ ਸਾਹਮਣਾ ਕਰ ਰਹੇ ਹਨ। ਇਸਦੇ ਅੱਧੇ ਵਿਧਾਇਕ ਪਹਿਲਾਂ ਹੀ ਪਾਰਟੀ ਛੱਡ ਚੁੱਕੇ ਹਨ ਤੇ ਬਾਕੀ ਛੱਡਣ ਨੂੰ ਤਿਆਰ ਹਨ।ਸ਼੍ਰੋਮਣੀ ਅਕਾਲੀ ਦਲ ਬਾਰੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਕਾਰਜਕਾਲ ਦੌਰਾਨ ਸਾਲ 2015 ਚ ਹੋਈਆਂ ਬੇਅਦਬੀਆਂ ਅਤੇ ਉਨ੍ਹਾਂ ਉੱਪਰ ਕੋਈ ਕਾਰਵਾਈ ਨਾ ਹੋਣ ਕਾਰਨ ਲੋਕਾਂ ਵੱਲੋਂ ਦਿੱਤੀ ਗਈ ਸਜ਼ਾ ਤੋਂ ਬਾਅਦ ਇਹ ਆਪਣੇ ਕਦਮ ਹੀ ਨਹੀਂ ਟਿਕਾਅ ਪਾ ਰਹੇ ਹਨ।ਇਸ ਤੋਂ ਇਲਾਵਾ, ਕਿਸਾਨ ਇਨ੍ਹਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਦਿੱਤੇ ਗਏ ਸਮਰਥਨ ਲਈ ਮੁਆਫ਼ ਨਹੀਂ ਕਰਨ ਵਾਲੇ, ਜਿਹੜੇ ਬਾਅਦ ਵਿੱਚ ਆਪਣੇ ਸਟੈਂਡ ਤੋਂ ਪਿੱਛੇ ਹਟ ਗਏ ਸਨ।ਜਦਕਿ ਆਪਣੀ ਪਾਰਟੀ ਦੀ ਰਣਨੀਤੀ ਬਾਰੇ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਲੋਕ ਕਾਂਗਰਸ ਭਾਜਪਾ ਨਾਲ ਸੀਟਾਂ ਦੀ ਵੰਡ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਸੁਖਦੇਵ ਸਿੰਘ ਢੀਂਡਸਾ ਨਾਲ ਵੀ ਚਰਚਾ ਕਰ ਰਹੀ ਹੈ।

ਉਹ ਉਮੀਦ ਕਰਦੇ ਹਨ ਕਿ ਸੀਟਾਂ ਤੇ ਸਹਿਮਤੀ ਜਲਦ ਹੀ ਬਣ ਜਾਵੇਗੀ ਅਤੇ ਨਵੀਂ ਸਰਕਾਰ ਕਿਸੇ ਵੀ ਕੀਮਤ ਤੇ ਸੂਬੇ ਦੇ ਹਿੱਤਾਂ ਦੀ ਰਾਖੀ ਕਰੇਗੀ।ਇਸ ਤੋਂ ਪਹਿਲਾਂ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਬੇਮਿਸਾਲ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਲੜੀ ਹੇਠ, ਭਾਵੇਂ 1984 ਚ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਪਾਰਟੀ ਅਤੇ ਪਾਰਲੀਮੈਂਟ ਚੋਂ ਦਿੱਤਾ ਅਸਤੀਫਾ ਹੋਵੇ ਜਾਂ ਫਿਰ 2004 ਰ ਚ ਪਾਣੀ ਵੰਡ ਸਬੰਧੀ ਸਮਝੌਤੇ ਰੱਦ ਕਰਨਾ, ਕੈਪਟਨ ਅਮਰਿੰਦਰ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਨੂੰ ਵਿਅਕਤੀਗਤ ਹਿੱਤਾਂ ਤੋਂ ਉੱਪਰ ਰੱਖਿਆ ਹੈ।

Written By
The Punjab Wire