ਹੋਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਰੇਤ ਦੀਆਂ ਕੀਮਤਾਂ ਕੰਟਰੋਲ ਹੇਠ ਨਹੀਂ ਆ ਰਹੀਆਂ ਕਿਉਂਕਿ ਮੁੱਖ ਮੰਤਰੀ ਰੇਤ ਮਾਫੀਆ ਦੀ ਸਰਪ੍ਰਸਤੀ ਕਰ ਰਹੇ ਹਨ : ਸੁਖਬੀਰ ਸਿੰਘ ਬਾਦਲ

ਰੇਤ ਦੀਆਂ ਕੀਮਤਾਂ ਕੰਟਰੋਲ ਹੇਠ ਨਹੀਂ ਆ ਰਹੀਆਂ ਕਿਉਂਕਿ ਮੁੱਖ ਮੰਤਰੀ ਰੇਤ ਮਾਫੀਆ ਦੀ ਸਰਪ੍ਰਸਤੀ ਕਰ ਰਹੇ ਹਨ : ਸੁਖਬੀਰ ਸਿੰਘ ਬਾਦਲ
  • PublishedNovember 24, 2021

 ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਰੇਤ ਮਾਇਨਿੰਗ ਮਾਫੀਆ ਚਲਾ ਰਹੇ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੇ

ਐਸ ਜੇ ਐਫ ਦੇ ਆਗੂ ਅਵਤਾਰ ਸਿੰਘ ਪੰਨੂ ਦੇ ਭਰਾ ਨੂੰ ਪੰਜਾਬ ਜੈਨਕੋ ਦਾ ਚੇਅਰਮੈਨ ਲਗਾਉਣ ਦੀ ਕੀਤੀ ਨਿਖੇਧੀ

ਗੜ੍ਹਸ਼ੰਕਰ, 24 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਰੇਤੇ ਦੀਆਂ ਕੀਮਤਾਂ ਕੰਟਰੋਲ ਹੇਠ ਨਹੀਂ ਆ ਰਹੀਆਂ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੇਤ ਮਾਫੀਆ ਦੀ ਸਰਪ੍ਰਸਤੀ ਕਰ ਰਹੇ ਹਨ।

ਇਥੇ ਪਾਰਟੀ ਦੇ ਉਮੀਦਵਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਹੱਥ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਰੇਤੇ ਦੀ ਕੀਮਤ 5.50 ਰੁਪਏ ਪ੍ਰਤੀ ਫੁੱਟ ਕਰਨ ਦਾ ਐਲਾਨ ਕਰ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਰੇਤਾ ਅੱਜ ਵੀ 25 ਤੋਂ 30 ਰੁਪਏ ਫੁੱਟ ਨੁੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਇਸ ਕਾਰਨ ਹੈ ਕਿਉਂਕਿ ਰੇਤ ਮਾਇਨਿੰਗ ਵਪਾਰ ਦਾ ਵੱਡਾ ਹਿੱਸਾ ਸ੍ਰੀ ਚਰਨਜੀਤ ਸਿੰਘ ਚੰਨੀ ਦੇ ਕੰਟਰੋਲ ਹੇਠ ਹੈ। ਉਹਨਾਂ ਕਿਹਾ ਕਿ ਇਕੱਲੇ ਰੋਪੜ ਜ਼ਿਲ੍ਹੇ ਵਿਚ ਟਰੱਕਾਂ ਵਾਲਿਆਂ ਤੋਂ ਗੈਰ ਕਾਨੂੰਨੀ ਨਾਕਿਆਂ ’ਤੇ ਮੁੱਖ ਮੰਤਰੀ ਦੇ ਨਾਂ ’ਤੇ ਫਿਰੌਤੀਆਂ ਵਸੂਲੀਆਂ ਜਾ ਰਹੀਆਂ ਹਨ।

ਸਰਦਾਰ ਸੁਖਬੀਰ ਸਿੰਘ ਬਾਦਲ ਜੇਕਰ ਮੁੱਖ ਮੰਤਰੀ ਸੱਚਮੁੱਚ ਹੀ ਰੇਤੇ ਦੀਆਂ ਕੀਮਤਾਂ ਘਟਾਉਣ ਵਿਚ ਦਿਲਚਸਪੀ ਰੱਖਦੇ ਹਨ ਤਾਂ ਫਿਰ ਉਹਨਾਂ ਨੁੰ ਪਹਿਲਾਂ ਮਾਫੀਆ ਚਲਾ ਰਹੇ ਕਾਂਗਰਸੀ ਵਿਧਾਇਕਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਮੁੱਖ ਮੰਤਰੀ ਅਜਿਹਾ ਨਹੀਂ ਕਰ ਰਹੇ ਤੇ ਰੇਤੇ ਦੀਆਂ ਕੀਮਤਾਂ ਘਟਾਉਣ ਬਾਰੇ ਝੁਠ ਬੋਲ ਕੇ ਪ੍ਰਚਾਰ ਕਰ ਰਹੇ ਹਨ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਹਨਾਂ ਨੁੰ ਕੀਮਤਾਂ ਘਟਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ।

ਸਰਦਾਰ ਬਾਦਲ ਨੇ ਮੁੱਖ ਮੰਤਰੀ ਨੁੰ ਇਹ ਵੀ ਕਿਹਾ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਬੇਰੋਜ਼ਗਾਰ ਵਿਦਿਆਰਥੀਆਂ ’ਤੇ ਜ਼ੁਲਾਮ ਨਾ ਢਾਹਿਆ ਜਾਵੇ। ਉਹਨਾਂ ਕਿਹਾ ਕਿ ਚੰਨੀ ਨੂੰ ਵਿਦਿਆਰਥੀਆਂ ਦੇ ਨਾਲ ਨਾਲ ਉਹਨਾਂ ਮੁਲਾਜ਼ਮਾਂ ਨਾਲ ਵੀ ਮੁਲਾਕਾਤ ਕਰਨੀ ਚਾਹੀਦੀ ਹੈ ਜੋ ਵਰਿ੍ਹਆਂ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਕਰ ਰਹੇ ਹਨ।


ਸਰਦਾਰ ਬਾਦਲ ਨੇ ਸਿੱਖਸ ਫਾਰ ਜਸਟਿਸ ਦੇ ਆਗੂ  ਅਵਤਾਰ ਸਿੰਘ ਪੰਨੂ ਦੇ ਭਰਾ ਨੁੰ ਪੰਜਾਬ ਜੈਨਕੋ ਦਾ ਚੇਅਰਮੈਨ ਲਗਾਉਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਬਲਵਿੰਦਰ ਸਿੰਘ ਕੋਟਲਾਬਾਮਾ ਦੀ ਪੰਜਾਬ ਜੈਨਕੋ ਦੇ ਚੇਅਰਮੈਨ ਵਜੋਂ ਨਿਯੁਕਤੀ ਨਾਲ ਸਿਵਲ ਸਮਾਜ ਵਿਚ ਗਲਤ ਸੰਦੇਸ਼ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬੀ ਹੈਰਾਨ ਹਨ ਕਿ ਇਕ ਪਾਬੰਦੀਸ਼ੁਦਾ ਸੰਗਠਨ ਜੋ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੈ, ਦੇ ਮੁਖੀ ਦੇ ਭਰਾ ਨੂੰ ਕਾਂਗਰਸ ਸਰਕਾਰ ਵੱਲੋਂ ਪ੍ਰੋਮੋਟ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਵੀ ਚਰਚਾ ਹੈ ਕਿ ਸਾਰੀਆਂ ਨਿਯੁਕਤੀਆਂ ਲਈ ਪ੍ਰਵਾਨਗੀ ਕਾਂਗਰਸ ਹਾਈ ਕਮਾਂਡ ਦੇ ਰਹੀ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਪੰਜਾਬੀਆਂ ਨੁੰ ਦੱਸਣ ਕਿ ਉਹਨਾਂ ਨੇ ਕੋਟਲਾਬਾਮਾ, ਜਿਸਦਾ ਭਰਾ ਦੇਸ਼ ਦੇ ਖਿਲਾਫ ਜੰਗ ਚਲਾ ਰਿਹਾ ਹੈ, ਨੁੰ ਵੱਡਾ ਅਹੁਦਾ ਦੇ ਕੇ ਕਿਉਂ ਨਿਵਾਜਿਆ ਹੈ।

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਗੱਲ ਪੰਜਾਬ ਦੀ ਯਾਤਰਾ ਦੀ ਸ਼ੁਰੂਆਤ ਵੇਲੇ ਯੂਥ ਅਕਾਲੀ ਦਲ ਤੇ ਐਸ ਓ ਆਈ ਦੇ ਸੈਂਕੜੇ ਕਾਰਕੁੰਨਾਂ ਨੇ ਮਾਹਿਲਪੁਰ ਵਿਖੇ ਨਿੱਘਾ ਸਵਾਗਤ ਕੀਤਾ। ਅਕਾਲੀ ਦਲ ਦੇ ਪ੍ਰਧਾਨ ਮਾਰਕੀਟ ਵਿਚ ਤੁਰ ਕੇ ਗਏ ਤੇ ਦੁਕਾਨਦਾਰਾਂ ਤੋਂ ਇਲਾਵਾ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਲੋਕਾਂ ਨਾਲ ਸੈਫਲੀਆਂ ਵੀ ਖਿੱਚਵਾਈਆਂ।

ਸਰਦਾਰ ਬਾਦਲ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਕੰਡੀ ਏਰੀਆ ਵਿਕਾਸ ਮੰਤਰਾਲਾ ਬਣਾ ਕੇ ਕੰਡੀ ਇਲਾਕੇ ਦਾ ਸਹੀ ਤਰੀਕੇ ਵਿਕਾਸ ਕਰਵਾਇਆ ਜਾਵੇਗਾ ਤੇ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਕੀਤੀਆਂ ਜਾਣਗੀਆਂ।
ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮਾਹਿਲਪੁਰ, ਸੈਲਾ ਖੁਰਦ, ਗੜ੍ਹਸ਼ੰਕਰ ਤੇ ਅਛਲਪੁਰ ਬੀਟ ਕਸਬਿਆਂ ਵਿਚ ਵੱਖ ਵੱਖ ਇਕੱਠਾਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਤੇ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਨਾਲ ਨਾਲ ਪੰਜਾਬ ਦੇ ਸਰਵ ਪੱਖੀ ਵਿਕਾਸ ਲਈ ਆਪਣੀ ਸੋਚ ਤੋਂ ਵੀ ਲੋਕਾਂ ਨੁੰ ਜਾਣੂ ਕਰਵਾਇਆ। ਉਹਨਾ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ 2022 ਵਿਚ ਸਰਕਾਰ ਬਣਲ ਮਗਰੋਂ ਉਹਨਾਂ ਦੀਆਂ ਸਾਰੀਆਂ ਸ਼ਿਕਾਇਤਾਂ ਦੂਰ ਕੀਤੀਆਂ ਜਾਣਗੀਆਂ। ਅਕਾਲੀ ਦਲ ਦੇ ਪ੍ਰਧਾਨ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵੀ ਗਏ ਤੇ ਗੁਰੂ ਰਵੀਦਾਸ ਜੀ ਨੁੰ ਉਹਨਾਂ ਦੇ ਤਪ ਅਸਥਾਨ ਵਿਖੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹਨਾਂ ਕਿਹਾ ਕਿ ਬਹੁਤ ਹੀ ਸ਼ਰਸਮ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਨੁੰ ਅਣਡਿੱਠ ਕੀਤਾ ਹੈ ਤੇ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਸ਼ੁਰੂ ਕੀਤੀ ਸ੍ਰੀ ਗੁਰੂ ਰਵੀਦਾਸ ਜੀ ਦੀ ਯਾਦਗਾਰ ਨੁੰ ਪੂਰਾ ਕਰਨ ਲਈ ਕੁਝ ਨਹੀਂ ਕੀਤਾ।

ਇਸ ਮੌਕੇ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਜਤਿੰਦਰ ਸਿੰਘ ਲਾਲੀ ਬਾਜਵਾ, ਬਸਪਾ ਦੇ ਹੁਸ਼ਿਆਰਪੁਰ ਤੋਂ ਉਮੀਦਵਾਰਾ ਸੁਭਾਸ਼ ਪਰਿਹਾਰ ਤੇ ਬਸਪਾ ਦੇ ਜਨਰਲ ਸਕੱਤਰ ਗੁਰਲਾਲ ਸਿੰਘ ਵੀ ਸਨ।

Written By
The Punjab Wire