Close

Recent Posts

ਹੋਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਕੇਜਰੀਵਾਲ ਨੇ ਦਿੱਤੀ ਤੀਸਰੀ ਗਰੰਟੀ, ਹਰੇਕ ਔਰਤ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ

ਕੇਜਰੀਵਾਲ ਨੇ ਦਿੱਤੀ ਤੀਸਰੀ ਗਰੰਟੀ, ਹਰੇਕ ਔਰਤ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ
  • PublishedNovember 22, 2021

-ਦੁਨੀਆ ਦੀ ਸਭ ਤੋਂ ਵੱਡੀ ਮਹਿਲਾ ਸਸ਼ਕਤੀਕਰਨ ਯੋਜਨਾ ਹੈ ਤੀਸਰੀ ਗਰੰਟੀ-ਅਰਵਿੰਦ ਕੇਜਰੀਵਾਲ

-ਪੰਜਾਬ ਦੀਆਂ 1 ਕਰੋੜ ਤੋਂ ਵੱਧ ਮਹਿਲਾਵਾਂ ਨੂੰ ਮਿਲੇਗਾ ਸਿੱਧਾ ਲਾਭ

-ਮੋਗਾ ‘ਚ ‘ਮਾਸਟਰ ਸਟ੍ਰੋਕ’ ਨਾਲ ਕੇਜਰੀਵਾਲ ਨੇ ਕੀਤੀ ‘ਮਿਸ਼ਨ ਪੰਜਾਬ’ ਦੀ ਸੁਰੂਆਤ

-ਮੁਫਤ ਬਿਜਲੀ ਅਤੇ ਸਿਹਤ ਸੇਵਾਵਾਂ ਤੋਂ ਬਾਅਦ ਤੀਸਰੀ ਗਰੰਟੀ ਰਾਹੀਂ ਕੇਜਰੀਵਾਲ ਨੇ ਮਹਿਲਾਵਾਂ ਨੂੰ ਦਿੱਤਾ ਵੱਡਾ ਤੋਹਫਾ

-18 ਸਾਲ ਤੋਂ ਉਪਰ ਘਰ ਦੀ ਹਰੇਕ ਔਰਤ ਨੂੰ ਹਰ ਮਹੀਨੇ ਨਕਦ ਮਿਲਣਗੇ 1000 ਰੁਪਏ

ਮੋਗਾ, 22 ਨਵੰਬਰ-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਹਿਲਾਵਾਂ ਲਈ ਦੁਨੀਆ ਦੀ ਪਲੇਠੀ ਅਤੇ ਸਭ ਤੋਂ ਵੱਡੀ ਮਹਿਲਾ ਸਸ਼ਕਤੀਕਰਨ ਯੋਜਨਾ ਤਹਿਤ ਪੰਜਾਬ ਦੀ ਹਰੇਕ ਮਹਿਲਾ ਦੇ ਖਾਤੇ ‘ਚ ਪ੍ਰਤੀ ਮਹੀਨਾ 1000 ਰੁਪਏ ਪਾਉਣ ਦਾ ਵੱਡਾ ਐਲਾਨ ਕੀਤਾ ਹੈ।
ਸੋਮਵਾਰ ਨੂੰ ਮੋਗਾ ‘ਚ ‘ਕੇਜਰੀਵਾਲ ਦੀ ਤੀਜੀ ਗਰੰਟੀ, ਮਹਿਲਾਵਾਂ ਨੂੰ ਵਧਾਈਆਂ’ ਪ੍ਰੋਗਰਾਮ ‘ਚ ਪੁੱਜੀਆਂ ਸੈਂਕੜੇ ਮਹਿਲਾਵਾਂ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ 2022 ‘ਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ‘ਆਪ’ ਦੀ ਸਰਕਾਰ 18 ਸਾਲ ਤੋਂ ਉੱਪਰ ਦੀਆਂ ਸਾਰੀਆਂ ਔਰਤਾਂ ਨੂੰ ਹਰ ਮਹੀਨੇ 1000 (ਇੱਕ ਹਜ਼ਾਰ) ਰੁਪਏ ਗਰੰਟੀ ਨਾਲ ਦਿੱਤੇ ਜਾਇਆ ਕਰਨਗੇ। 2 ਰੋਜ਼ਾ ਪੰਜਾਬ ਦੌਰੇ ‘ਤੇ ਆਏ ਅਰਵਿੰਦ ਕੇਜਰੀਵਾਲ ਨੇ ਇਸ ਵਿਲੱਖਣ ‘ਮਾਸਟਰ ਸਟ੍ਰੋਕ’ ਨਾਲ 2022 ਦੀਆਂ ਆਮ ਵਿਧਾਨ ਸਭਾ ਚੋਣਾਂ ਲਈ ਉਲੀਕੇ ‘ਮਿਸ਼ਨ ਪੰਜਾਬ’ ਪ੍ਰੋਗਰਾਮ ਦਾ ਆਗਾਜ਼ ਕਰ ਦਿੱਤਾ। ਇਸ ਮੌਕੇ ਉਨਾਂ ਨਾਲ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਮੰਚ ‘ਤੇ ਬਿਰਾਜਮਾਨ ਸਨ। ਪੰਡਾਲ ‘ਚ ਇਕੱਤਰ ਔਰਤਾਂ ਦੇ ਰੂ-ਬ-ਰੂ ਹੁੰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ” ‘ਆਪ ਦੀ ਸਰਕਾਰ ਬਣਦਿਆਂ ਹੀ 18 ਸਾਲ ਤੋਂ ਉੱਪਰ ਦੀ ਹਰ ਬੇਟੀ, ਭੈਣ, ਮਾਂ, ਬਹੁ, ਸੱਸ, ਦਾਦੀ ਅਤੇ ਨਾਨੀ ਦੇ ਖਾਤੇ ‘ਚ ਹਰੇਕ ਮਹੀਨੇ ਇੱਕ ਹਜ਼ਾਰ ਰੁਪਏ ਪੈ ਜਾਇਆ ਕਰਨਗੇ।” ਇਸ ਦੀ ਮੈਂ ਗਰੰਟੀ ਦਿੰਦਾ ਹਾਂ। ਮੈਂ ਇਹ ਫ਼ੈਸਲਾ ਬਹੁਤ ਸੋਚ ਸਮਝ ਅਤੇ ਪੂਰਾ ਹਿਸਾਬ ਕਿਤਾਬ ਲਗਾ ਕੇ ਲਿਆ ਹੈ, ਕਿਉਂਕਿ ਕੇਜਰੀਵਾਲ ਜੋ ਕਹਿੰਦਾ ਹੈ, ਉਹ ਕਰਕੇ ਦਿਖਾਉਂਦਾ ਹੈ। ਦਿੱਲੀ ਦੀ ਸਰਕਾਰ ਅਤੇ ਦਿੱਲੀ ਦੀ ਜਨਤਾ ਇਸ ਗੱਲ ਦੀ ਗਵਾਹ ਹੈ।

ਕੇਜਰੀਵਾਲ ਨੇ ਕਿਹਾ, ” ਬੇਸ਼ੱਕ 1000 ਰੁਪਏ ਬਹੁਤ ਜ਼ਿਆਦਾ ਰਾਸ਼ੀ ਨਹੀਂ ਹੁੰਦੀ, ਪਰ ‘ਆਪ’ ਦੀ ਸਰਕਾਰ ਦੇ ਇਸ ਸਹਾਰੇ ਨਾਲ ਸਾਰੀਆਂ ਮਾਵਾਂ-ਭੈਣਾਂ ਨੂੰ ਸੱਚਮੁੱਚ ਸ਼ਕਤੀ ਅਤੇ ਸਵੈਮਾਨ ਮਿਲੇਗਾ, ਕਿਉਂਕਿ ਹਰ ਇੱਕ ਦੀ ਜ਼ਿੰਦਗੀ ‘ਚ ਪੈਸਾ ਕਾਫ਼ੀ ਮਹੱਤਵ ਰੱਖਦਾ ਹੈ। ਕੇਜਰੀਵਾਲ ਨੇ ਸਪੱਸ਼ਟ ਕੀਤਾ, ”ਹਰੇਕ ਔਰਤ ਨੂੰ ਮਿਲਣ ਵਾਲੇ ਇਹ 1000 ਰੁਪਏ ਔਰਤਾਂ ਨੂੰ ਪਹਿਲਾਂ ਤੋਂ ਮਿਲ ਰਹੀ ਮਾਸਿਕ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣ ਪੈਨਸ਼ਨ ਜਾਂ ਨਿਰਭਰਤਾ ਪੈਨਸ਼ਨ ਤੋਂ ਵੱਖਰਾ ਹੋਵੇਗਾ। ਇਸੇ ਤਰਾਂ ਜੇਕਰ ਇੱਕ ਪਰਿਵਾਰ ‘ਚ ਬੇਟੀ, ਬਹੂ, ਸੱਸ ਜਾਂ ਦਾਦੀ ਸਮੇਤ 18 ਸਾਲ ਤੋਂ ਵੱਧ ਉਮਰ ਦੀਆਂ ਜਿੰਨੀਆਂ ਵੀ ਮਹਿਲਾਵਾਂ ਹੋਣਗੀਆਂ ਸਭ ਨੂੰ ਇੱਕ-ਇੱਕ ਹਜ਼ਾਰ ਰੁਪਏ ਮਿਲਣਗੇ।”

ਕੇਜਰੀਵਾਲ ਨੇ ਕਿਹਾ ਕਿ ਇਹ ਯੋਜਨਾ ਉਲੀਕੇ ਜਾਣ ਸਮੇਂ ਦੇਸ਼-ਦੁਨੀਆ ਬਾਰੇ ਕਾਫ਼ੀ ਜਾਣਕਾਰੀ ਇਕੱਠੀ ਕੀਤੀ, ਪਰੰਤੂ ਪੂਰੀ ਦੁਨੀਆ ‘ਚ ਕਿਸੇ ਵੀ ਸਰਕਾਰ ਨੇ ਬੇਟੀ, ਭੈਣ, ਮਾਂ-ਬਹੂ ਦੇ ਖਾਤੇ ‘ਚ ਵੱਖਰ-ਵੱਖਰੇ ਤੌਰ ‘ਤੇ ਇਸ ਤਰਾਂ ਹਰ ਮਹੀਨੇ ਪੈਸੇ ਨਹੀਂ ਪਾਏ। ਇਸ ਲਈ ਪੰਜਾਬ ਦੀਆਂ ਮਹਿਲਾਵਾਂ ਤੋਂ ਸ਼ੁਰੂ ਕੀਤੀ ਜਾ ਰਹੀ ਇਹ ਯੋਜਨਾ ਦੁਨੀਆ ਦਾ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਯੋਜਨਾ ਹੈ। ਜਿਸ ਦਾ ਪੰਜਾਬ ਦੀਆਂ ਇੱਕ ਕਰੋੜ ਤੋਂ ਵੱਧ ਮਹਿਲਾਵਾਂ ਨੂੰ ਨਕਦ ਲਾਭ ਮਿਲੇਗਾ।

ਕੇਜਰੀਵਾਲ ਨੇ ਕਿਹਾ, ” ਮੈਂ ਬਹੁਤ ਸਾਰੀਆਂ ਬੇਟੀਆਂ ਨੂੰ ਜਾਣਦਾ ਹਾਂ, ਜੋ ਕਾਲਜ ਦੀ ਪੜਾਈ ਕਰਨਾ ਚਾਹੁੰਦੀਆਂ ਹਨ, ਪਰੰਤੂ ਘਰ ਦੇ ਮਾੜੇ ਵਿੱਤੀ ਹਲਾਤਾਂ ਕਾਰਨ ਉਨਾਂ ਦਾ ਅਜਿਹਾ ਸਕਾਰਾਤਮਿਕ ਸੁਪਨਾ ਪੂਰਾ ਨਹੀਂ ਹੁੰਦਾ, ਪਰੰਤੂ ਇਸ ਯੋਜਨਾ ਨਾਲ ਉਨਾਂ ਨੂੰ ਕਾਲਜ ‘ਚ ਉਚੇਰੀ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲੇਗਾ, ਇਸੇ ਤਰਾਂ ਮਾਵਾਂ-ਭੈਣਾਂ ਮਨ ਭਾਉਂਦਾ ਕੱਪੜਾ-ਲੀੜਾ ਵੀ ਇਨਾਂ ਆਪਣੇ ਪੈਸਿਆਂ ਨਾਲ ਲੈ ਸਕਣਗੀਆਂ। ਪੇਕੇ ਆਉਂਦੀਆਂ ਧੀਆਂ ਨੂੰ ਮਾਵਾਂ ਇਨਾਂ ਪੈਸਿਆਂ ਦਾ ਪਿਆਰ ਵੀ ਬੇਝਿਜਕ ਹੋ ਕੇ ਦੇ ਸਕਣਗੀਆਂ।
ਕੇਜਰੀਵਾਲ ਨੇ ਕਿਹਾ, ਵਾਰੀਆਂ ਬੰਨ ਕੇ ਅੱਜ ਤੱਕ ਸ਼ਾਸਨ ਕਰਦੇ ਆ ਰਹੇ ਵਿਰੋਧੀ ਇਸ ਐਲਾਨ ਤੋਂ ਬੌਖਲਾਹਟ ‘ਚ ਆ ਕੇ ਇੱਕੋ ਸਵਾਲ ਕਰਨਗੇ ਕਿ ਇਸ ਯੋਜਨਾ ਲਈ ਪੈਸਾ ਕਿਥੋਂ ਆਵੇਗਾ? ਮੈਂ ਸਾਫ਼-ਸਾਫ਼ ਸ਼ਬਦਾਂ ‘ਚ ਦੁਹਰਾਉਂਦਾ ਹਾਂ ਕਿ ਜੇਕਰ ਸਰਕਾਰਾਂ ਕੋਲ ਸੁਚੱਜੀ ਨੀਅਤ ਅਤੇ ਸਹੀ ਨੀਤੀ ਹੋਵੇ ਤਾਂ ਪੈਸੇ ਦੀ ਕੋਈ ਘਾਟ ਨਹੀਂ ਹੁੰਦੀ। ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਦੀ ਜਿੰਦਾ-ਜਾਗਦਾ ਮਿਸਾਲ ਹੈ। ਸਾਡੀ ਸਰਕਾਰ ਬਣਨ ਤੋਂ ਪਹਿਲਾਂ ਦਿੱਲੀ ਦੇ ਸਰਕਾਰੀ ਖ਼ਜ਼ਾਨੇ ਦਾ ਵੀ ਪੰਜਾਬ ਵਰਗਾ ਹੀ ਹਾਲ ਸੀ। ਜਿੱਥੇ ਅੱਜ ਐਨੀਆਂ ਜਨ-ਸਹੂਲਤਾਂ ਦਿੱਤੇ ਜਾਣ ਦੇ ਬਾਵਜੂਦ ਕਰਜ਼ਾ ਰਹਿਤ ਅਤੇ ਮੁਨਾਫ਼ੇ ਵਾਲਾ ਬਜਟ ਹੈ।

ਕੇਜਰੀਵਾਲ ਨੇ ਕਿਹਾ ਕਿ ਆਗਾਮੀ ਚੋਣਾਂ ਪੰਜਾਬ ਦੀ ਦਿਸ਼ਾ ਅਤੇ ਦਸ਼ਾ ਸੁਧਾਰ ਸਕਦੀਆਂ ਹਨ। ਪੰਜਾਬ ਦਾ ਉਸੇ ਤਰਾਂ ਭਵਿੱਖ ਬਦਲ ਸਕਦੀਆਂ ਹਨ, ਜਿਵੇਂ ਦਿੱਲੀ ‘ਚ ‘ਆਪ’ ਦੀ ਸਰਕਾਰ ਨੇ ਬਦਲਿਆ ਹੈ। ਦਿੱਲੀ ਦੇ ਸਾਰੇ ਲੋਕ ਪੱਖੀ ਮਾਡਲ ਪੰਜਾਬ ‘ਚ ਹੋਰ ਵੀ ਸ਼ਾਨਦਾਰ ਤਰੀਕੇ ਨਾਲ ਲਾਗੂ ਹੋ ਸਕਦੇ ਹਨ। ਇਸ ਲਈ ਇਹ ਚੋਣਾਂ ਸਭ ਨੇ ਮਿਲ ਕੇ ਲੜਨੀਆਂ ਹਨ। ਇਸ ਵਾਰ ਘਰਾਂ ‘ਚ ਮਹਿਲਾਵਾਂ ਤੈਅ ਕਰਨਗੀਆਂ ਕਿ ਵੋਟ ਕਿਸ ਨੂੰ ਪਾਉਣੀ ਹੈ। ਬੀਬੀਆਂ, ਮਾਵਾਂ-ਭੈਣਾਂ ਆਪਣੀ ਵੋਟ ਦੇ ਨਾਲ-ਨਾਲ ਘਰ ਦੇ ਸਾਰੇ ਪੁਰਸ਼ਾਂ ਦੀਆਂ ਵੋਟਾਂ ਵੀ ਆਮ ਆਦਮੀ ਪਾਰਟੀ ਨੂੰ ਪਵਾਉਣੀਆਂ, ਕਿਉਂਕਿ ਇਸ ਵਾਰ ਇਕ ਮੌਕਾ ਕੇਜਰੀਵਾਲ ਨੂੰ ਦੇਣਾ ਹੈ। ਜਿਵੇਂ ਦਿੱਲੀ ਵਾਲਿਆਂ ਨੇ ਦਿੱਲੀ ‘ਚ ਦਿੱਤਾ ਸੀ, ਜਿੱਥੇ ਐਨੇ ਜਿਆਦਾ ਕੰਮ ਕੀਤੇ ਕਿ ਉਸ ਉਪਰੰਤ ਬਾਕੀ ਰਿਵਾਇਤੀ ਪਾਰਟੀਆਂ ਸਾਫ ਹੀ ਹੋ ਗਈਆਂ।

ਇਸ ਦੌਰਾਨ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਰਸੋਈ ਤੋਂ ਬਿਨਾਂ ਘਰ ਨਹੀਂ ਚੱਲ ਸਕਦੇ ਤਾਂ ਮਹਿਲਾ ਸ਼ਕਤੀ ਤੋਂ ਬਿਨਾਂ ਦੇਸ਼ ਵੀ ਨਹੀਂ ਚੱਲ ਸਕਦਾ। ਜਿਸ ਸਮਾਜ ਵਿੱਚ ਔਰਤ-ਪੁਰਸ਼ ਮਿਲਕੇ ਚਲਦੇ ਹਨ,  ਉਹੀ ਦੇਸ਼ ਤਰੱਕੀ ਕਰਦੇ ਹਨ। ਔਰਤਾਂ ਜਦੋਂ ਆਰਥਿਕ ਤੌਰ ਉੱਤੇ ਆਜ਼ਾਦ ਹੋਣਗੀਆਂ, ਗੱਲ ਉਦੋਂ ਹੀ ਬਣੇਗੀ। ਮਾਨ ਨੇ ਕਿਹਾ ਕਿ ਹੁਣ ਔਰਤਾਂ ਨੂੰ ਇਹ ਨਹੀਂ ਕਹਿਣਾ ਕਿ ਕੋਈ ਵੀ ਪਾਰਟੀ ਸੱਤਾ ਵਿੱਚ ਆਵੇ ਉਨਾਂ ਨੂੰ ਕੋਈ ਮਤਲੱਬ ਨਹੀਂ,  ਸਗੋਂ ਦੇਸ਼ ਭਗਤ, ਭਗਤ ਸਿੰਘ, ਸੁਖਦੇਵ,  ਰਾਜਗੁਰੂ ਅਤੇ ਕਰਤਾਰ ਸਿੰਘ  ਸਰਾਭਾ ਦੀ ਤਰਾਂ ਭੂਮਿਕਾ ਨਿਭਾਉਣੀ ਹੈ, ਕਿਉਂਕਿ ਜੇਕਰ ਉਹ ਵੀ ਬੋਲਦੇ ਕੀ ਅਸੀਂ ਕੀ ਲੈਣਾ ਤਾਂ ਦੇਸ਼ ਨੂੰ ਕਦੇ ਆਜ਼ਾਦੀ ਨਹੀਂ ਮਿਲਣੀ ਸੀ।
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਦੇ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ, ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਪ੍ਰੋ. ਬਲਜਿੰਦਰ ਕੌਰ, ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ, ਸੂਬਾ ਖ਼ਜ਼ਾਨਚੀ ਨੀਨਾ ਮਿੱਤਲ ਅਤੇ ਪਾਰਟੀ ਦੇ ਹੋਰ ਆਗੂ ਅਤੇ ਵਿਧਾਇਕ ਮੌਜੂਦ ਸਨ। ਜਦਕਿ ਮੰਚ ਦਾ ਸੰਚਾਲਨ ਦੀ ਜ਼ਿੰਮੇਵਾਰੀ ਯੂਥ ਵਿੰਗ ਦੀ ਸੂਬਾ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਨੇ ਨਿਭਾਈ।

Written By
The Punjab Wire