ਚੰਡੀਗੜ੍ਹ, 11 ਨਵੰਬਰ, 2021: ਪੰਜਾਬ ਦੇ ਦੋ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਵਿਧਾਇਕ ਅੱਜ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਸੱਦੇ ਵਿਧਾਨ ਸਭਾ ਸੈਸ਼ਨ ਦੌਰਾਨ ਗੈਰ ਹਾਜ਼ਰ ਰਹੇ।
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੰਬੀ ਹਲਕੇ ਤੋਂ ਅਕਾਲੀ ਦਲ ਦੇ ਚੁਣੇ ਹੋਏ ਵਿਧਾਇਕ ਸ: ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਨੇ ਇਨ੍ਹਾਂ 5 ਸਾਲਾਂ ਵਿੱਚ ਨਾ ਕੇਵਲ ਰਾਜਸੀ ਸਰਗਰਮੀ ਘਟਾਈ ਹੋਈ ਹੈ ਸਗੋਂ ਵਿਧਾਨ ਸਭਾ ਤੋਂ ਵੀ ਦੂਰੀ ਹੀ ਬਣਾ ਕੇ ਰੱਖੀ, ਅੱਜ ਦੇ ਅਤਿ ਅਹਿਮ ਇਜਲਾਸ ਵਿੱਚ ਵੀ ਹਾਜ਼ਰੀ ਲੁਆਉਣ ਲਈ ਨਹੀਂ ਪੁੱਜੇ।
ਇਸ ਤੋਂ ਇਲਾਵਾ ਕਾਂਗਰਸ ਨੂੰ ਛੱਡ ਕੇ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾਉਣ ਦਾ ਐਲਾਨ ਕਰ ਚੁੱਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਪਟਿਆਲਾ ਵਿਧਾਨ ਸਭਾ ਹਲਕੇ ਦੇ ਚੁਣੇ ਹੋਏ ਵਿਧਾਇਕ ਹਨ, ਵੀ ਅੱਜ ਇਸ ਸੈਸ਼ਨ ਵਿੱਚ ਸ਼ਾਮਲ ਨਹੀਂ ਹੋਏ।
ਜ਼ਿਕਰਯੋਗ ਹੈ ਕਿ ਅੱਜ ਦੇ ਸੈਸ਼ਨ ਵਿੱਚ ਕੇਂਦਰ ਸਰਕਾਰ ਵੱਲੋਂ ਬੀ.ਐਸ.ਐਫ. ਦਾ ਅਧਿਕਾਰ ਖ਼ੇਤਰ ਸਰਹੱਦ ਤੋਂ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕੀਤੇ ਜਾਣ ਦੇ ਵਿਰੋਧ ਵਿੱਚ ਮਤਾ ਪਾਸ ਕਰਨ ਦੇ ਨਾਲ ਨਾਲ ਤਿੰਨ ਖ਼ੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਵੀ ਮਤਾ ਲਿਆਂਦਾ ਗਿਆ। ਜਿਸ ਦਾ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧ ਕੀਤਾ ਹੈ।