-ਮਾਨਸਾ ‘ਚ ਕਿਸਾਨਾਂ ਦੇ ਰੂ-ਬ-ਰੂ ਹੋਏ ਅਰਵਿੰਦ ਕੇਜਰੀਵਾਲ
ਟਿਕੱਰੀ ਸਰਹੱਦ ‘ਤੇ ਸ਼ਹੀਦ ਹੋਣ ਵਾਲੀਆਂ ਬੀਬੀਆਂ ਨੂੰ ਦਿੱਤੀ ਸ਼ਰਧਾਂਜਲੀ
-ਪੰਜਾਬ ‘ਚ ਖੇਤੀ ਅਧਾਰਿਤ ਉਦਯੋਗ ਲਾਏ ਜਾਣਗੇ-ਕੇਜਰੀਵਾਲ
-ਖੇਤੀ ਨੂੰ ਲਾਭਕਾਰੀ ਧੰਦਾ ਬਣਾਉਣ ਲਈ ਕਿਸਾਨਾਂ ਨੂੰ ਸੁਣਨ ਆਏ ਹਾਂ, ਸੁਣਾਉਣ ਨਹੀਂ- ਭਗਵੰਤ ਮਾਨ
ਮਾਨਸਾ/ ਬਠਿੰਡਾ/ ਚੰਡੀਗੜ, 28 ਅਕਤੂਬਰ
ਆਮ ਅਦਾਮੀ ਪਾਰਟੀ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਅਤੇ ਕਿਰਤੀਆਂ ਨੂੰ ਅਪੀਲ ਕੀਤੀ ਹੈ ਕਿ ਗੁਲਾਬੀ ਸੁੰਡੀ, ਮੀਂਹ-ਝੱਖੜ ਅਤੇ ਗੜੇਮਾਰੀ ਨਾਲ ਬਰਬਾਦ ਹੋਈਆਂ ਫ਼ਸਲਾਂ ਕਾਰਨ ਨਿਰਾਸ਼ਾ ਦੇ ਆਲਮ ‘ਚ ਆ ਕੇ ਖ਼ੁਦਕੁਸ਼ੀ ਵਰਗਾ ਕੋਈ ਵੀ ਗਲਤ ਕਦਮ ਨਾ ਚੁੱਕਿਆ ਜਾਵੇ। ਉਨਾਂ ਭਰੋਸਾ ਦਿੱਤਾ ਜੇਕਰ ਮੌਜ਼ੂਦਾ ਚੰਨੀ ਸਰਕਾਰ ਲਾਗਤ ਖ਼ਰਚਿਆਂ ਅਨੁਸਾਰ ਢੁੱਕਵਾਂ ਮੁਆਵਜਾ ਦੇਣ ‘ਚ ਅਸਫ਼ਲ ਰਹਿੰਦੀ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ 30 ਅਪ੍ਰੈਲ 2022 ਤੱਕ ਬਣਦਾ ਮੁਆਵਜਾ ਦੇਵੇਗੀ।
ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਮਾਨਸਾ ਵਿੱਚ ‘ਕਿਸਾਨਾਂ ਨਾਲ ਕੇਜਰੀਵਾਲ ਦੀ ਗੱਲਬਾਤ’ ਪ੍ਰੋਗਰਾਮ ‘ਚ ਕਿਸਾਨਾਂ ਦੇ ਰੂਬਰੂ ਸਨ। ਇਸ ਮੌਕੇ ਉਨਾਂ ਨਾਲ ਮੰਚ ‘ਤੇ ਸੰਸਦ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ-ਇੰਚਾਰਜ ਰਾਘਵ ਚੱਢਾ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਮੌਜ਼ੂਦ ਸਨ। ਜਦਕਿ ਮੰਚ ਦਾ ਸੰਚਾਲਨ ਪ੍ਰੋ. ਬਲਜਿੰਦਰ ਕੌਰ ਨੇ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਟਿਕੱਰੀ ਬਾਰਡਰ ‘ਤੇ ਵਾਪਰੇ ਹਾਦਸੇ ‘ਚ ਸ਼ਹੀਦ ਹੋਈਆਂ ਪਿੰਡ ਖੀਵਾ ਦਿਆਲਪੁਰਾ (ਮਾਨਸਾ) ਦੀਆਂ 3 ਬੀਬੀਆਂ ਨੂੰ 2 ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਭੇਂਟ ਕਰਕੇ ਕੀਤੀ।
ਅਰਵਿੰਦ ਕੇਜਰੀਵਾਲ ਨੇ ਕਿਹਾ, ”ਪਹਿਲੀ ਅਪ੍ਰੈਲ 2022 ਤੋਂ ਬਾਅਦ ਪੰਜਾਬ ਦੇ ਵੀ ਕਿਸਾਨ-ਕਿਰਤੀ ਅਤੇ ਮਜਦੂਰ ਫਸਲਾਂ ਦੇ ਖਰਾਬੇ ਕਾਰਨ ਖੁਦਕੁਸ਼ੀ ਕਰਨ ਲਈ ਮਜਬੂਰ ਨਹੀਂ ਹੋਣਗੇ।
ਇਹ ਮੇਰਾ (ਕੇਜਰੀਵਾਲ) ਦਾ ਵਾਅਦਾ ਹੈ ਅਤੇ ਕੇਜਰੀਵਾਲ ਜੋ ਕਹਿੰਦਾ ਹੈ ਉਹ ਕਰਕੇ ਦਿਖਾਉਂਦਾ ਹੈ। 30 ਅਪ੍ਰੈਲ 2022 ਤੱਕ ਹਰੇਕ ਪ੍ਰਭਾਵਿਤ ਕਿਸਾਨ ਅਤੇ ਮਜਦੂਰ ਦੇ ਖਾਤੇ ‘ਚ ਫਸਲਾਂ ਦੇ ਨੁਕਸਾਨ ਦਾ ਮੁਆਵਜਾ ਪਹੁੰਚੇ ਜਾਵੇਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ, ”ਜਦੋਂ ਕੋਈ ਵੀ ਕਿਸਾਨ ਖ਼ੁਦਕੁਸ਼ੀ ਕਰਦਾ ਹੈ, ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ। ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ, ਪਰ ਹੋਰਨਾਂ ਪਾਰਟੀਆਂ ਤੇ ਆਗੂਆਂ ਨੂੰ ਕੋਈ ਦੁੱਖ ਨਹੀਂ ਹੁੰਦਾ। ਜੇਕਰ ਐਨੀ ਸੰਵੇਦਨਾ ਇਨਾਂ ਲੀਡਰਾਂ ‘ਚ ਹੁੰਦੀ ਤਾਂ ਦੇਸ਼ ਦਾ ਕਿਸਾਨ, ਖੇਤ ਮਜ਼ਦੂਰ ਅਤੇ ਖੇਤੀਬਾੜੀ ‘ਤੇ ਨਿਰਭਰ ਸਾਰੇ ਕੰਮ -ਧੰਦੇ ਅਤੇ ਕਾਰੋਬਾਰ ਅਜਿਹੇ ਸੰਕਟਾਂ ਦਾ ਸਾਹਮਣਾ ਨਾ ਕਰਦੇ ਹੁੰਦੇ।”
ਉਨਾਂ ਦੱਸਿਆ ਕਿ ਜਦੋਂ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਥੇ ਵੀ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋਈਆਂ ਸਨ। ‘ਆਪ’ ਦੀ ਸਰਕਾਰ ਨੇ ਕਿਸਾਨਾਂ ਦੀ ਲਾਗਤ 18 ਹਜ਼ਾਰ ਤੋਂ ਜ਼ਿਆਦਾ 20 ਹਜ਼ਾਰ ਪ੍ਰਤੀ ਏਕੜ ਕਿਸਾਨਾਂ ਨੂੰ ਮੁਆਵਜਾ ਦਿੱਤਾ ਸੀ। ਪੰਜਾਬ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨਾਲ ਖੇਤਾਂ ਵਿੱਚ ਜਾ ਕੇ ਫੋਟੋਆਂ ਜ਼ਰੂਰ ਖ਼ਿਚਵਾ ਲਈ ਅਤੇ ਬੱਸਾਂ ‘ਤੇ ਵੀ ਲਾ ਲਈਆਂ, ਪਰ ਕਿਸਾਨਾਂ ਨੂੰ ਨਾ ਗੁਲਾਬੀ ਸੁੰਡੀ ਅਤੇ ਨਾ ਹੀ ਮੀਂਹ ਨਾਲ ਖ਼ਰਾਬ ਹੋਈਆਂ ਫ਼ਸਲਾਂ ਦਾ ਕੋਈ ਮੁਆਵਜਾ ਮਿਲਿਆ ਹੈ। ਕੇਜਰੀਵਾਲ ਨੇ ਕਿਹਾ ਕਿ ਨਕਲ ਕਰਨਾ ਸੋਖੀ ਹੈ ਪਰ ਅਮਲ ਕਰਨਾ ਬਹੁਤ ਮੁਸ਼ਿਕਲ ਹੈ। ਇਸ ਲਈ ਪੰਜਾਬ ਦੇ ਲੋਕ ਨਕਲ ਕਰਨ ਵਾਲਿਆਂ ਦੀਆਂ ਗੱਲਾਂ ਵਿਚ ਨਹੀਂ ਆਉਣਗੇ ਕਿਉਂਕਿ ਉਨਾਂ ਦੇ ਸਾਹਮਣੇ ਉਰੀਜਨਲ (ਅਸਲੀ) ਕੇਜਰੀਵਾਲ ਖੜਾ ਹੈ।
ਦਿੱਲੀ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਦੇ ਤੁਰੰਤ ਬਾਅਦ 30 ਅਪ੍ਰੈਲ ਤੱਕ ਸਾਰੇ ਪ੍ਰਭਾਵਿਤ ਕਿਸਾਨਾਂ ਦੇ ਖਾਤਿਆਂ ‘ਚ ਮੁਆਵਜਾ ਪਹੁੰਚ ਜਾਵੇਗਾ। ਸਿਰਫ਼ ਕਿਸਾਨ ਹੀ ਨਹੀਂ ਖੇਤ ਮਜ਼ਦੂਰਾਂ ਨੂੰ ਵੀ ਉਚਿਤ ਮੁਆਵਜਾ ਦਿੱਤਾ ਜਾਵੇਗਾ। ਮੁਆਵਜਾ ਕਿੰਨਾ ਹੋਵੇ ਇਸ ਬਾਰੇ ਕਿਸਾਨਾਂ ਨਾਲ ਪਹਿਲਾਂ ਗੱਲਬਾਤ ਕੀਤੀ ਜਾਵੇਗੀ ਅਤੇ ਲਾਗਤ ਖਰਚਿਆਂ ਦੇ ਅਧਾਰ ‘ਤੇ ਹੀ ਮੁਆਵਜੇ ਦੀ ਰਾਸ਼ੀ ਤੈਅ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕੇਜਰੀਵਾਲ ਕੇਵਲ ਐਲਾਨ ਨਹੀਂ ਕਰਦਾ, ਸਗੋਂ ਕੰਮ ਕਰਕੇ ਦਿਖਾਉਂਦਾ ਹੈ ਕਿਉਂਕਿ ਦਿੱਲੀ ਵਿੱਚ ਚੰਗੇ ਸਕੂਲ, ਸਿੱਖਿਆ, ਹਸਪਤਾਲ ਅਤੇ ਇਲਾਜ ਦਾ ਪ੍ਰਬੰਧ ਕਰਕੇ ਦਿਖਾਇਆ ਹੈ।
ਕੇਜਰੀਵਾਲ ਨੇ ਕਿਹਾ, ”ਨਕਲੀ ਦੁੱਧ, ਪਸ਼ੂਆਂ ਦਾ ਬੀਮਾ ਅਤੇ ਪਰਾਲੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਪਰਾਲੀ ਤੋਂ ਬਿਜਲੀ, ਗੱਤਾ ਅਤੇ ਖੇਤੀ ਆਧਾਰ ਉਦਯੋਗ ਅਤੇ ਡੀ.ਏ.ਪੀ ਖਾਦ ਦੇ ਕਾਰਖਾਨੇ ਲਾਏ ਜਾਣਗੇ, ਜਿਨਾਂ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਖੇਤੀਬਾੜੀ ਅਤੇ ਸਾਰੇ ਸੰਬੰਧਿਤ ਧੰਦਿਆਂ ਨੂੰ ਲਾਭਕਾਰੀ ਬਣਾਇਆ ਜਾਵੇਗਾ।”
ਉਨਾਂ ਦੱਸਿਆ ਕਿ ਪੰਜਾਬ ਦੀ ਖੇਤੀਬਾੜੀ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਵੱਲੋਂ ਇੱਕ ਵਿਸ਼ੇਸ਼ ਯੋਜਨਾ ਬਣਾ ਰਹੀ ਹੈ, ਜਿਸ ਦਾ ਐਲਾਨ ਉਨਾਂ (ਕੇਜਰੀਵਾਲ) ਵੱਲੋਂ ਅਗਲੇ ਮਹੀਨੇ ਕੀਤਾ ਜਾਵੇਗਾ
ਇਸ ਮੌਕੇ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ‘ਕਿਸਾਨਾਂ ਦੇ ਨਾਲ ਕੇਜਰੀਵਾਲ ਦੀ ਗੱਲਬਾਤ’ ਪ੍ਰੋਗਰਾਮ ਨਾ ਕੋਈ ਸਿਆਸੀ ਰੈਲੀ ਹੈ ਅਤੇ ਨਾ ਹੀ ਕੋਈ ਸਿਆਸੀ ਸ਼ਕਤੀ ਪ੍ਰਦਰਸ਼ਨ ਹੈ। ਮਾਨ ਨੇ ਦੱਸਿਆ ਕਿ ਇਹ ਪ੍ਰੋਗਰਾਮ ਕਿਸਾਨਾਂ-ਖੇਤ ਮਜਦੂਰਾਂ ਅਤੇ ਖੇਤੀਬਾੜੀ ਨੂੰ ਦਰਪੇਸ਼ ਸੰਕਟਾਂ ਅਤੇ ਸਮੱਸਿਆਵਾਂ ਅਤੇ ਉਨਾਂ ਦੇ ਹੱਲ ਬਾਰੇ ਸੁਝਾਅ ਇਕੱਠੇ ਕਰਨ ਦਾ ਇਕ ਗੰਭੀਰ ਉਪਰਾਲਾ ਹੈ। ਜਿਸ ਦੇ ਅਧਾਰ ‘ਤੇ ਪਾਰਟੀ ਆਪਣਾ ਚੋਣ ਮੈਨੀਫੈਸਟੋ ਤਿਆਰ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਅਤੇ ਦੂਜੀਆਂ ਪਾਰਟੀਆਂ ‘ਚ ਇਹੋ ਫਰਕ ਹੈ ਕਿ ਰਿਵਾਇਤੀ ਦਲਾਂ ਦੇ ਆਗੂ ਜਨਤਾ ਨੂੰ ਸਿਰਫ ਆਪਣੇ ਮਨ ਦੀ ਗੱਲ ਸੁਣਾਉਣ ਲਈ ਆਉਂਦੇ ਹਨ। ਜਦਕਿ ਆਮ ਆਦਮੀ ਪਾਰਟੀ ਤੁਹਾਡੀ (ਜਨਤਾ) ਦੀ ਗੱਲ ਸੁਣਨ ਡੁਹਾਡੇ ਦਰ ‘ਤੇ ਆਈ ਹੈ ਤਾਂ ਕਿ ਤੁਹਾਡੀਆਂ ਮੁਸ਼ਕਲਾਂ ਅਤੇ ਉਨਾਂ ਲਈ ਸੁਝਾਏ ਹੱਲਾਂ ਦੇ ਅਦਾਰ ‘ਤੇ ਪਾਰਟੀ ਆਪਣਾ ਚੋਣ ਮੈਨੀਫੈਸਟੋ ਅਤੇ ਆਪਣੇ ਪਾਲਿਸੀ ਪ੍ਰੋਗਰਾਮ ਤੁਹਾਡੇ ਸਾਹਮਣੇ ਰੱਖੇ ਜਾ ਸਕਣ।
ਮਾਨ ਨੇ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜੇਕਰ ਇਸ ਵਾਰ ਪੰਜਾਬ ਦੇ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ।
ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਸਵੇਰੇ 11 ਵਜੇ ਰੇਲ ਗੱਡੀ ਰਾਹੀਂ ਸੰਗਰੂਰ ਪਹੁੰਚੇ ਅਤੇ ਉਸ ਤੋਂ ਬਾਅਦ ਉਹ ‘ਆਪ’ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਦੇ ਘਰ ਪੁੱਜੇ, ਜਿਥੇ ਕੇਜਰੀਵਾਲ ਦਾ ਪਾਰਟੀ ਆਗੂਆਂ ਅਤੇ ਵਲੰਟੀਅਰਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਕੇਜਰੀਵਾਲ ਨੇ ਭਗਵੰਤ ਮਾਨ ਦੇ ਘਰ ਹੀ ਪਾਰਟੀ ਦੇ ਵਿਧਾਇਕਾਂ ਨਾਲ ਵਿਸ਼ੇਸ਼ ਬੈਠਕ ਵੀ ਕੀਤੀ।