ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਦੋਆਬਾ ਖੇਤਰ ਵਿਚ ਭਗਵਾਨ ਵਾਲਮੀਕਿ ਦੇ ਨਾਂ ’ਤੇ ਯੂਨੀਵਰਸਿਟੀ ਬਣਾਈ ਜਾਵੇਗੀ
ਰਾਮ ਤੀਰਥ (ਅੰਮ੍ਰਿਤਸਰ), 17 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਰਬੀਆਂ ਨੂੰ ਦੱਸਣ ਕਿ ਉਹਨਾਂ ਨੇ ਆਪਣੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਦੌਰਾਨ ਬਾਰਡਰ ਸਕਿਓਰਿਟੀ ਫੋਰਸ (ਬੀ ਐਸ ਐਫ) ਦਾ ਅਧਿਕਾਰ ਖੇਤਰ ਅੱਧੇ ਪੰਜਾਬ ਤੱਕ ਵਧਾਉਣ ਦੀ ਤਜਵੀਜ਼ ਲਈ ਸਹਿਮਤੀ ਕਿਉਂ ਦਿੱਤੀ।
ਇਥੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਮਾਗਮਾਂ ਦੀ ਲੜੀ ਤਹਿਤ ਭਗਵਾਨ ਵਾਲਮੀਕਿ ਤੀਰਥ ਸਥਲ ’ਤੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਮੁੱਖ ਮੰਤਰੀ 5 ਅਕਤੂਬਰ ਨੁੰ ਗ੍ਰਹਿ ਮੰਤਰੀ ਨੁੰ ਮਿਲੇ ਜਿਸ ਮਗਰੋਂ ਬੀ ਐਸ ਐਫ ਦਾ ਅਧਿਕਾਰ ਖੇਤਰ ਸੂਬੇ ਦੇ 10 ਤੋਂ ਜ਼ਿਆਦਾ ਜ਼ਿਲਿ੍ਹਆਂ ਵਿਚ ਵਧਾ ਕੇ ਉਸਨੂੰ ਤਲਾਸ਼ੀ ਲੈਣ, ਬਰਾਮਦੀ ਕਰਨ ਤੇ ਗ੍ਰਿਫਤਾਰੀਆਂ ਕਰਨ ਦਾ ਅਧਿਕਾਰ ਦਿੱਤਾ ਗਿਆ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੁੰ ਕਿਹਾ ਕਿ ਕੇਵਲ ਤਸਵੀਰਾਂ ਖਿੱਚਵਾਉਣ ਨਾਲ ਕੋਈ ਪ੍ਰਾਪਤੀ ਨਹੀਂ ਹੋਣੀ। ਉਹਨਾਂ ਕਿਹਾ ਕਿ ਪੰਜਾਬੀ ਤੁਹਾਡੇ ਤੋਂ ਇਹ ਫੈਸਲਾ ਜੋ ਕਿ ਸੰਘਵਾਦ ਦੇ ਸਿਧਾਂਤਾਂ ਦੇ ਨਾਲ ਨਾਲ ਲੋਕਤੰਤਰੀ ਕਦਰਾਂ ਕੀਮਤਾਂ ਦੇ ਵੀ ਖਿਲਾਫ ਹੈ, ਰਾਹੀਂ ਪੰਜਾਬ ’ਤੇ ਕੇਂਦਰੀ ਰਾਜ ਲਾਗੂ ਕਰਨ ਦੀ ਸਾਜ਼ਿਸ਼ ਅਸਫਲ ਬਣਾਉਣ ਲਈ ਫੈਸਲਾਕੁੰਨ ਕਾਰਵਾਈ ਦੀ ਆਸ ਰੱਖਦੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸ੍ਰੀ ਚੰਨੀ ਨੇ ਹੁਣ ਤੱਕ ਕਿਸੇ ਠੋਸ ਕਾਰਵਾਈ ਨਾਲ ਇਸ ਫੈਸਲੇ ਪ੍ਰਤੀ ਕੋਈ ਪ੍ਰਤੀਕਰਮ ਨਹੀਂ ਦਿੱਤਾ।
ਉਹਨਾਂ ਨੇ ਇਕ ਕਾਂਗਰਸ ਪਾਰਟੀ ਵੱਲੋਂ ਇਕ ਅਨੁਸੂਚਿਤ ਜਾਤੀ ਦੇ ਆਗੂ ਨੁੰ ਮੁੱਖ ਮੰਤਰੀ ਬਣਾ ਕੇ ਸਿਰਫ ਪ੍ਰਤੀਕ ਸਾਬਤ ਕਰਨ ਦੇ ਯਤਨਾਂ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਆਗੂ ਦੀ ਕੰਮ ਕਰਨ ਦੀ ਮਨਸ਼ਾ ਹੋਣੀ ਚਾਹੀਦੀ ਹੈ ਤੇ ਕਾਂਗਰਸ ਪਾਰਟੀ ਨੂੰ ਉਸਨੁੰ ਕੰਮ ਕਰਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਵੇਲੇ ਇਹ ਦੋਵੇਂ ਚੀਜ਼ਾ ਲਾਪਤਾ ਹਨ।
ਜਦੋਂ ਉਹਨਾਂ ਤੋਂ ਸਿੰਘੂ ਵਿਖੇ ਵਾਪਰੀ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਬਰਬਰਤਾ ਦੀ ਕਿਸੇ ਵੀ ਕਾਰਵਾਈ ਦੀ ਇਕ ਸਭਿਅਕ ਸਮਾਜ ਵਿਚ ਥਾਂ ਨਹੀਂ ਹੈ। ਉਹਨਾ ਨੇ ਸਾਰੇ ਮਾਮਲੇ ਦੀ ਆਜ਼ਾਦ ਤੇ ਨਿਰਪੱਖ ਤੇ ਤੇਜ਼ ਰਫਤਾਰ ਜਾਂਚ ਮੰਗੀ।
ਇਸ ਤੋਂ ਪਹਿਲਾਂ ਸਥਲ ਜਿਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੀ ਅਗਵਾਈ ਵਾਲੀ ਸਰਕਾਰ ਵੇਲੇ 250 ਕਰੋੜ ਰੁਪਏ ਨਾਲ ਨਵੀਨੀਕਰਨ ਕੀਤਾ ਗਿਆ, ਦੇ ਵੱਡੇ ਹਾਲ ਵਿਚ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਦੋਆਬਾ ਇਲਾਕੇ ਵਿਚ ਭਗਵਾਨ ਵਾਲਮੀਕਿ ਦੇ ਨਾਂ ’ਤੇ ਇਕ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਯੂਨੀਵਰਸਿਟੀ ਪਹਿਲਾਂ ਐਲਾਨੀ ਡਾ. ਬੀ ਆਰ ਅੰਬੇਡਕਰ ਦੇ ਨਾਂ ’ਤੇ ਯੂਨੀਵਰਸਿਟੀ ਤੋਂ ਵੱਖਰੀ ਹੋਵੇਗੀ।
ਸਰਦਾਰ ਬਾਦਲ ਸਾਰੀਆਂ ਵਿਰਾਸਤੀ ਥਾਵਾਂ ਤੇ ਅਹਿਮ ਧਾਰਮਿਕ ਸਥਾਨਾਂ ਦੇ ਨਿਯਮਿਤ ਰੱਖ ਰਖਾਅ ਵਾਸਤੇ ਵਿਸ਼ੇਸ਼ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਨਾਲ ਵਿਰਾਸਤੀ ਮਾਰਗ ਦੀ ਮਾੜੀ ਦਸ਼ਾ ਵੇਖ ਕੇ ਅਜਿਹਾ ਕਰਨਾ ਜ਼ਰੂਰੀ ਹੋ ਗਿਆ ਹੈ।
ਸੂਬੇ ਵਿਚ ਸਭ ਦੇ ਸਰਵ ਪੱਖੀ ਵਿਕਾਸ ਬਾਰੇ ਆਪਣੀ ਸੋਚ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਟਾ ਦਾਲ ਤੇ ਸ਼ਗਨ ਸਕੀਮਾਂ ਵੱਡਾ ਫੈਸਲਾ ਸਨ ਜਿਸਨੇ ਗਰੀਬ ਤੋਂ ਵੀ ਗਰੀਬ ਦੇ ਆਰਥਿਕ ਹਾਲਾਤ ਸੁਧਾਰੇ। ਉਹਨਾਂ ਕਿਹਾ ਕਿ ਹੁਣ ਅਸੀਂ ਤਕਨੀਕੀ ਸੰਸਥਾਵਾਂ ਵਿਚ ਸਮਾਜ ਦੇ ਕਮਜ਼ੋਰ ਵਰਗਾਂ ਦੇ ਮੈਰਟੋਰੀਅਸ ਵਿਦਿਆਰਥੀਆਂ ਲਈ 33 ਫੀਸਦੀ ਰਾਖਵਾਂਕਰਨ ਦੇ ਕੇ ਅਜਿਹਾ ਕਦਮਾਂ ਨੂੰ ਹੋਰ ਹੁਲਾਰਾ ਦੇਵਾਂਗੇ।ਉਹਨਾਂ ਕਿਹਾ ਕ ਇਸ ਤੋਂ ਇਲਾਵਾ ਸਰਕਾਰ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ 10 ਲੱਖ ਰੁਪਏ ਦਾ ਕਰਜ਼ਾ ਲੈ ਕੇ ਦੇਣ ਵਾਸਤੇ ਗਰੰਟੀ ਦੇਵੇਗੀ।
ਪਿਛਲੀ ਅਕਾਲੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕਰਦਿਆਂ ਉਹਨਾਂ ਵਾਅਦਾ ਕੀਤਾ ਕਿ ਐਸ ਸੀ ਤੇ ਬੀ ਸੀ ਵਰਗ ਦੇ ਮੈਂਬਰਾਂ ਲਈ ਪੰਜ ਪੰਜ ਲੱਖ ਘਰ ਬਣਾ ਕੇ ਦਿੱਤੇ ਜਾਣਗੇ ਤੇ 50 ਫੀਸਦੀ ਐਸ ਸੀ ਆਬਾਦੀ ਵਾਲੀ ਪੰਚਾਇਤ ਨੂੰ 50 ਲੱਖ ਰੁਪਏ ਦਾ ਵਿਸ਼ੇਸ਼ ਗਰਾਂਟ ਵਿਕਾਸ ਕਾਰਜਾਂ ਵਾਸਤੇ ਦਿੱਤੀ ਜਾਵੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਗਾਲ੍ਹ ਕੱਢਣ ਤੇ ਸੂਬਾ ਸਰਕਾਰ ਦੇ ਮਾਮਲਿਆਂ ਵਿਚ ਗੈਰ ਲੋੜੀਂਦਾ ਦਖਲ ਦੇਣ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਲੋਕਾਂ ਨੂੰ ਮੂਰਖ ਬਣਾਉਣ ਦੀ ਥਾਂ ’ਤੇ ਨਵਜੋਤ ਸਿੱਧੂ ਦੇ ਨਾਲ ਨਾਲ ਮੁੱਖ ਮੰਤਰੀ ਵੀ ਲੋਕਾਂ ਸਾਹਮਣੇ ਉਹ ਬਲੂ ਪ੍ਰਿੰਟ ਰੱਖਣ ਕਿ ਕਿਵੇਂ 2017 ਵਿਚ ਕੀਤੇ ਵਾਅਦੇ ਪੂਰੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ, ਘਰ ਘਰ ਨੌਕਰੀ ਦੇਣ ਵਿਚ ਨਾਕਾਮ ਰਹਿਣ ਦੇ ਨਾਲ ਨਾਲ ਸਾਰੀਆਂ ਸਮਾਜ ਭਲਾਈ ਸਕੀਮਾਂ ਵਿਚ ਵਾਧਾ ਕਰਨ ਦਾ ਕੀਤਾ ਵਾਅਦਾ ਵੀ ਪੂਰਾ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਇਹ ਵੀ ਦੱਸੇ ਕਿ ਚੋਣਾਂ ਵਿਚ ਉਸਦਾ ਮੁੱਖ ਮੰਤਰੀ ਦਾ ਚੇਹਰਾ ਕੌਣ ਹੋਵੇਗਾ ਕਿਉਂਕਿ ਕਾਂਗਰਸ ਪਾਰਟੀ ਵਿਚ ਕੋਈ ਜਵਾਬਦੇਹੀ ਨਹੀਂ ਹੈ ਤੇ ਇਸੇ ਕਾਰਨ ਕਾਂਗਰਸ ਦੇ ਮੰਤਰੀ ਤੇ ਵਿਧਾਇਕ ਸੂਬੇ ਦੇ ਸਰੋਤਾ ਦੀ ਖੁੱਲੀ ਲੁੱਟ ਵਿਚ ਲੱਗੇ ਹਨ।
ਇਸ ਮੌਕੇ ਸੀਨੀਅਰ ਆਗੂ ਗੁਲਜ਼ਾਰ ਸਿੰਘ ਰਣੀਕੇ ਤੇ ਅਨਿਲ ਜੋਸ਼ੀ ਵੀ ਸੰਬੋਧਨ ਕੀਤਾ। ਇਸ ਮੌਕੇ ਵਾਲਮੀਕਿ ਸਮਾਜ ਦੀਆਂ ਵੱਖ ਵੱਖ ਧਾਰਮਿਕ ਸ਼ਖਸੀਅਤਾਂ ਵੀ ਮੰਚ ’ਤੇ ਹਾਜ਼ਰ ਸਨ ਤੇ ਇਸ ਤੋਂ ਇਲਾਵਾ ਅਕਾਲੀ ਆਗੂ ਲਖਬੀਰ ਸਿੰਘ ਲੋਧੀਨੰਗਲ, ਵਿਰਸਾ ਸਿੰਘ ਵਲਟੋਹਾ, ਪ੍ਰਕਾਸ਼ ਚੰਦ ਗਰਗ, ਪਵਨ ਟੀਨੂੰ, ਹਰੀਸ਼ ਰਾਏ ਢਾਂਚਾ, ਜਗਬੀਰ ਬਰਾੜ, ਗੁਰਪ੍ਰਤਾਪ ਸਿੰਘ ਟਿੱਕਾ, ਮੋਂਟੂ ਵੋਹਰਾ, ਚੰਦਨ ਗਰੇਵਾਲ, ਵਿਜੇ ਦਾਨਵ, ਮਨਜੀਤ ਮਾਨ, ਮਲਕੀਅਤ ਸਿੰਘ ਏ ਆਰ, ਅਮਰਪਾਲ ਸਿੰਘ ਅਜਨਾਲਾ, ਤਲਬੀਰ ਸਿੰਘ ਗਿੱਲ, ਵੀਰ ਸਿੰਘ ਲੋਪੋਕੇ ਅਤੇ ਰਾਜ ਕੁਮਾਰ ਅਤਿਕਾਏ ਵੀ ਮੌਜੂਦ ਸਨ।