ਐਸ ਸੀ ਵਰਗ ਦੇ ਮੁੱਖ ਮੰਤਰੀ ਨੂੰ ਕਠਪੁਤਲੀ ਵਾਂਗੂ ਵਰਤਣ ਵਿਚ ਨਾਕਾਮ ਰਹਿਣ ’ਤੇ ਮੌਜੂਦਾ ਚਾਲ ਚੱਲੀ : ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ, 28 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਨਵਜੋਤ ਸਿੱਧੂ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਅਸਤੀਫਾ ਦੇਣ ਨੁੰ ਹਊਮੈ ਨਾਲ ਭਰੇ ਵਿਅਕਤੀ ਦਾ ਰਾਹ ਅਨੁਸੂਚਿਤ ਜਾਤੀ ਦੇ ਆਗੂ ਵੱਲੋਂ ਮੁੱਖ ਮੰਤਰੀ ਦੀ ਕੁਰਸੀ ਲਈ ਬਲਾਕ ਕੀਤੇ ਜਾਣ ਤੋਂ ਬਾਅਦ ਨਮੋਸ਼ੀ ਦਾ ਨਤੀਜਾ ਕਰਾਰ ਦਿੱਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਮਹਿਸੂਸ ਕਰ ਲਿਆ ਹੈ ਕਿ ਉਹਨਾਂ ਦੇ ਵਰਤੋਂ ਤੇ ਸੁੱਟੋ ਦੇ ਜਾਲ ਨੂੰ ਐਸ ਸੀ ਭਾਈਚਾਰੇ ਦੇ ਪਾਰਟ ਟਾਈਮ ਤੇ ਡੰਮੀ ਮੁੱਖ ਮੰਤਰੀ ਨੇ ਸਮਝ ਲਿਆ ਹੈ ਤੇ ਫਰਵਰੀ ਤੱਕ ਇਹ ਸੀਟ ਸਿੱਧੂ ਲਈ ਰਾਖਵੀਂ ਰੱਖਣ ਦੀ ਯੋਜਨਾ ਠੁੱਸ ਹੋ ਗਈ ਹੈ। ਉਹਨਾਂ ਕਿਹਾ ਕਿ ਸਿਆਸਤ ਉਸ ਤਰੀਕੇ ਨਹੀਂ ਚੱਲੀ ਜਿਵੇਂ ਸਿੱਧੂ ਨੇ ਸੋਚੀ ਸੀ ਤੇ ਇਹ ਗੱਲ ਆਉਂਦੀਆਂ ਚੋਣਾਂ ਵਾਸਤੇ ਕਾਂਗਰਸ ਦੇ ਮੁੱਖ ਮੰਤਰੀ ਦੇ ਚੇਹਰੇ ਨੂੰ ਬਰਦਾਸ਼ਤ ਨਹੀਂ ਹੋਈ। ਉਹਨਾਂ ਕਿਹਾ ਕਿ ਸਿੱਧੂ ਨੁੰ ਹੁਣ ਸਮਝ ਆ ਗਿਆ ਹੈ ਕਿ ਜਿਥੇ ਤੱਕ ਉਸਦੇ ਮੁੱਖ ਮੰਤਰੀ ਦੀ ਇੱਛਾ ਪਾਲਣ ਦਾ ਸਵਾਲ ਹੈ, ਉਸ ਲਈ ਖੇਡ ਹੁਣ ਖਤਮ ਹੋ ਗਈ ਹੈ। ਇਸੇ ਲਈ ਇਹੀ ਗੁੱਸਾ ਤੇ ਨਮੋਸ਼ੀ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਐਸ ਸੀ ਭਾਈਚਾਰੇ ਦਾ ਕਦੇ ਵੀ ਮੁਆਫ ਨਾ ਕੀਤੇ ਜਾ ਸਕਣ ਵਾਲਾ ਅਪਮਾਨ ਕੀਤਾ ਹੈ। ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਨੇ ਇਹੀ ਫਿਰਕੂ ਖੇਡਾਂ ਕਾਂਗਰਸ ਦੇ ਆਗੂ ਸੁਨੀਲ ਜਾਖੜ ਨਾਲ ਖੇਡੀਆਂ ਸਨ ਜਿਹਨਾਂ ਦੇ ਭਾਈਚਾਰੇ ਨੂੰ ਉਹਨਾਂ ਜ਼ਲੀਲ ਕੀਤਾ ਸੀ। ਉਹਨਾਂ ਕਿਹਾ ਕਿ ਇਹ ਫਿਰਕੂ ਤੇ ਜਾਤੀ ਸੂਚਕ ਟਿੱਪਣੀਆਂ ਕਦੇ ਵੀ ਮੁਆਫ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਪੰਜਾਬ ਦਾ ਤਾਂ ਹਮੇਸ਼ਾ ਸਭਿਆਚਾਰਕ ਸਾਂਝ, ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਨਾਲ ਰੋਜ਼ਾਨਾ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਤੋਂ ਸੇਧ ਲੈਣ ਦਾ ਇਤਿਹਾਸ ਰਿਹਾ ਹੈ। ਉਹਨਾਂ ਕਿਹਾ ਕਿ ਸਿੱਧੂ ਦੀਆਂ ਖੇਡਾਂ ਸਾਡੀ ਪਵਿੱਤਰ ਅਰਦਾਸ ਦੇ ਖਿਲਾਫ ਹਨ ਅਤੇ ਕੋਈ ਹੈਰਾਨੀ ਨਹੀਂ ਕਿ ਅਕਾਲ ਪੁਰਖ ਤੇ ਕੁਦਰਤ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਪਿਛਲੇ ਕੁਝ ਹਫਤਿਆਂ ਦੇ ਡਰਾਮੇ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਵਿਚ ਲੜਾਈ ਸਿਰਫ ਕੁਰਸੀਆਂ ਵਾਸਤੇ ਹੈ ਤੇ ਇਹਨਾਂ ਦਾ ਮੁੱਦਿਆਂ, ਸਿਧਾਂਤਾਂ ਜਾਂ ਲੋਕਾਂ ਦੇ ਹਿੱਤਾਂ ਨਾਲ ਕੋਈ ਲੈਣ ਦੇਣ ਨਹੀਂ ਹੈ। ਉਹਨਾਂ ਕਿਹਾ ਕਿ ਕਾਂਗਰਸੀ ਆਗੂ ਭੇੜੀਆਂ ਵਾਂਗ ਮਾਸ ਦੇ ਟੁਕੜੇ ਲਈ ਲੜਦੇ ਵੇਖੇ ਜਾ ਰਹੇ ਸਨ। ਉਹਨਾਂ ਕਿਹਾ ਕਿ ਸ਼ੁਰੂ ਤੋਂ ਹੀ ਇਹ ਲੜਾਈ ਸਿਰਫ ਮੁੱਖ ਮੰਤਰੀ ਦੀ ਕੁਰਸੀ ਦੀ ਅਤੇ ਨਿੱਜੀ ਲਾਲਸਾ ਤੇ ਹਊਮੈ ਦੀ ਸੀ। ਉਹਨਾਂ ਕਿਹਾ ਕਿ ਇਹ ਉਹੀ ਸ਼ਰਾਬ ਦੇ ਲੁਟੇਰਿਆਂ ਤੇ ਰੇਤ ਮਾਫੀਆ ਦੀ ਟੀਮ ਹੈ ਜਿਸਦੇ ਮਾਫੀਆ ਵਿਚ ਨਵੇਂ ਵਿਅਕਤੀ ਸ਼ਾਮਲ ਹੋ ਗਏ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਸਿੱਧੂ ਦੀ ਨਮੋਸ਼ੀ ਇਸ ਗੱਲੋਂ ਵੀ ਉਭਰੀ ਹੈ ਕਿ ਕਾਂਗਰਸ ਨੇ ਇਕ ਐਸ ਸੀ ਵਿਅਕਤੀ ਨੂੰ ਮੁੱਖ ਮੰਤਰੀ ਵਾਸਤੇ ਚੁਣਿਆ ਜਿਸ ਤੋਂ ਹੁਣ ਛੁਟਕਾਰਾ ਔਖਾ ਹੈ।
ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਇਸ ਸਾਰੀ ਸਰਕਸ ਨੇ ਕਾਂਗਰਸ ਵੱਲੋਂ ਸਾਢੇ ਚਾਰ ਸਾਲਾਂ ਦੇ ਕੁਸ਼ਾਸਨ ਦੀ ਜ਼ਿੰਮੇਵਾਰੀ ਇਕ ਵਿਅਕਤੀ ਦੇ ਸਿਰ ਸੁੱਟ ਕੇ ਸੂਬੇ ਦੇ ਲੋਕਾਂ ਨੂੰ ਮੂਰਖ ਬਣਾਉਣ ਦੇ ਯਤਨ ਨੁੰ ਬੇਨਕਾਬ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਦਾ ਚੇਹਰਾ ਬਦਲ ਕੇ ਇਹ ਲੋਕ ਆਪਣੇ ਆਪ ਨੂੰ ਸਾਫ ਸੁਥਰਾ ਤੇ ਦੋਸ਼ ਮੁਕਤ ਸਾਬਤ ਕਰ ਲੈਣਗੇ। ਉਹਨਾਂ ਕਿਹਾ ਕਿ ਇਹਨਾਂ ਆਗੂਆਂ ਨੇ ਪਹਿਲਾਂ ਇਹਨਾਂ ਸਾਲਾਂ ਦੌਰਾਨ ਪੂਰੀ ਤਾਕਤ ਵਰਤੀ ਤੇ ਸਰਕਾਰ ਚਲਾਉਣ ਵਿਚ ਮੌਜਾਂ ਮਾਣੀਆਂ। ਉਹਨਾਂ ਕਿਹਾ ਕਿ ਹੁਣ ਇਹ ਲੋਕ ਇਹ ਸਾਬਤ ਕਰਨ ਦੇ ਯਤਨ ਕਰ ਰਹੇ ਹਨ ਕਿ ਇਹ ਤਾਕਤ ਵਿਹੂਣੇ ਸਨ ਤੇ ਇਹਨਾਂ ਨੂੰ ਲੱਗਦਾ ਹੈ ਕਿ ਪੰਜਾਬੀਆਂ ਨੁੰ ਇਸ ਤਰੀਕੇ ਮੂਰਖ ਬਣਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਕੁਦਰਤ ਦਾ ਇਹਨਾਂ ਅਖੌਤੀਆਂ ਨੁੰ ਬੇਨਕਾਬ ਕਰਨ ਦਾ ਆਪਣਾ ਅਸੂਲ ਤੇ ਤਰੀਕਾ ਹੈ। ਉਹਨਾਂ ਕਿਹਾ ਕਿ ਪਿਛਲੇ 15 ਦਿਨਾਂ ਵਿਚ ਵਾਪਰੇ ਘਟਨਾਕ੍ਰਮ ਨੇ ਦਰਸਾ ਦਿੱਤਾ ਹੈ ਕਿ ਇਹ ਸਾਰੀ ਲੜਾਈ ਸਿਰਫ ਮੁੱਖ ਮੰਤਰੀ, ਮੰਤਰੀ ਦੇ ਅਹੁਦੇ ਤੇ ਭ੍ਰਿਸ਼ਟਾਚਾਰ ਲਈ ਸੀ। ਉਹਨਾਂ ਕਿਹਾ ਕਿ ਕਾਂਗਰਸੀ ਆਗੂ ਅਖੀਰਲੇ ਚਾਰ ਮਹੀਨਿਆਂ ਵਿਚ ਖੁੱਲ੍ਹੀ ਲੁੰਟ ਚਾਹੁੰਦੇ ਸਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਹਨਾਂ ਦਾ ਸਮਾਂ ਖਤਮ ਹੋ ਗਿਆ ਹੈ।