ਸੀਨੀਅਰ ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਰਾਜੇਵਾਲ ਨੇ ਅਕਾਲੀ ਦਲ ਵੱਲੋਂ ਸੰਸਦ ਤੱਕ ਕੀਤੇ ਜਾਣ ਵਾਲੇ ਮਾਰਚ ਵਿਚ ਸ਼ਾਮਲ ਹੋਣ ਲਈ ਦਿੱਲੀ ਆ ਰਹੇ ਅਕਾਲੀ ਵਰਕਰਾਂ ’ਤੇ ਹਮਲਾ ਕਰਨ ਵਾਲੇ ਗੁੰਡਿਆਂ ਖਿਲਾਫ ਜਨਤਕ ਤੌਰ ’ਤੇ ਕਾਰਵਾਈ ਨਹੀਂ ਕੀਤੀ
ਚੰਡੀਗੜ੍ਹ, 21 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੁੰ ਆਖਿਆ ਕਿ ਉਹ ਕਿਸਾਨ ਅੰਦੋਲਨ ਨੁੰ ਰਾਜਨੀਤੀ ਤੋਂ ਉਪਰ ਰੱਖਣ ਅਤੇ ਉਹਨਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਜਿਹੜੇ ਗੁੰਡਿਆਂ ਨੇ ਅਕਾਲੀ ਦਲ ਵੱਲੋਂ ਸੰਸਦ ਤੱਕ ਕੱਢੇ ਜਾਣ ਵਾਲੇ ਮਾਰਚ ਵਿਚ ਸ਼ਾਮਲ ਹੋਣ ਦਿੱਲੀ ਆ ਰਹੇ ਅਕਾਲੀਆਂ ’ਤੇ ਹਮਲੇ ਕੀਤੇ, ਉਹਨਾਂ ਖਿਲਾਫ ਉਹ ਠੋਸ ਕਾਰਵਾਈ ਕਰਨ।
ਇਥੇ ਪਾਰਟੀ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਰਾਜੇਵਾਲ ਨੇ ਇਹ ਮੰਨ ਲਿਆ ਹੈ ਕਿ ਕੁਝ ਮਾੜੇ ਤੱਤ ਹਨ ਜੋ ਕਿਸਾਨ ਸੰਘਰਸ਼ ਨੁੰ ਬਦਨਾਮ ਕਰਨਾ ਚਾਹੁੰਦੇ ਹਨ ਪਰ ਇਸਦੇ ਬਾਵਜੂਦ ਕਿਸਾਨ ਆਗੂ ਨੇ ਨਾ ਤਾਂ ਅਜਿਹੇ ਦੋਸ਼ੀਆਂ ਤੋਂ ਗੁੰਡਾਗਰਦੀ ਲਈ ਬਿਨਾਂ ਸ਼ਰਤ ਮੁਆਫੀ ਮੰਗਵਾਈ ਤੇ ਨਾ ਹੀ ਉਹਨਾਂ ਖਿਲਾਫ ਕਾਨੁੰਨ ਅਨੁਸਾਰ ਕਾਰਵਾਈ ਹੀ ਕੀਤੀ ਹੈ।
ਪ੍ਰੋ. ਚੰਦੂਮਾਜਰਾ ਤੇ ਸਰਦਾਰ ਗਰੇਵਾਲ ਨੇ ਰਾਜੇਵਾਲ ਦੇ ਉਸ ਬਿਆਨ ਦਾ ਵੀ ਗੰਭੀਰ ਨੋਟਿਸ ਜਿਸ ਵਿਚ ਉਹਨਾਂ ਕਿਹਾ ਕਿ ਅਕਾਲੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੁੰ ਹੀ ਦਿੱਲੀ ਵਿਚ ਰੋਸ ਮਾਰਚ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਨੁੰ ਸਮਝ ਨਹੀਂ ਆਉਂਦਾ ਕਿ ਉਹਨਾਂ ਨੁੰ ਹਜ਼ਾਰਾਂ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕਰਨ ’ਤੇ ਕੀ ਇਤਰਾਜ਼ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਹਜ਼ਾਰਾਂ ਕਿਸਾਨਾਂ ਨੇ ਸੰਸਦ ਤੱਕ ਮਾਰਚ ਕਰ ਕੇ ਏਕਤਾ ਤੇ ਮਜ਼ਬੂਤੀ ਦਾ ਸੰਦੇਸ਼ ਦੇ ਕੇ ਦੁਨੀਆਂ ਭਰ ਦਾ ਧਿਆਨ ਖਿੱਚਿਆ ਸੀ।
ਅਕਾਲੀ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਰਾਜੇਵਾਲ ਦਾ ਬਹੁਤ ਮਾਣ ਸਤਿਕਾਰ ਕਰਦਾਹੈ। ਉਹਨਾਂ ਕਿਹਾ ਕਿ ਰਾਜੇਵਾਲ ਨੂੰ ਸਿਆਸੀ ਬਿਆਨਾਂ ਨਾਲ ਆਪਣਾ ਸਤਿਕਾਰ ਨਹੀਂ ਘਟਾਉਣਾ ਚਾਹੀਦਾ। ਉਹਨਾਂ ਕਿਹਾ ਕਿ ਅਸੀਂ ਸਿਆਸੀ ਮਾਮਲਿਆਂ ’ਤੇ ਵੱਖਰੇ ਤੌਰ ’ਤੇ ਬਹਿਸ ਕਰਨ ਲਈ ਤਿਆਰ ਹਾਂ ਤੇ ਇਸ ਵਾਸਤੇ ਕਿਸਾਨ ਫੋਰਮ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਉਹਨਾਂ ਇਹ ਵੀ ਦੱਸਿਆ ਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸੰਸਦ ਵਿਚ ਦਿੱਤੇ ਬਿਆਨ ਜਨਤਕ ਰਿਕਾਰਡ ਦਾ ਹਿੱਸਾ ਹਨ ਤੇ ਸਰਦਾਰਨੀ ਬਾਦਲ ਸੂਬੇ ਦੇ ਇਤਿਹਾਸ ਵਿਚ ਇਕਲੌਤੇ ਕੇਂਦਰੀ ਮੰਤਰੀ ਹਨ ਜਿਹਨਾਂ ਨੇ ਕਿਸਾਨਾਂ ਦੇ ਸਮਰਥਨ ਵਿਚ ਮੰਤਰਾਲੇ ਤੋਂ ਅਸਤੀਫਾ ਦਿੱਤਾ।
ਇਸ ਦੌਰਾਨ ਡਾ. ਚੀਮਾ ਨੇ ਰਾਜੇਵਾਲ ਦਾ ਇਹ ਦਾਅਵਾ ਖਾਰਜ ਕਰ ਦਿੱਤਾ ਕਿ ਅਕਾਲੀ ਦਲ ਵੀਡੀਓ ਰਿਲੀਜ਼ ਕਰ ਕੇ ਕਿਸਾਨ ਅੰਦੋਲਨ ਨੁੰ ਬਦਨਾਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਇਹਨਾਂ ਵੀਡੀਓ ਵਿਚ ਅਕਾਲੀ ਆਗੂਆਂ ਤੇ ਬਲਕਿ ਮਹਿਲਾਵਾਂ ਨੁੰ ਮਾੜਾ ਸਲੂਕ ਹੁੰਦਾ, ਇਹਨਾਂ ਨੁੰ ਡਰਾਇਆ ਧਮਕਾਇਆ ਜਾਂਦਾ ਤੇ ਲੁੱਟਿਆਂ ਤੇ ਇਹਨਾਂ ਦੇ ਵਾਹਨਾਂ ਨੁੰ ਨੁਕਸਾਨ ਪਹੁੰਚਾਇਆ ਜਾਣਾ ਵੇਖਿਆ ਜਾ ਸਕਦਾ ਹੈ ਤੇ ਇਹ ਵੀਡੀਓ ਕਾਰਾ ਕਰਨ ਵਾਲਿਆਂ ਨੇ ਪੋਸਟ ਕੀਤੀਆਂ ਹਨ ਨਾ ਕਿ ਪੀੜਤਾਂ ਨੇ ਕੀਤੀਆਂ ਹਨ। ਉਹਨਾਂ ਨੇ ਰਾਜੇਵਾਲ ਨੂੰ ਪੁੱਛਿਆ ਕਿ ਉਹਨਾਂ ਨੇ ਇਸ ਅਪਰਾਧੀ ਗਤੀਵਿਧੀ ਦਾ ਕੀ ਨੋਟਿਸ ਲਿਆ ਹੈ ਤੇ ਉਹਨਾਂ ਨੇ ਇਸ ਮਾਮਲੇ ਵਿਚ ਉਹਨਾਂ ਨੇ ਕੀਤੀ ਕਾਰਵਾਈ ਬਾਰੇ ਲੋਕਾਂ ਤੇ ਹੋਰ ਕਿਸਾਨ ਯੂਨੀਅਨਾਂ ਨੁੰ ਕਿਉਂ ਨਹੀਂ ਦੱਸਿਆ।
ਡਾ. ਚੀਮਾ ਨੇ ਇਹ ਵੀ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਰਾਜੇਵਾਲ ਨੇ ਸਾਰੇ ਮਾਮਲੇ ਦਾ ਸਿਆਸੀਕਰਨ ਕਰਨ ਅਤੇ ਅਕਾਲੀ ਦਲ, ਜਿਸਨੇ ਕੇਂਦਰੀ ਮੰਤਰਾਲਾ ਵੀ ਛੱਡਿਆ ਤੇ ਐਨ ਡੀ ਏ ਨਾਲ ਗਠਜੋੜ ਵੀ ਤੋੜਿਆ, ਨੂੰ ਬਦਨਾਮ ਕਰਨ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਰਾਜੇਵਾਲ ਆਰਡੀਨੈਂਸ ਤਿਆਰ ਕਰਨ ਵਿਚ ਕਾਂਗਰਸ ਪਾਰਟੀ ਦੀ ਭੂਮਿਕਾ ਤੇ ਕਾਂਗਰਸ ਸਰਕਾਰ ਵੱਲੋਂ 2017 ਵਿਚ ਏ ਪੀ ਐਮ ਸੀ ਐਕਟਾਂ ਵਿਚ ਕੀਤੀਆਂ ਸੋਧਾਂ ਬਾਰੇ ਗੱਲ ਕਰਨ ਵਿਚ ਨਾਕਾਮ ਰਹੇ ਹਨ।
ਅਕਾਲੀ ਆਗੂਆਂ ਨੇ ਸਪਸ਼ਟ ਕਿਹਾ ਕਿ 17 ਸਤੰਬਰ ਨੁੰ ਇਸ ਵੱਲੋਂ ਆਯੋਜਿਤ ਰੋਸ ਮਾਰਚ ਦਾ ਮਕਸਦ ਸਿਰਫ ਕਿਸਾਨ ਅੰਦੋਲਨ ਨੁੰ ਮਜ਼ਬੂਤ ਕਰਨਾ ਸੀ ਤੇ ਰਾਜੇਵਾਲ ਨੁੰ ਇਸ ਕਦਮ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਾਰਟੀ ਨੇ ਮਾਰਚ ਵਿਚ ਵੀ ਸਪਸ਼ਟ ਕਰ ਦਿੱਤਾ ਸੀ ਕਿ ਉਹ ਤਿੰਨ ਖੇਤੀ ਕਾਨੁੰਨ ਰੱਦ ਕਰਵਾਉਣ, ਐਮ ਐਸ ਪੀ ਨੂੰ ਕਾਨੂੰਨੀ ਅਧਿਕਾਰ ਦੇਣ ਅਤੇ ਸਾਰੀਆਂ ਪ੍ਰਮੁੱਖ ਫਸਲਾਂ ਦੀ ਯਕੀਨੀ ਸਰਕਾਰੀ ਖਰੀਦ ਬਾਰੇ ਦ੍ਰਿੜ੍ਹ ਸੰਕਲਪ ਹੈ। ਉਹਨਾ ਨੇ ਦਿੱਲੀ ਰੋਸ ਮਾਰਚ ਵਿਚ ਇਹਨਾਂ ਮੰਗਾਂ ਬਾਰੇ ਹੀ ਨਾਅਰੇਬਾਜ਼ੀ ਕੀਤੀ ਸੀ ਤੇ ਉਹ ਇਹ ਮੰਗਾਂ ਪ੍ਰਵਾਨ ਹੋਣ ਤੱਕ ਅਕਾਲੀ ਦਲ ਇਹ ਮੰਗਾਂ ਚੁੱਕਦਾ ਰਹੇਗਾ।