ਚੰਨੀ ਭਾਵੇਂ ਸਮਝੌਤੇ ਦੇ ਉਮੀਦਵਾਰ ਪਰ ਉਹਨਾਂ ਨੂੰ ਮੌਕਾ ਸਾਂਭਦਿਆਂ ਐਸ ਸੀ ਵਰਗ ਨਾਲ ਹੋਈਆਂ ਧੱਕੇਸ਼ਾਹੀਆਂ ਨੂੰ ਦਰੁਸੱਤ ਕਰਨਾ ਚਾਹੀਦਾ ਹੈ
ਚੰਡੀਗੜ੍ਹ, 20 ਸਤਬੰਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬੇਨਤੀ ਕੀਤੀ ਕਿ ਉਹ ਤੇਜ਼ੀ ਨਾਲ ਚਲਦਿਆਂ ਦੋ ਲੱਖ ਐਸ ਸੀ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਆ ਬਣਾਉਣ ਲਈ ਐਸ ਸੀ ਸਕਾਲਰਸ਼ਿਪ ਘੁਟਾਲੇ ਵਿਚ ਸਾਬਕਾ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਐਫ ਆਈ ਆਰ ਦਰਜ ਕਰ ਕੇ ਉਹਨਾਂ ਨੁੰ ਗ੍ਰਿਫਤਾਰ ਕਰਨ।
ਸ੍ਰੀ ਚੰਨੀ, ਜਿਹਨਾਂ ਨੇ ਅੱਜ ਅਹੁਦੇ ਦੀ ਸਹੁੰ ਚੁੱਕੀ ਨੂੰ, ਨੂੰ ਵਧਾਈ ਦਿੰਦਿਆਂ ਅਕਾਲੀ ਦਲ ਦੇ ਬੁਲਾਰੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਭਾਵੇਂ ਚੰਨੀ ਕਾਂਗਰਸ ਹਾਈ ਕਮਾਂਡ ਵੱਲੋਂ ਦਲਿਤ ਮੁੱਖ ਮੰਤਰੀ ਵਜੋਂ ਕੁਦਰਤੀ ਚੋਣ ਨਹੀਂ ਹਨ ਤੇ ਸਮਝੌਤੇ ਦੇ ਉਮੀਦਵਾਰ ਹਨ ਪਰ ਉਹਨਾਂ ਨੂੰ ਮੌਕਾ ਸੰਭਾਲਣਾ ਚਾਹੀਦਾ ਹੈ ਅਤੇ ਅਨੁਸੂਚਿਤ ਜਾਤੀਆਂ ਖਾਸ ਤੌਰ ’ਤੇ ਦਲਿਤ ਵਿਦਿਆਰਥੀਆਂ ਨਾਲ ਹੋਈ ਧੱਕੇਸ਼ਾਹੀ ਨੁੰ ਦਰੁੱਸਤ ਕਰਨਾ ਚਾਹੀਦਾ ਹੈ।
ਸ੍ਰੀ ਟੀਨੂੰ ਨੇ ਕਿਹਾ ਕਿ ਸਮਾਂ ਬਰਬਾਦ ਕੀਤੇ ਬਗੈਰ ਨਵੇਂ ਮੁੱਖ ਮੰਤਰੀ ਨੁੰ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਐਸ ਸੀ ਸਕਾਲਰਸ਼ਿਪ ਘੁਟਾਲੇ ਵਿਚ ਕੇਸ ਦਰਜ ਕਰਨ ਅਤੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦਾ ਹੁਕਮ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਧਰਮਸੋਤ ਵੱਲੋਂ ਦਲਿਤ ਵਿਦਿਆਰਥੀਆਂ ਖਿਲਾਫ ਕੀਤੇ ਅਪਰਾਧ ਬਾਰੇ ਸਾਬਕਾ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਨੇ ਸਰਕਾਰ ਨੂੰ ਦਿੱਤੀ ਆਪਣੀ ਰਿਪੋਰਟ ਵਿਚ ਜਾਣਕਾਰੀ ਦਿੱਤੀ ਸੀ। ਉਹਨਾਂ ਕਿਹਾ ਕਿ ਸੀਨੀਅਰ ਆਈ ਏ ਐਸ ਅਧਿਕਾਰੀ ਜੋ ਉਸ ਵੇਲੇ ਸਮਾਜ ਭਲਾਈ ਵਿਭਾਗ ਦਾ ਪ੍ਰਸ਼ਾਸਕੀ ਮੁਖੀ ਸੀ, ਨੇ ਧਰਮਸੋਤ ’ਤੇ 65 ਕਰੋੜ ਰੁਪਏ ਦਾ ਘੁਟਾਲਾ ਕਰਨ ਅਤੇ ਪ੍ਰਾਈਵੇਟ ਸੰਸਥਾਵਾਂ ਨੂੰ ਲਾਭ ਦੇਣ ਦੇ ਚੱਕਰ ਵਿਚ ਅਨੇਕਾਂ ਹੋਰ ਬੇਨਿਯਮੀਆਂ ਕਰਨ ਦੇ ਦੋਸ਼ ਲਗਾਏ ਸਨ। ਉਹਨਾਂ ਕਿਹਾ ਕ ਚੰਨੀ ਨੇ ਕੈਬਨਿਟ ਮੰਤਰੀ ਹੁੰਦਿਆਂ ਕਦੇ ਵੀ ਪੀੜਤ ਦਲਿਤ ਵਿਦਿਆਰਥੀਆਂ ਦੇ ਹੱਕਾਂ ਵਿਚ ਬਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਹੁਣ ਉਹਨਾਂ ਲਈ ਸਮਾਂ ਆ ਗਿਆ ਹੈ ਤੇ ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਤੇ ਆਪਣੀ ਪ੍ਰੈਸ ਕਾਨਫਰੰਸ ਵਿਚ ਕਹੇ ਅਨੁਸਾਰ ਕਿ ਉਹ ਸਾਰੇ ਮਾਫੀਆ ਖਤਮ ਕਰ ਦੇਣਗੇ, ਦੇ ਦਾਅਵੇ ਨੂੰ ਸਾਬਤ ਕਰਨ।
ਅਕਾਲੀ ਆਗੂ ਨੇ ਇਹ ਵੀ ਮੰਗ ਕੀਤੀ ਕਿ ਨਵੇਂ ਮੁੱਖ ਮੰਤਰੀ ਪਿਛਲੇ ਤਿੰਨ ਸਾਲਾਂ ਦਾ ਐਸ ਸੀ ਵਿਦਿਆਰਥੀਆਂ ਦਾ ਸਕਾਲਰਸ਼ਿਪ ਸਕੀਮ ਦਾ 1800 ਕਰੋੜ ਰੁਪਿਆ ਵੀ ਜਾਰੀ ਕਰਨ ਦੇ ਹੁਕਮ ਦੇਣ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪਹਿਲਾਂ ਐਸ ਸੀ ਸਕਾਲਰਸ਼ਿਪ ਸਕੀਮ ਦਾ ਕੇਂਦਰ ਤੋਂ ਆਇਆ ਪੈਸਾ ਖੁਰਦ ਬੁਰਦ ਕੀਤਾ ਗਿਆ ਤੇ ਹੁਣ ਵੀ ਸਕੀਮ ਅੰਸ਼ਕ ਤੌਰ ’ਤੇ ਚਲ ਰਹੀ ਹੈ ਤੇ ਸੂਬਾ ਦਲਿਤ ਵਿਦਿਆਰਥੀਆਂ ਲਈ ਆਪਣੇ ਹਿੱਸੇ ਦਾ ਪੈਸਾ ਜਾਰੀ ਨਹੀਂ ਕਰ ਰਿਹਾ।
ਸ੍ਰੀ ਟੀਨੂੰ ਨੇ ਚੰਨੀ ਨੂੰ ਕਿਹਾ ਕਿ ਉਹ ਇਸ ਅਹਿਮ ਮਾਮਲੇ ’ਤੇ ਫੈਸਲਾ ਲੈਣ ਵਿਚ ਦੇਰੀ ਨਾ ਕਰਨ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਐਸ ਸੀ ਵਿਦਿਆਰਥੀਆਂ ਲਈ 1800 ਕਰੋੜ ਰੁਪਿਆ ਤੁਰੰਤ ਜਾਰੀ ਕੀਤਾ ਜਾਵੇ ਅਤੇ ਇਹ ਅਗਲੇ 15 ਦਿਨਾਂ ਵਿਚ ਹੀ ਜਾਰੀ ਕੀਤਾ ਜਾਵੇ ਕਿਉਂਕਿ ਦਸੰਬਰ ਵਿਚ ਚੋਣ ਜ਼ਾਬਤਾ ਲੱਗਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਨਵੇਂ ਮੁੱਖ ਮੰਤਰੀ ਨੁੰ ਰਾਜਸਥਾਨ ਤੇ ਮੱਧ ਪ੍ਰਦੇਸ਼ ਸਰਕਾਰਾਂ ਤੋਂ ਸਿੱਖਣਾ ਚਾਹੀਦਾ ਹੈ ਜਿਹਨਾਂ ਨੇ ਸਮੁੱਚੀ ਐਸ ਸੀ ਸਕਾਲਰਸ਼ਿਪ ਸਕੀਮ ਦੀ ਜ਼ਿੰਮੇਵਾਰੀ ਆਪਣੇ ਸਿਰ ਓਟ ਲਈ ਹੈ।