ਸਾਢੇ ਚਾਰ ਸਾਲਾਂ ਤੱਕ ਮੌਜਾਂ ਮਾਣਨ ਮਗਰੋਂ ਪੰਜਾਬੀਆਂ ਨੂੰ ਮੂਰਖ ਬਣਾਉਣ ਲਈ ਮੰਤਰੀ ਵੀ ਬਾਗੀ ਬਣੇ : ਐਨ ਕੇ ਸ਼ਰਮਾ
ਮੁਹਾਲੀ, 24 ਅਗਸਤ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਆਖਿਆ ਕਿ ਉਹ ਨਿਕੰਮੀ ਸਰਕਾਰ ਸੂਬੇ ਸਿਰ ਮੜ੍ਹਨ ਲਈ ਪੰਜਾਬੀਆਂ ਤੋਂ ਮੁਆਫੀ ਮੰਗਣ ਕਿਉਂਕਿ ਇਸ ਨਾਲ ਸੂਬੇ ਦੇ ਪੰਜ ਸਾਲ ਖਰਾਬ ਹੋ ਗਏ ਹਨ ਤੇ ਪਾਰਟੀ ਨੇ ਬਾਗੀ ਬਣੇ ਮੰਤਰੀਆਂ ’ਤੇ ਵੀ ਹਮਲਾ ਕੀਤਾ ਤੇ ਕਿਹਾ ਕਿ ਸਾਢੇ ਚਾਰ ਸਾਲ ਤੱਕ ਮੰਤਰੀ ਰਹਿੰਦਿਆਂ ਮੌਜਾਂ ਮਾਣ ਕੇ ਹੁਣ ਮੰਤਰੀ ਆਪਣੇ ਆਪ ਨੁੰ ਨਿਰਦੋਸ਼ ਤੇ ਬੇਗੁਨਾਹ ਸਾਬਤ ਕਰਨ ਦਾ ਯਤਨ ਕਰ ਰਹੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਬੁਲਾਰੇ ਤੇ ਖ਼ਜ਼ਾਨਚੀ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਹਰ ਪੰਜਾਬੀ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੇ ਰਵੱਈਏ ਤੋਂ ਹੈਰਾਨ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀਆਂ ਸਾਰੀਆਂ ਅਸਫਲਤਾਵਾਂ ਲਈ ਆਪਣੇ ਆਪ ਨੁੰ ਨਿਰਦੋਸ਼ ਤੇ ਬੇਗੁਨਾਹ ਸਾਬਤ ਕਰਨ ’ਤੇ ਤੁਲੇ ਹਨ। ਉਹਨਾਂ ਕਿਹਾ ਕਿ ਸਾਢੇ ਚਾਰ ਸਾਲ ਤੱਕ ਸਰਕਾਰ ਵਿਚ ਮੌਜਾਂ ਮਾਣਨ ਮਗਰੋਂ ਹੁਣ ਉਹਨਾਂ ਨੇ ਕਾਂਗਰਸ ਦੀ ਯਕੀਨੀ ਹਾਰ ਦਾ ਸੁਨੇਹਾ ਕੰਧ ’ਤੇ ਲਿਖਿਆ ਪੜ੍ਹ ਲਿਆ ਹੈ ਤੇ ਇਸੇ ਲਈ ਉਹ ਸਾਰਾ ਦੋਸ਼ ਮੁੱਖ ਮੰਤਰੀ ਸਿਰ ਮੜ੍ਹਨ ਵਿਚ ਜੁਟੇ ਹਨ। ਉਹਨਾਂ ਕਿਹਾ ਕਿ ਕਾਂਗਰਸ ਨੇ 2017 ਦੀਆਂ ਚੋਣਾਂ ਮੌਕੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ ਉਸਨੁੰ ਆਪਣੀ ਸਾਹਮਣੇ ਦਿੱਸ ਰਹੀ ਹੈ। ਉਹਨਾਂ ਕਿਹਾ ਕਿ ਵਿਧਾਇਕਾਂ ਦੀ ਤਾਂ ਗੱਲ ਛੱਡੋ ਮੰਤਰੀ ਜਿਹਨਾਂ ਦੀ ਮੰਤਰੀ ਮੰਡਲ ਦੇ ਮੈਂਬਰਾਂ ਵਜੋਂ ਸਰਕਾਰ ਦੇ ਹਰ ਫੈਸਲੇ ਵਿਚ ਸਮੂਹਿਕ ਜ਼ਿੰਮੇਵਾਰੀ ਹੁੰਦੀ ਹੈ, ਉਹ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਦਾ ਅਰਥਚਾਰਾ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਤੇ ਮਾੜੀ ਕਾਰੁਗਜ਼ਾਰੀ ਕਾਰਨ ਢਹਿ ਢੇਰੀ ਹੋ ਗਿਆ ਹੈ, ਸਰਕਾਰੀ ਮੁਲਾਜ਼ਮ ਤਨਖਾਹਾਂ ਤੇ ਹੋਰ ਭੱਤੇ ਨਾ ਮਿਲਣ ਕਾਰਨ ਔਖੇ ਹਨ, ਕਿਸਾਨਾਂ ਤੇ ਬੇਜ਼ਮੀਨੇ ਮਜ਼ਦੂਰਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਕਾਂਗਰਸ ਸਰਕਾਰ ਨੇ ਪੂਰਨ ਕਰਜ਼ਾ ਮੁਆਫੀ ਨਹੀਂ ਕੀਤੀ, ਨੌਜਵਾਨ ਨੌਕਰੀਆਂ ਦੀ ਤਲਾਸ਼ ਵਿਚ ਭਟਕ ਰਹੇ ਹਨ ਕਿਉਂਕਿ ਘਰ ਘਰ ਨੌਕਰੀ ਸਕੀਮ ਫੇਲ੍ਹ ਹੋ ਗਈ ਹੈ ਤੇ ਵਧੀ ਹੋਈ ਬੁਢਾਪਾ ਪੈਨਸ਼ਨ ਦੀ ਉਡੀਕ ਵਿਚ ਬਜ਼ੁਰਗ ਤੇ ਵਧੀ ਹੋਈ ਸ਼ਗਨ ਸਕੀਮ ਰਾਸ਼ੀ ਦੀ ਉਡੀਕ ਵਿਚ ਵਿਆਹੁਣਯੋਗ ਲੜਕੀਆਂ ਸਰਕਾਰ ਨੁੰ ਕੋਸ ਰਹੀਆਂ ਹਨ।
ਉਹਨਾਂ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਨੂੰ ਦੋ ਦਹਾਕੇ ਪਿੱਛੇ ਧੱਕ ਦਿੱਤਾ ਹੈ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਦੇ ਰਾਜਕਾਲ ਵਿਚ 10 ਸਾਲਾਂ ਵਿਚ ਜੋ ਤਰੱਕੀ ਤੇ ਖੁਸ਼ਹਾਲੀ ਪੰਜਾਬ ਵਿਚ ਆਈ ਸੀ, ਉਹ ਸਭ ਧੋਤਾ ਗਿਆ ਹੈ।
ਉਹਨਾ ਕਿਹਾ ਕਿ ਹੁਣ ਜਦੋਂ ਸਰਕਾਰ ਦੇ ਆਪਣੇ ਮੰਤਰੀ ਤੇ ਵਿਧਾਇਕ ਹੀ ਆਪਣੀ ਸਰਕਾਰ ਨੁੰ ਨਿਕੰਮੀ ਦੱਸ ਰਹੇ ਹਨ ਤਾਂ ਫਿਰ ਅਜਿਹੇ ਵਿਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਇਕ ਨਿਕੰਮੀ ਸਰਕਾਰ ਸੂਬੇ ਸਿਰ ਮੜ੍ਹਨ ਲਈ ਪੰਜਾਬੀਆਂ ਨੁੰ ਜਵਾਬਦੇਹ ਹਨ। ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਨੇ ਕੈਪਟਨ ਅਮਰਿੰਦਰ ਸਿੰ ਤੇ ਨਵਜੋਤ ਸਿੱਧੂ ਵਿਚਾਲੇ ਇਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਜੰਗ ਵੇਖੀ ਹੈ ਤੇ ਹੁਣ ਇਹਨਾਂ ਦੀਆਂ ਟੀਮਾਂ ਨੇ ਇਕ ਵਾਰ ਫਿਰ ਤੋਂ ਪੰਜਾਬ ਨੁੰ ਕਾਂਗਰਸ ਦੀ ਅੰਦਰੂਨੀ ਲੜਾਈ ਲਈ ਜੰਗ ਦਾ ਅਖਾੜਾ ਬਣਾ ਛੱਡਿਆ ਹੈ।
ਉਹਨਾਂ ਕਿਹਾ ਕਿ ਹੁਣ ਪੰਜਾਬੀ 2022 ਦੀਆਂ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤਾਂ ਜੋ ਇਸ ਨਿਕੰਮੀ, ਸਭ ਤੋਂ ਭ੍ਰਿਸ਼ਟ ਤੇ ਘੁਟਾਲਿਆਂ ਨਾਲ ਭਰੀ ਸਰਕਾਰ ਨੁੰ ਸੱਤਾ ਤੋਂ ਲਾਂਭੇ ਕੀਤਾ ਜਾਵੇ ਤੇ ਲੋਕ ਹਮਾਇਤੀ ਅਕਾਲੀ ਦਲ ਤੇ ਬਸਪਾ ਗਠਜੋੜ ਸਥਾਪਿਤ ਕੀਤੀ ਜਾਵੇ।