ਡਿਪਟੀ ਕਮਿਸ਼ਨਰ ਵਲੋਂ ਖਿਡਾਰਣ ਨਵਦੀਪ ਕੋਰ ਨੂੰ 50,000 ਰੁਪਏ ਦਾ ਚੈੱਕ ਭੇਂਟ
ਖਿਡਾਰਣ ਨਵਦੀਪ ਕੋਰ ਨੂੰ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ‘ਗੋਲਡ ਕੋਨ’ (ਗੋਲਡ ਦਾ ਸਿੱਕਾ) ਨਾਲ ਕੀਤਾ ਜਾਵੇਗਾ ਸਨਮਾਨਿਤ
ਗੁਰਦਾਸਪੁਰ, 13 ਅਗਸਤ ( ਮੰਨਨ ਸੈਣੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਲੋੜਵੰਦ ਲੋਕਾਂ ਦੀ ਮਦਦ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਨਵਦੀਪ ਕੌਰ ਨੈਸ਼ਨਲ ਖਿਡਰਾਣ (ਵੈਟਲਿੰਫਟਿੰਗ), ਜਿਸਨੇ ਜੂਨੀਅਰ ਰਾਸ਼ਟਰੀ ਖੇਡਾਂ, ਖੇਲੋ ਇੰਡੀਆ ਵਿਚ ਗੋਲਡ ਅਤੇ ਸਿਲਵਰ ਮੈਡਲ ਜਿੱਤੇ ਹਨ, ਦੀ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਕੀਤੀ ਗਈ ਹੈ। ਇਸ ਮੌਕੇ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ), ਇੰਦਰਬੀਰ ਸਿੰਘ ਜ਼ਿਲਾ ਖੇਡ ਅਫਸਰ ਅਤੇ ਰਾਜੀਵ ਕੁਮਾਰ ਸੈਕਰਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ ਵੀ ਮੋਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਿਡਾਰਣ ਨਵਦੀਪ ਕੋਰ, ਵਾਸੀ ਪਿੰਡ ਪ੍ਰਤਾਪਗੜ੍ਹ (ਗੁਰਦਾਸਪੁਰ), ਜਿਸ ਦੇ ਘਰ ਦੀ ਸਥਿਤੀ ਕਾਫੀ ਕਮਜ਼ੋਰ ਹੈ ਅਤੇ ਇਸ ਸਬੰਧੀ ਮਦਦ ਕਰਨ ਲਈ ਇਕ ਵੀਡੀਓ ਵੀ ਵਾਇਰਲ ਹੋਈ ਸੀ। ਜਿਸ ਸਬੰਧੀ ਅੱਜ ਜ਼ਿਲਾ ਪ੍ਰਸ਼ਾਸਨ ਵਲੋਂ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਤੇ ਖਿਡਾਰਣ ਨੂੰ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਲਈ ਚੈੱਕ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਨਵਦੀਪ ਕੋਰ ਦੇ ਘਰ ਦੀ ਛੱਤ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਅਤੇ ਉਸਦੇ ਪਿਤਾ, ਜਿਨਾਂ ਦੀ ਉਮਰ 65 ਸਾਲ ਹੈ ਦੀ ਮਹੀਨਾਵਾਰ 1500 ਰੁਪਏ ਪੈਨਸ਼ਨ ਵੀ ਅਗਲੇ ਸੋਮਵਾਰ ਤੋਂ ਲੱਗ ਜਾਵੇਗੀ। ਨਵਦੀਪ ਕੋਰ ਦੇ ਪਿਤਾ ਦਾ ਇਲਾਜ ਵੀ ਮੁਫਤ ਕਰਵਾਇਆ ਜਾਵੇਗਾ ਅਤੇ ਖੇਡ ਵਿਭਾਗ ਵਲੋਂ ਖਿਡਾਰੀ ਨੂੰ ਰੋਜਾਨਾ 100 ਰੁਪਏ ਡਾਈਟ ਲਈ ਦਿੱਤੇ ਜਾਂਦੇ ਹਨ, ਉਹ ਵੀ ਨਵਦੀਪ ਕੋਰ ਨੂੰ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਨਵਦੀਪ ਕੋਰ ਦੀ ਹੋਰ ਵਿੱਤੀ ਮਦਦ ਲਈ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਿਆ ਜਾਵੇਗਾ ਤੇ ਜ਼ਿਲਾ ਪ੍ਰਸ਼ਾਸਨ ਖਿਡਾਰਣ ਨਵਦੀਪ ਕੋਰ ਦੀ ਪੂਰੀ ਮਦਦ ਕਰੇਗਾ। ਉਨਾਂ ਨਾਲ ਹੀ ਕਿਹਾ ਕਿ ਉਹ ਨਵਦੀਪ ਕੋਰ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹਨ ਅਤੇ ਅਰਦਾਸ ਕਰਦੇ ਹਨ ਕਿ ਨਵਦੀਪ ਕੌਰ ਖੇਡਾਂ ਵਿਚ ਹੋਰ ਮੈਡਲ ਜਿੱਤੇ।
ਉਨਾਂ ਅੱਗੇ ਦੱਸਿਆ ਕਿ 15 ਅਗਸਤ ਨੂੰ ਮਨਾਏ ਜਾ ਰਹੇ ਆਜ਼ਾਦੀ ਦਿਵਸ ਸਮਾਗਮ ਵਿਚ ਖਿਡਾਰਣ ਨਵਦੀਰ ਕੋਰ ਦਾ ਵਿਸ਼ੇਸ ਤੋਰ ’ਤੇ ਸਨਮਾਨ ਕੀਤਾ ਜਾਵੇਗਾ ਅਤੇ ਉਸਨੂੰ ਗੋਲਡ ਕੋਨ’ (ਗੋਲਡ ਦਾ ਸਿੱਕਾ) ਨਾਲ ਨਿਵਾਜਿਆ ਜਾਵੇਗਾ। ਹਫਤਾਵਾਰੀ ਅਚੀਵਰਜ਼ ਪ੍ਰੋਗਰਾਮ ਵਿਚ ਵੀ ਨਵਦੀਪ ਕੋਰ ਨੂੰ ਕੱਲ੍ਹ 14 ਅਗਸਤ ਨੂੰ ਕਰਵਾਏ ਜਾ ਰਹੇ ਅਚੀਵਰਜ਼ ਪ੍ਰੋਗਰਾਮ ਵਿਚ ਵਿਸ਼ੇਸ ਤੋਰ ’ਤੇ ਸੱਦਾ ਕੇ ਸ਼ਾਮਲ ਕੀਤਾ ਜਾਵੇਗਾ।
ਇਸ ਮੌਕੇ ਖਿਡਾਰਣ ਨਵਦੀਪ ਕੋਰ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਲਾ ਪ੍ਰਸ਼ਾਸਨ ਵਲੋਂ ਤੁਰੰਤ ਕੀਤੀ ਗਈ ਵਿੱਤੀ ਮਦਦ ਨਾਲ ਉਸਦੇ ਪਰਿਵਾਰ ਨੂੰ ਕਾਫੀ ਧਰਵਾਸ ਮਿਲਿਆ ਹੈ ਅਤੇ ਉਹ ਖੇਡਾਂ ਵਿਚ ਹੋਰ ਮਿਹਨਤ ਕਰੇਗੀ।