ਨੌਜਵਾਨ ਇਸ਼ਾਨ ਸ਼ਰਮਾ ਨੇ ਜ਼ਿਲ੍ਹੇ ਵਿੱਚ ਸਭ ਤੋਂ ਪਹਿਲਾਂ ਇਸ ਪਾਲਿਸੀ ਦਾ ਲਾਭ ਲਿਆ
ਬਟਾਲਾ, 11 ਜੂਨ ( ਮੰਨਨ ਸੈਣੀ ) – ਸੂਬਾ ਪੰਜਾਬ ਵਿੱਚ ਸਥਾਪਿਤ ਹੋਣ ਵਾਲੇ ਨਵੇਂ ਉਦਯੋਗਾਂ ਨੁੰ ਵੱਖ-ਵੱਖ ਵਿਭਾਗਾਂ ਪਾਸੋਂ ਲੋੜੀਂਦੇ ਪੜਾਵਾਂ ਵਿੱਚੋਂ ਗੁਜਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ‘ਪੰਜਾਬ ਰਾਈਟ ਟੂ ਬਿਜਨਸ ਐਕਟ-2020 ਪਾਲਿਸੀ’ ਬਹੁਤ ਲਾਹੇਵੰਦੀ ਸਾਬਤ ਹੋ ਰਹੀ ਹੈ। ਇਸ ਪਾਲਿਸੀ ਤਹਿਤ ਉਦਯੋਗ ਸਥਾਪਤ ਕਰਨ ਦੀ ਸਾਰੀ ਪ੍ਰਕਿਰਿਆ ਇਨਵੈਸਟ ਪੰਜਾਬ ਪੋਰਟਲ ਰਾਹੀਂ ਹੋ ਰਹੀ ਹੈ। ਇਸ ਪਾਲਿਸੀ ਦਾ ਸਭ ਤੋਂ ਪਹਿਲਾ ਲਾਭ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜਾਪੂਵਾਲ ਦੇ ਨੌਜਵਾਨ ਇਸ਼ਾਨ ਸ਼ਰਮਾ ਨੇ ਲਿਆ ਹੈ, ਜਿਸ ਨੇ 74 ਲੱਖ ਰੁਪਏ ਦੀ ਲਾਗਤ ਵਾਲਾ ਟਾਇਰ ਰੀਟਰੀਟਿੰਗ ਪਲਾਂਟ ਉਪਰੋਕਤ ਪਾਲਿਸੀ ਤਹਿਤ ਸਥਾਪਤ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਇਹ ਪਾਲਿਸੀ ਉਦਯੋਗਿਕ ਇਕਾਈਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਇਸ ਦਾ ਪ੍ਰੋਸੈਸਿੰਗ ਸਮਾਂ 15 ਦਿਨ ਨਿਰਧਾਰਿਤ ਕੀਤਾ ਗਿਆ ਹੈ ਅਤੇ ਕੋਈ ਵੀ ਇਨਵੈਸਟਰ ਇਨਵੈਸਟ ਪੰਜਾਬ ਪੋਰਟਲ ਰਾਹੀਂ ਆਨਲਾਈਨ ਦਰਖ਼ਾਸਤ ਦਰਜ਼ ਕਰਕੇ ਇਸ ਸਕੀਮ ਦਾ ਲਾਭ ਲੈ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਪਾਲਿਸੀ ਅਧੀਨ ਇਕਾਈ ਨੂੰ ਉਦਯੋਗਿਕ ਫੋਕਲ ਪੁਆਇੰਟ ਵਿੱਚ ਤਿੰਨ ਦਿਨਾਂ ਵਿੱਚ ਤੇ ਫੋਕਲ ਪੁਆਇੰਟ ਤੋਂ ਬਾਹਰ ਲੱਗਣ ਵਾਲੇ ਉਦਯੋਗ ਨੂੰ 15 ਦਿਨ ਦੇ ਅੰਦਰ-ਅੰਦਰ ਅਪਰੂਵਲ ਜਾਰੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਦਯੋਗਪਤੀ ਨੂੰ ਇੱਕ ਅੰਡਰਟੇਕਿੰਗ ਦੇਣੀ ਪੈਂਦੀ ਹੈ ਕਿ ਉਹ ਯੂਨਿਟ ਸਥਾਪਿਤ ਕਰਨ ਤੋਂ ਬਾਅਦ ਸਾਢੇ ਤਿੰਨ ਸਾਲ ਦੇ ਵਿੱਚ ਲੋੜੀਂਦੀਆਂ ਅਪਰਵੂਲ ਲੈਣੀਆਂ ਯਕੀਨੀ ਬਣਾਏਗਾ।
ਇਸ ਮੌਕੇ ਜਨਰਲ ਮੈਨੇਜਰ ਜਿ਼ਲ੍ਹਾ ਉਦਯੋਗ ਕੇਂਦਰ ਬਟਾਲਾ ਸ. ਸਿਮਰਜੋਤ ਸਿੰਘ ਨੇ ਦੱਸਿਆ ਕਿ ਇਸ ਪਾਲਿਸੀ ਅਧੀਨ ਜ਼ਿਲ੍ਹਾ ਗੁਰਦਾਸਪੁਰ ਦਾ ਪਹਿਲਾ ਸਰਟੀਫੀਕੇਟ ਨੌਜਵਾਨ ਇਸ਼ਾਨ ਸ਼ਰਮਾ ਨੂੰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 74 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੀ ਇਕਾਈ ਵਿੱਚ ਟਾਇਰਾਂ ਦੀ ਰੀਟਰਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪਾਲਿਸੀ ਸਬੰਧੀ ਹੋਰ ਵੀ ਨੌਜਵਾਨ ਉੱਦਮੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਉਦਯੋਗ ਵਿਭਾਗ ਵੱਲੋਂ ਉਨ੍ਹਾਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਪੰਜਾਬ ਰਾਈਟ ਟੂ ਬਿਜਨਿਸ ਐਕਟ-2020 ਪਾਲਿਸੀ’ ਸਬੰਧੀ ਕਿਸੇ ਵੀ ਜਾਣਕਾਰੀ ਲਈ ਜ਼ਿਲ੍ਹਾ ਉਦਯੋਗ ਕੇਂਦਰ ਬਟਾਲਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।