ਗੁਰਦਾਸਪੁਰ, 9 ਫਰਵਰੀ (ਮੰਨਨ ਸੈਣੀ)। ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਅੱਜ ਸ਼ਹਿਰ ਦੇ ਵਾਰਡ ਨੰਬਰ 28 ਦੇ ਬਾਬੋਵਾਲ ਵਿੱਚ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਇੱਥੋਂ ਦੇ ਅਕਾਲੀ ਉਮੀਦਵਾਰ ਰਾਜ ਕੁਮਾਰ ਹਵੇਲੀ ਵਾਲਾ ਦੇ ਹੱਕ ਵਿੱਚ ਇੱਕ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਇਲਾਕੇ ਵਿੱਚ ਹੋਏ ਵਿਕਾਸ ਨੂੰ ਵੇਖ ਕੇ ਵੋਟਾਂ ਪਾਉਣਗੇ । ਜੇਕਰ ਲੋਕਾਂ ਨੂੰ ਲਗਦਾ ਹੈ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਚ ਵਿਕਾਸ ਕਰਵਾਇਆ ਹੈ ਤਾਂ ਉਹ ਕਾਂਗਰਸ ਨੂੰ ਵੋਟ ਦੇ ਸਕਦੇ ਹਨ ਅਤੇ ਜੇਕਰ ਉਨ੍ਹਾਂ ਨੂੰ ਅਕਾਲੀ ਸਰਕਾਰ ਵੇਲੇ ਦੇ ਗੁਰਦਾਸਪੁਰ ਵਿੱਚ ਹੋਏ ਵਿਕਾਸ ਕੰਮ ਨਜਰ ਆ ਰਹੇ ਹਨ ਤਾਂ ਉਹ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟ ਦੇਣਗੇ । ਆਪਣੇ ਕਾਰਜਕਾਲ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਸਮੇਂ ਸ਼ਹਿਰ ਦੇ ਮੁੱਖ ਚੌਕ ਖੁਲ੍ਹੇ ਕਰ ਕੇ ਸ਼ਹਿਰ ਦੀ ਦਿੱਖ ਬਦਲ ਦਿੱਤੀ ਗਈ ਸੀ ਪਰ ਕਾਂਗਰਸ ਦੇ ਚਾਰ ਸਾਲ ਤੋਂ ਵੱਧ ਦੇ ਸਮੇਂ ਵਿੱਚ ਅਜਿਹਾ ਕੁਝ ਵੀ ਵੇਖਣ ਨੂੰ ਨਹੀਂ ਮਿਲ ਰਿਹਾ । ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਲਗਾਤਾਰ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਸਮਾਂ ਆਉਣ ਤੇ ਇਸ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ ।
ਉਨ੍ਹਾਂ ਇਲਜ਼ਾਮ ਲਗਾਇਆ ਕਿ ਕਾਂਗਰਸ ਵੱਲੋਂ ਉਨ੍ਹਾਂ ਦੇ ਦੋ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਵਾ ਦਿੱਤੇ ਹਨ ਅਤੇ ਵੋਟਾਂ ਦੀ ਗਿਣਤੀ ਚੋਣਾਂ ਤੋਂ ਤਿੰਨ ਦਿਨ ਬਾਅਦ ਰੱਖੀ ਗਈ ਹੈ ਜਿਸ ਤੋਂ ਸ਼ੰਕਾ ਹੈ ਕਿ ਕਾਂਗਰਸ ਵੱਲੋਂ ਗਿਣਤੀ ਸਮੇਂ ਹੇਰਾਫੇਰੀ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਚੋਣਾਂ ਦੇ ਬਾਵਜੂਦ ਅਕਾਲੀ ਦਲ, ਕਿਸਾਨਾਂ ਦੇ ਹੱਕ ਵਿੱਚ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਉਸ ਵਿੱਚ ਆਪਣਾ ਹਰ ਸੰਭਵ ਸਮਰਥਨ ਅਤੇ ਸਹਿਯੋਗ ਜਾਰੀ ਰੱਖੇਗਾ । ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਸ਼ਹਿਰ ਦੇ 29 ਵਿੱਚੋਂ ਜਿਨ੍ਹਾਂ 27 ਵਾਰਡਾਂ ਤੇ ਚੋਣ ਲੜ ਰਿਹਾ ਹੈ, ਉਨ੍ਹਾਂ ਸਭ ਸੀਟਾਂ ਤੇ ਜਿੱਤ ਹਾਸਿਲ ਕਰੇਗਾ । ਇਸ ਮੌਕੇ ਅਕਾਲੀ ਉਮੀਦਵਾਰ ਰਾਜ ਕੁਮਾਰ ਹਵੇਲੀ ਵਾਲਾ ਤੋਂ ਇਲਾਵਾ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ, ਸਾਬਕਾ ਸਰਪੰਚ ਕਮਲੇਸ਼ ਕੁਮਾਰੀ, ਸਾਬਕਾ ਉਪ ਚੇਅਰਮੈਨ ਪਰਸ ਰਾਮ, ਸਾਬਕਾ ਕੌਂਸਲਰ ਪਰਮਜੀਤ ਕੌਰ, ਸਾਬਕਾ ਸਰਪੰਚ ਕਮਲਾ ਦੇਵੀ , ਰਮਿੰਦਰ ਪਾਲ ਕਾਲਾ, ਕੁਲਵੰਤ ਰਾਜ ਆਦਿ ਵੀ ਮੌਜੂਦ ਸਨ ।
ਇਸੇ ਤਰਾਂ ਬੱਬੇਹਾਲੀ ਨੇ ਸ਼ਹਿਰ ਦੇ ਵਾਰਡ ਨੰਬਰ 14 ਤੋਂ ਅਕਾਲੀ ਉਮੀਦਵਾਰ ਸ਼ੇਰ ਸਿੰਘ ਦੇ ਹੱਕ ਵਿੱਚ ਇੱਕ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਕਾਂਗਰਸ ਹਮੇਸ਼ਾਂ ਝੂਠੇ ਵਾਅਦੇ ਕਰ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੀ ਹੈ । ਅਕਾਲੀ ਦਲ ਨੇ ਜੋ ਕਿਹਾ ਹੈ ਉਹ ਕਰ ਕੇ ਵਿਖਾਇਆ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਅਕਾਲੀ ਵਰਕਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਡਟ ਕੇ ਸਾਹਮਣਾ ਕੀਤਾ ਜਾ ਰਿਹਾ ਹੈ । ਅਕਾਲੀ ਦਲ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਚੋਣ ਮੀਟਿੰਗਾਂ ਵਿੱਚ ਲੋਕਾਂ ਸਾਹਮਣੇ ਕਾਂਗਰਸ ਦੀ ਘਟੀਆ ਰਾਜਨੀਤੀ ਦਾ ਖੁਲਾਸਾ ਕੀਤਾ ਜਾ ਰਿਹਾ ਹੈ । ਇਸ ਮੌਕੇ ਅਕਾਲੀ ਉਮੀਦਵਾਰ ਸ਼ੇਰ ਸਿੰਘ ਤੋਂ ਇਲਾਵਾ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ, ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਸਤੀਸ਼ ਕੁਮਾਰ ਡਿੰਪਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ ।