ਗੁਰਦਾਸਪੁਰ, 07 ਜਨਵਰੀ। ਸ਼੍ਰੋਮਣੀ ਅਕਾਲੀ ਦਲ, ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਜ਼ਿਲ੍ਹਾ ਪਠਾਨਕੋਟ ਦੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਨਾਲ ਗੁਰਦਾਸਪੁਰ ਸਥਿਤ ਪਾਰਟੀ ਦਫ਼ਤਰ ਵਿੱਚ ਇੱਕ ਮੀਟਿੰਗ ਕੀਤੀ । ਸਰਦਾਰ ਬੱਬੇਹਾਲੀ, ਜੋ ਜ਼ਿਲ੍ਹਾ ਪਠਾਨਕੋਟ ਦੇ ਪਾਰਟੀ ਆਬਜ਼ਰਵਰ ਵੀ ਹਨ, ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਆਉਂਦੀਆਂ ਮਿਊਂਸੀਪਲ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪਠਾਨਕੋਟ ਮਿਊਂਸੀਪਲ ਕਾਰਪੋਰੇਸ਼ਨ ਦੀ ਹੋਣ ਵਾਲੀ ਚੋਣ ਵਿੱਚ ਸਾਰੇ 50 ਵਾਰਡਾਂ ਤੋਂ ਆਪਣੇ ਉਮੀਦਵਾਰ ਖੜ੍ਹੇ ਕਰੇਗਾ ਅਤੇ ਸ਼ਾਨਦਾਰ ਜਿੱਤ ਹਾਸਲ ਕਰੇਗਾ ।
ਦੱਸਣਯੋਗ ਹੈ ਕਿ ਭਾਜਪਾ ਨਾਲ ਤੋੜ ਵਿਛੋੜੇ ਮਗਰੋਂ ਅਕਾਲੀ ਦਲ ਨੇ ਉਨ੍ਹਾਂ ਇਲਾਕਿਆਂ ਵਿੱਚ ਆਪਣਾ ਆਧਾਰ ਹੋਰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ ਜਿੱਥੋਂ ਉਹ ਭਾਜਪਾ ਦਾ ਸਮਰਥਨ ਕਰਦਾ ਆ ਰਿਹਾ ਸੀ ।
ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬੱਬੇਹਾਲੀ ਨੇ ਕਿਹਾ ਕਿ ਕਿਸਾਨ, ਮਜ਼ਦੂਰ ਭਾਈਚਾਰੇ ਤੋਂ ਇਲਾਵਾ ਵਪਾਰੀ, ਮੁਲਾਜ਼ਮ ਆਦਿ ਹਰ ਵਰਗ ਦੇ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਬੇਹੱਦ ਤੰਗ ਪਰੇਸ਼ਾਨ ਹਨ । ਮਿਉਂਸਿਪਲ ਚੋਣਾਂ ਵਿੱਚ ਲੋਕ ਭਾਜਪਾ ਨੂੰ ਉਸ ਦਾ ਅਸਲ ਚਿਹਰਾ ਵਿਖਾ ਦੇਣਗੇ ।
ਇਸ ਤੋਂ ਇਲਾਵਾ ਪੰਜਾਬ ਵਿੱਚ ਬੀਤੇ ਚਾਰ ਸਾਲਾਂ ਦਾ ਕਾਂਗਰਸ ਦਾ ਰਾਜ ਵੀ ਲੋਕਾਂ ਨੇ ਵੇਖ ਲਿਆ ਹੈ ਅਤੇ ਲੋਕਾਂ ਦਾ ਝੁਕਾਅ ਅਕਾਲੀ ਦਲ ਵੱਲ ਵਧਦਾ ਜਾ ਰਿਹਾ ਹੈ । ਇਸ ਮੌਕੇ ਪਠਾਨਕੋਟ ਤੋਂ ਮੌਜੂਦ ਅਕਾਲੀ ਨੇਤਾਵਾਂ ਅਤੇ ਵਰਕਰਾਂ ਨੇ ਭਰੋਸਾ ਦੁਆਇਆ ਕਿ ਪਠਾਨਕੋਟ ਕਾਰਪੋਰੇਸ਼ਨ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ।
ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਪਠਾਨਕੋਟ ਦੇ ਸ਼ਹਿਰੀ ਪ੍ਰਧਾਨ ਸੁਰਿੰਦਰ ਸਿੰਘ ਕੰਵਰ ਮਿੰਟੂ, ਸਾਬਕਾ ਜ਼ਿਲ੍ਹਾ ਪ੍ਰਧਾਨ ਦਿਹਾਤੀ ਹਰਦੀਪ ਸਿੰਘ ਲਮੀਣੀ, ਪਠਾਨਕੋਟ ਸ਼ਹਿਰੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਾਸਟਰ ਹਰਭਜਨ ਲਾਲ ,ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ, ਹਰਜਿੰਦਰ ਸਿੰਘ ਖ਼ਾਲਸਾ, ਪ੍ਰਿੰਸੀਪਲ ਮੱਸਾ ਸਿੰਘ ਰੰਧਾਵਾ, ਸੁਭਾਸ਼ ਠਾਕੁਰ, ਸਰਕਲ ਪ੍ਰਧਾਨ ਬਲਦੇਵ ਸਿੰਘ, ਸੁਖਪਾਲ ਸਿੰਘ ਭਗਵਾਨਸਰ, ਹਰਦੀਪ ਕੁਮਾਰ, ਗੁਰਮਿੰਦਰ ਸਿੰਘ ਚਾਵਲਾ, ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਰਾਜਾ, ਪ੍ਰੀਤਮ ਸਿੰਘ, ਸੁਰਜੀਤ ਸਿੰਘ, ਗਗਨਦੀਪ ਸਿੰਘ ਜੌਂਟੀ, ਜਸਬੀਰ ਸਿੰਘ ਬਾਜਵਾ, ਗੁਰਨਾਮ ਸਿੰਘ, ਬੱਬੂ ਮਲਿਕਪੁਰ ਆਦਿ ਵੀ ਮੌਜੂਦ ਸਨ ।