ਮੋਦੀ ਕੈਬਿਨੇਟ ‘ਚ ਖੇਤੀ ਬਿੱਲਾਂ ਵਿਰੁੱਧ ਵਿਰੋਧ ਵਾਲੇ ਮਿੰਟਸ ਜਨਤਕ ਕਰੇ ਬਾਦਲ ਪਰਿਵਾਰ : ਆਪ
ਚੰਡੀਗੜ੍ਹ 27 ਸਤੰਬਰ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖੇਤੀ ਬਾਰੇ ਕੇਂਦਰੀ ਕਾਲੇ ਕਾਨੂੰਨਾਂ ਵਿਰੁੱਧ ਅਗਲੀ ਰਣਨੀਤੀ ਬਣਾਉਣ ਲਈ ਮੁੱਖਮੰਤਰੀਅਮਰਿੰਦਰ ਅਮਰਿੰਦਰ ਸਿੰਘ ਨੂੰ ਸਰਬ ਦਲੀ (ਆਲ ਪਾਰਟੀ ) ਬੈਠਕ ਬੁਲਾਉਣ ਦੀ ਮੰਗ ਕੀਤੀ ਹੈ, ਜਿਸ ‘ਚ ਕਿਸਾਨ ਅਤੇ ਮਜ਼ਦੂਰ ਯੂਨੀਨਾਂ ਦੇ ਨੁਮਾਇੰਦੇ , ਆੜ੍ਹਤੀਆਂ – ਵਪਾਰੀਆਂ ਦੇ ਨੁਮਾਇੰਦੇ, ਖੇਤੀ ਅਤੇ ਆਰਥਿਕ ਮਾਹਿਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ।
ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਅਤੇ ਬਾਦਲ ਪਰਿਵਾਰ ਦੀਆਂ ਦੋਗਲੀਆਂ ਚਾਲਾਂ ਨੇ ਮੋਦੀ ਸਰਕਾਰ ਦੀ ਇਸ ਹੱਦ ਤੱਕ ਜਾਣ ਦੀ ਹਿੰਮਤ ਵਧਾਈ। ਜੇਕਰ ਸਚੀ – ਸੁੱਚੀ ਨੀਯਤ ਨਾਲ ਅਮਰਿੰਦਰ ਸਿੰਘ ਖੇਤੀ ਬਿੱਲਾਂ ਬਾਰੇ ਗਠਿਤ ਕੇਂਦਰੀ ਹਾਈ ਪਾਵਰ ਕਮੇਟੀ ‘ਚ ਚੁੱਪ ਚਪੀਤੇ ਸਹਿਮਤੀ ਨਾ ਦਿੰਦੇ ਅਤੇ ਬਾਦਲ ਪਰਿਵਾਰ ਪਹਿਲੇ ਹੀ ਦਿਨ ਲਕੀਰ ਖਿੱਚ ਕੇ ਇਹਨਾਂ ਮਾਰੂ ਅਰਡੀਨੈਂਸਾਂ ਦਾ ਵਿਰੋਧ ਕਰਦਾ ਅਤੇ ਕਿਸਾਨੀ ਸੰਘਰਸ਼ ਨੂੰ ਇਕ ਜੁੱਟ ਅਤੇ ਇਕਸੁਰ ਹੋ ਕੇ ਸ਼ੁਰੂ ‘ਚ ਹੀ ਐਨਾ ਮਜ਼ਬੂਤ ਬਣਾ ਦਿੰਦੇ ਤਾਂ ਮੋਦੀ ਸਰਕਾਰ ਦੀ ਹਿੰਮਤ ਨਹੀਂ ਸੀ ਪੈਣੀ। ਚੀਮਾ ਨੇ ਮੁੱਖਮੰਤਰੀ ਨੂੰ ਪੁੱਛਿਆ ਕਿ ਉਹ ਸਰਬ ਪਾਰਟੀ ਬੈਠਕ ‘ਚ ਹੋਣੇ ਫੈਸਲੇ ਦੌਰਾਨ ਪ੍ਰਧਾਨਮੰਤਰੀ ਨੂੰ ਮਿਲਣ ਲਈ ਵਫ਼ਦ ਕਿਉਂ ਨਹੀਂ ਲੈ ਕੇ ਗਏ? ਇਸ ਪਿੱਛੇ ਕੀ ਸਾਜਿਸ਼ ਹੈ ? ਕੀ ਇਸ ਅਣਗਹਿਲੀ ਲਈ ਮੁੱਖਮੰਤਰੀ ਨੂੰ ਮੁਆਫੀ ਨਹੀਂ ਮੰਗਣੀ ਚਾਹੀਦੀ ?
ਚੀਮਾ ਨੇ ਕਿਹਾ ਕਿ ਅੱਜ ਮੁੱਖਮੰਤਰੀ ਅਗਵਾਈ ਕਰਨ ਦੀ ਪੇਸ਼ਕਸ਼ ਕਰ ਰਹੇ ਹਨ, ਜਦ ਕਿ ਅਗਵਾਈ ਕਰਨ ਦੀ ਤਿੰਨ ਮਹੀਨੇ ਪਹਿਲਾਂ ਦਿੱਤੀ ਜ਼ਿਮੇਵਾਰੀ ਅੱਜ ਤੱਕ ਕਿਉਂ ਨਹੀਂ ਨਿਭਾਅ ਸਕੇ ? ਚੀਮਾ ਨੇ ਦੋਸ਼ ਲਗਾਇਆ ਕਿ ਬਾਦਲਾਂ ਵਾਂਗ ਅਮਰਿੰਦਰ ਸਿੰਘ ਵੀ ਮੋਦੀ ਦੇ ਭਾਰੀ ਦਬਾਅ ਹੇਠ ਹਨ ਅਤੇ ਇਸਦਾ ਕਾਰਨ ਵਿਦੇਸ਼ੀ ਬੈਂਕ ਖਾਤੇ , ਵਿਦੇਸ਼ੀ ਮਹਿਮਾਨ ਅਤੇ ਭ੍ਰਿਸ਼ਟਾਚਾਰ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਤਿੰਨ -ਚਾਰ ਮਹੀਨੇ ਖੇਤੀ ਕਾਨੂੰਨਾਂ ਦੀ ਹਰ ਪੱਧਰ ਤੇ ਵਕਾਲਤ ਕਰਦੇ ਆ ਰਹੇ ਬਾਦਲ ਪਰਿਵਾਰ ਨੂੰ ਕਿਸਾਨ ਸੰਗਠਨਾਂ, ਆਮ ਆਦਮੀ ਪਾਰਟੀ ਅਤੇ ਹਰੇਕ ਵਰਗ ਦੀ ਇਕਜੁੱਟ ਤਾਕਤ ਨੇ ਹਿਲਾ ਕੇ ਰੱਖ ਦਿੱਤੋ ਹੈ। ਹਰਪਾਲ ਸਿੰਘ ਚੀਮਾ ਨੇ ਚੁਣੌਤੀ ਦਿੱਤੀ ਕਿ ਮੋਦੀ ਕੈਬਿਨੇਟ ਦੀ ਜਿਸ ਬੈਠਕ ‘ਚ ਹਰਸਿਮਰਤ ਕੌਰ ਬਾਦਲ ਨੇ ਖੇਤੀ ਅਰਡੀਨੈਂਸਾਂ ਦਾ ਵਿਰੋਧ ਕੀਤਾ ਸੀ , ਉਸ ਦੇ ਮਿੰਟਸ ਜਨਤਕ ਕੀਤੇ ਜਾਣ।