Close

Recent Posts

ਖੇਡ ਸੰਸਾਰ ਪੰਜਾਬ ਮੁੱਖ ਖ਼ਬਰ

ਸਿਫ਼ਤ ਕੌਰ ਸਮਰਾ ਨੇ ਏਸ਼ੀਅਨ ਗੇਮਜ਼ ਵਿੱਚ ਇੱਕ ਸੋਨੇ ਤੇ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ

ਸਿਫ਼ਤ ਕੌਰ ਸਮਰਾ ਨੇ ਏਸ਼ੀਅਨ ਗੇਮਜ਼ ਵਿੱਚ ਇੱਕ ਸੋਨੇ ਤੇ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ
  • PublishedSeptember 27, 2023

ਖੇਡ ਮੰਤਰੀ ਮੀਤ ਹੇਅਰ ਨੇ ਫਰੀਦਕੋਟ ਦੀ ਹੋਣਹਾਰ ਨਿਸ਼ਾਨੇਬਾਜ਼ ਨੂੰ ਦਿੱਤੀਆਂ ਮੁਬਾਰਕਾਂ

ਸਕੀਟ ਮੁਕਾਬਲੇ ਵਿੱਚ ਪੰਜਾਬ ਦੇ ਅੰਗਦ ਵੀਰ ਸਿੰਘ ਬਾਜਵਾ ਤੇ ਗੁਰਜੋਤ ਸਿੰਘ ਖੰਗੂੜਾ ਨੇ ਕਾਂਸੀ ਦਾ ਤਮਗ਼ਾ ਜਿੱਤਿਆ

ਚੰਡੀਗੜ੍ਹ, 27 ਸਤੰਬਰ 2023 (ਦੀ ਪੰਜਾਬ ਵਾਇਰ)। ਹਾਂਗਜ਼ੂ ਵਿਖੇ ਚੱਲ ਰਹੀਆਂ ਏਸ਼ੀਅਨ ਗੇਮਜ਼ ਵਿੱਚ ਪੰਜਾਬ ਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਅੱਜ ਭਾਰਤ ਲਈ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ। ਪੁਰਸ਼ਾਂ ਦੇ ਸਕੀਟ ਮੁਕਾਬਲੇ ਵਿੱਚ ਪੰਜਾਬ ਦੇ ਅੰਗਦ ਵੀਰ ਸਿੰਘ ਬਾਜਵਾ ਤੇ ਗੁਰਜੋਤ ਸਿੰਘ ਖੰਗੂੜਾ ਨੇ ਕਾਂਸੀ ਦਾ ਤਮਗ਼ਾ ਜਿੱਤਿਆ।

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਫਰੀਦਕੋਟ ਦੀ ਹੋਣਹਾਰ ਨਿਸ਼ਾਨੇਬਾਜ਼ ਸਿਫ਼ਤ ਤੇ ਦੋਵੇਂ ਸਕੀਟ ਨਿਸ਼ਾਨੇਬਾਜ਼ਾਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਸੁਫ਼ਨੇ ਨੂੰ ਸਿਫ਼ਤ ਜਿਹੀਆਂ ਖਿਡਾਰਨਾਂ ਹੀ ਪੂਰਾ ਕਰਨਗੀਆਂ।ਪੰਜਾਬ ਦੇ ਖਿਡਾਰੀ ਏਸ਼ੀਅਨ ਗੇਮਜ਼ ਵਿੱਚ ਨਿਰੰਤਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਿਫ਼ਤ ਦੀ ਇਹ ਪ੍ਰਾਪਤੀ ਪੰਜਾਬ ਵਿੱਚ ਨਵੀਂ ਉਮਰ ਦੇ ਖਿਡਾਰੀਆਂ ਖਾਸ ਕਰਕੇ ਲੜਕੀਆਂ ਲਈ ਪ੍ਰੇਰਨਾ ਸ੍ਰੋਤ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਨਿਸ਼ਾਨੇਬਾਜ਼ ਦੀ ਸਖ਼ਤ ਮਿਹਨਤ ਅਤੇ ਉਸ ਦੇ ਮਾਪਿਆਂ ਤੇ ਕੋਚਾਂ ਸਿਰ ਬੰਨ੍ਹਿਆਂ। ਖੇਡਾਂ ਵਤਨ ਪੰਜਾਬ ਦੀਆਂ ਦੇ ਉਦਘਾਟਨੀ ਸਮਾਰੋਹ ਵਿੱਚ ਸਿਫ਼ਤ ਸਮਰਾ ਮਸ਼ਾਲ ਮਾਰਚ ਦਾ ਹਿੱਸਾ ਸੀ। ਏਸ਼ਿਆਈ ਖੇਡਾਂ ਦੀ ਤਿਆਰੀ ਲਈ ਪੰਜਾਬ ਸਰਕਾਰ ਨੇ ਸਾਰੇ ਪੰਜਾਬੀ ਖਿਡਾਰੀਆਂ ਨੂੰ 8-8 ਲੱਖ ਰੁਪਏ ਦਾ ਚੈੱਕ ਸੌਂਪਿਆ ਸੀ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਵਿਦਿਆਰਥਣ ਸਿਫ਼ਤ ਕੌਰ ਸਮਰਾ ਨੇ ਹਾਂਗਜ਼ੂ ਵਿਖੇ 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ ਵਿੱਚ ਵਿਅਕਤੀਗਤ ਵਰਗ ਵਿੱਚ 469.6 ਸਕੋਰ ਨਾਲ ਨਵੇਂ ਵਿਸ਼ਵ ਰਿਕਾਰਡ ਨਾਲ ਸੋਨੇ ਦਾ ਤਮਗ਼ਾ ਜਿੱਤਿਆ।ਇਸੇ ਮੁਕਾਬਲੇ ਵਿੱਚ ਭਾਰਤ ਦੀ ਇੱਕ ਹੋਰ ਨਿਸ਼ਾਨੇਬਾਜ਼ ਨੇ ਆਸ਼ੀ ਚੌਕਸੀ ਨੇ ਕਾਂਸੀ ਦਾ ਤਮਗ਼ਾ ਜਿੱਤਿਆ।ਸਿਫ਼ਤ ਨੇ ਭਾਰਤੀ ਟੀਮ ਵੱਲੋਂ ਖੇਡਦਿਆਂ 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ ਦੇ ਟੀਮ ਵਰਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ।

ਸਕੀਟ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਕਾਂਸੀ ਦਾ ਤਮਗ਼ਾ ਜਿੱਤਿਆ ਜਿਸ ਵਿੱਚ ਪੰਜਾਬ ਦੇ ਅੰਗਦ ਵੀਰ ਸਿੰਘ ਬਾਜਵਾ ਤੇ ਗੁਰਜੋਤ ਸਿੰਘ ਖੰਗੂੜਾ ਟੀਮ ਦਾ ਹਿੱਸਾ ਸਨ।

Written By
The Punjab Wire