Close

Recent Posts

ਹੋਰ ਪੰਜਾਬ ਰਾਜਨੀਤੀ

ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ
  • PublishedDecember 12, 2025

ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਕੀਤਾ ਪੇਸ਼

ਯੂ.ਕੇ. ਦੀਆਂ ਕੰਪਨੀਆਂ ਨੂੰ ਸੂਬੇ ਵਿੱਚ ਕਰਵਾਏ ਜਾਣ ਵਾਲੇ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਦਿੱਤਾ ਸੱਦਾ

ਯੂ.ਕੇ. ਦੇ ਵਫ਼ਦ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 12 ਦਸੰਬਰ 2025 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਨੂੰ ਨਿਵੇਸ਼ ਅਤੇ ਨਿਰਮਾਣ ਦੇ ਕੇਂਦਰ ਵਜੋਂ ਵਿਕਸਤ ਕਰਨ ਲਈ ਅੱਜ ਪੰਜਾਬ ਅਤੇ ਬਰਤਾਨੀਆ (ਯੂ.ਕੇ.) ਦਰਮਿਆਨ ਰਣਨੀਤਕ ਗੱਠਜੋੜ ਦੀ ਵਕਾਲਤ ਕੀਤੀ।

ਚੰਡੀਗੜ੍ਹ ਵਿਖੇ ਯੂ.ਕੇ. ਹਾਈ ਕਮਿਸ਼ਨ ਦੇ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੈਰੀਗਲੀਓ ਦੀ ਅਗਵਾਈ ਹੇਠ ਉੱਚ ਪੱਧਰੀ ਵਫ਼ਦ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਵਪਾਰਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਇਸ ਦੌਰਾਨ ਦੋਵਾਂ ਧਿਰਾਂ ਨੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਦ੍ਰਿੜ੍ਹ ਵਚਨਬੱਧਤਾ ਪ੍ਰਗਟਾਈ। ਭਗਵੰਤ ਸਿੰਘ ਮਾਨ ਨੇ ਮੋਹਾਲੀ ਨੂੰ ਵਿਸ਼ਵ ਪੱਧਰ ‘ਤੇ ਬਿਹਤਰ ਢੰਗ ਨਾਲ ਸੰਗਠਿਤ ਸ਼ਹਿਰਾਂ ਵਿੱਚੋਂ ਇੱਕ ਦੱਸਿਆ ਅਤੇ ਨਿਰਮਾਣ ਖੇਤਰ ਵਿੱਚ ਇੱਕ ਪਾਵਰਹਾਊਸ ਵਜੋਂ ਉਭਰਨ ਪ੍ਰਤੀ ਪੰਜਾਬ ਦੀ ਅਥਾਹ ਸੰਭਾਵਨਾ ‘ਤੇ ਜ਼ੋਰ ਦਿੱਤਾ। ਪੰਜਾਬ ਦੇ ਵਿਦਿਆਰਥੀਆਂ ਦੀ ਕਾਨੂੰਨੀ ਅਤੇ ਸੁਰੱਖਿਅਤ ਤਰੀਕਿਆਂ ਰਾਹੀਂ ਯੂ.ਕੇ. ਵਿੱਚ ਮੌਕੇ ਤਲਾਸ਼ਣ ਦੀ ਉਤਸੁਕਤਾ ਨੂੰ ਵੇਖਦਿਆਂ ਉਨ੍ਹਾਂ ਨੇ ਇਸ ਸਬੰਧੀ ਸੂਬਾ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

ਮੁੱਖ ਮੰਤਰੀ ਨੇ ਗੈਂਗਸਟਰਾਂ ਵਰਗੀਆਂ ਕੌਮਾਂਤਰੀ ਚੁਣੌਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਅਜਿਹੇ ਮੁੱਦੇ ਸਰਹੱਦਾਂ ਦੇ ਬੰਧਨ ਤੋਂ ਪਰ੍ਹੇ ਹੁੰਦੇ ਹਨ ਅਤੇ ਪੰਜਾਬ ਕਾਨੂੰਨੀ ਮਾਮਲਿਆਂ ਤੇ ਕਿਸੇ ਵੀ ਲੋੜੀਂਦੀ ਸਹਾਇਤਾ ਬਾਰੇ ਯੂ.ਕੇ. ਨਾਲ ਸਹਿਯੋਗ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਯੂ.ਕੇ. ਦੀਆਂ ਕੰਪਨੀਆਂ ਦਾ ਸਵਾਗਤ ਕਰਦਿਆਂ ਪੰਜਾਬ ਨੂੰ ਨਿਵੇਸ਼ਕਾਂ ਲਈ ਪਸੰਸਦੀਦਾ ਸਥਾਨ ਵਜੋਂ ਉਜਾਗਰ ਕੀਤਾ। ਭਗਵੰਤ ਸਿੰਘ ਮਾਨ ਨੇ ਪੰਜਾਬੀ ਪਰਵਾਸੀ ਭਾਈਚਾਰੇ ਨੇ ਦੁਨੀਆ ਭਰ ਵਿੱਚ ਆਪਣੀ ਛਾਪ ਛੱਡੀ ਹੈ। ਉਨ੍ਹਾਂ ਨੇ ਨਿਵੇਸ਼ ਲਈ ਮੁੱਖ ਖੇਤਰਾਂ ਦੀ ਪਛਾਣ ਕੀਤੀ, ਜਿਸ ਵਿੱਚ ਵੱਖ-ਵੱਖ ਖੇਤਰਾਂ ਸਮੇਤ ਖੇਤੀਬਾੜੀ ਮਸ਼ੀਨਰੀ, ਫੂਡ ਪ੍ਰੋਸੈਸਿੰਗ ਅਤੇ ਆਈ.ਟੀ. ਸ਼ਾਮਲ ਹਨ।

ਮੁੱਖ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਪੰਜਾਬ ਦੇ ਮਜ਼ਬੂਤ ਨਿਵੇਸ਼ ਈਕੋਸਿਸਟਮ ਰਾਹੀਂ ਵਾਜਬ ਬਿਜਲੀ ਦਰਾਂ, ਸਹੂਲਤਾਂ ਅਤੇ ਨਿਵੇਸ਼ਕਾਂ ਲਈ ਢੁਕਵਾਂ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਕਾਰੋਬਾਰ ਕਰਨ ਵਿੱਚ ਸੌਖ ਵਿੱਚ ਪਹਿਲੇ ਸਥਾਨ ‘ਤੇ ਹੈ ਅਤੇ ਸੂਬੇ ਦਾ ਸਿੰਗਲ ਵਿੰਡੋ ਸਿਸਟਮ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਦੇ ਸਖ਼ਤ ਯਤਨਾਂ ਸਦਕਾ ਪੰਜਾਬ, ਰਾਈਟ ਟੂ ਬਿਜ਼ਨਸ ਐਕਟ ਪਾਸ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ।

ਮੁੱਖ ਮੰਤਰੀ ਨੇ ਵਫ਼ਦ ਨੂੰ ਮਾਰਚ ਮਹੀਨੇ ਦੌਰਾਨ ਮੋਹਾਲੀ ਵਿਖੇ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (ਪੀ.ਪੀ.ਆਈ.ਐਸ.) ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪੰਜਾਬ ਨੂੰ “ਮੌਕਿਆਂ ਦੀ ਧਰਤੀ” ਵਜੋਂ ਦਰਸਾਇਆ, ਜਿੱਥੇ ਵਿਸ਼ਵ-ਪ੍ਰਸਿੱਧ ਕੰਪਨੀਆਂ ਆਪਣੇ ਵਪਾਰ ਦਾ ਵਿਸਥਾਰ ਕਰਨ ਲਈ ਉਤਸੁਕ ਹਨ, ਜੋ ਕਿ ਸੂਬੇ ਦੀ ਸਥਿਰ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਉਜਾਗਰ ਕਰਦਾ ਹੈ। ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਮੋਹਾਲੀ ਦੁਨੀਆ ਦੀ “ਅਗਲੀ ਸਿਲੀਕਾਨ ਵੈਲੀ” ਹੋਵੇਗੀ ਕਿਉਂਕਿ ਇਥੇ ਨਿਵੇਸ਼ ਦੀਆਂ ਅਥਾਹ ਸੰਭਾਵਨਾਵਾਂ ਮੌਜੂਦ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਮੋਹਾਲੀ ਵਿਖੇ ਇੱਕ ਕੌਮਾਂਤਰੀ ਹਵਾਈ ਅੱਡਾ ਸਥਿਤ ਹੈ ਅਤੇ ਇਸ ਦੇ 100 ਕਿਲੋਮੀਟਰ ਦੇ ਘੇਰੇ ਵਿੱਚ ਵੱਡੇ ਪੱਧਰ ‘ਤੇ ਹੁਨਰਮੰਦ ਅਤੇ ਪ੍ਰਤਿਭਾਸ਼ੀਲ ਕਾਰਜਬਲ ਮੌਜੂਦ ਹੈ, ਜੋ ਇਸਨੂੰ ਨਿਵੇਸ਼ ਲਈ ਬਿਹਤਰੀਨ ਸਥਾਨ ਬਣਾਉਂਦਾ ਹੈ। ਉਨ੍ਹਾਂ ਨੇ ਵਫ਼ਦ ਨੂੰ ਸੂਬੇ ਦੇ ਵੱਖ-ਵੱਖ ਖੇਤਰਾਂ ਦੀ ਪੜਚੋਲ ਕਰਨ ਦੀ ਅਪੀਲ ਕੀਤੀ, ਤਾਂ ਜੋ ਸੂਬੇ ਦੇ ਵਿਕਾਸ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇੱਕ ਪਾਸੇ ਸੂਬੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਅਤੇ ਦੂਜੇ ਪਾਸੇ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਲਈ ਇਹ ਬੇਹੱਦ ਜ਼ਰੂਰੀ ਹੈ।

ਇਸ ਦੌਰਾਨ, ਯੂ.ਕੇ. ਦੇ ਡਿਪਟੀ ਹਾਈ ਕਮਿਸ਼ਨਰ ਨੇ ਪਰਵਾਸੀ ਪੰਜਾਬੀਆਂ ਦੀ ਸਮਰੱਥਾ ਅਤੇ ਉਨ੍ਹਾਂ ਕੋਲ ਜੱਦੀ ਧਰਤੀ ‘ਤੇ ਨਿਵੇਸ਼ ਲਈ ਉਪਲਬਧ ਵਿਆਪਕ ਫੰਡਾਂ ਬਾਰੇ ਗੱਲ ਕੀਤੀ।

ਮੁੱਖ ਖੇਤਰਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਪੰਜਾਬ ਦੇ ਨਿਵੇਸ਼ ਪੱਖੀ ਮਾਹੌਲ ਬਾਰੇ ਜਾਣਕਾਰੀ ਦਿੱਤੀ ਅਤੇ ਮੌਕਿਆਂ ਦੀ ਪੜਚੋਲ ਕਰਨ ਲਈ ਪੰਜਾਬ ਦੇ ਦੌਰੇ ਕਰਨ ਦੀ ਬੇਨਤੀ ਕੀਤੀ। ਪੰਜਾਬ ਅਤੇ ਯੂ.ਕੇ. ਦੋਵਾਂ ਨੇ ਵਪਾਰ ਅਤੇ ਵਣਜ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਆਪਸੀ ਵਿਕਾਸ, ਤਰੱਕੀ ਅਤੇ ਖ਼ੁਸ਼ਹਾਲੀ ਲਈ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤੀ ਪ੍ਰਗਟਾਈ।

Written By
The Punjab Wire