ਚੰਡੀਗੜ੍ਹ, 06 ਨਵੰਬਰ 2025 (ਦੀ ਪੰਜਾਬ ਵਾਇਰ)। ਪੰਜਾਬ ਵਿੱਚ ਤਰਨਤਾਰਨ ਜ਼ਿਮਣੀ ਚੋਣ ਪ੍ਰਚਾਰ ਦੌਰਾਨ ਕਾਂਗਰਸ ਪਾਰਟੀ ਵੱਲੋਂ ਲਗਾਏ ਗਏ ਇੱਕ ਬੈਨਰ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਬੈਨਰ ‘ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੀਆਂ ਤਸਵੀਰਾਂ ਤੋਂ ਉੱਪਰ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਰਗੇ ਕਾਂਗਰਸ ਨੇਤਾਵਾਂ ਦੀਆਂ ਤਸਵੀਰਾਂ ਲਗਾਉਣ ਨੂੰ ਲੈ ਕੇ ਤਿੱਖਾ ਰੋਸ ਪਾਇਆ ਜਾ ਰਿਹਾ ਹੈ।
ਇਹ ਦੋਸ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਏ ਗਏ ਹਨ। ਉਨ੍ਹਾਂ ਨੇ ਇਸ ਨੂੰ ਗੁਰੂ ਸਾਹਿਬਾਨ ਅਤੇ ਭਾਈ ਜੀਵਨ ਸਿੰਘ ਜੀ ਦਾ ਸਿੱਧਾ ਨਿਰਾਦਰ ਕਰਾਰ ਦਿੰਦਿਆਂ ਕਾਂਗਰਸ ਨੂੰ ਸਿੱਖ ਪੰਥ ਤੋਂ ਖੁੱਲ੍ਹੀ ਮੁਆਫ਼ੀ ਮੰਗਣ ਲਈ ਕਿਹਾ ਹੈ।
ਸੁਖਬੀਰ ਬਾਦਲ ਨੇ ਆਪਣੇ ਬਿਆਨ ਵਿੱਚ ਕਿਹਾ, “ਕਾਂਗਰਸ ਪਾਰਟੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦੀਆਂ ਤਸਵੀਰਾਂ ਦੇ ਕੀਤੇ ਨਿਰਾਦਰ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ। ਇਹ ਇੱਕ ਬੱਜਰ ਗੁਨਾਹ ਹੈ। ਪਹਿਲਾਂ ਰਾਜਾ ਵੜਿੰਗ ਵੱਲੋਂ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਗਿਆ ਤੇ ਹੁਣ ਗੁਰੂ ਸਾਹਿਬਾਨ ਦਾ ਨਿਰਾਦਰ। ਸਿੱਖ ਮਨਾਂ ਨੂੰ ਵੱਡੀ ਠੇਸ ਪਹੁੰਚੀ ਹੈ। ਕਾਂਗਰਸ ਪਾਰਟੀ ਸਮੁੱਚੇ ਸਿੱਖ ਪੰਥ ਤੋਂ ਮੁਆਫ਼ੀ ਮੰਗੇ।”
ਇਹ ਦੋਸ਼ ਸੁਖਬੀਰ ਬਾਦਲ ਵੱਲੋਂ ਸਿੱਧੇ ਤੌਰ ‘ਤੇ ਲਗਾਏ ਗਏ ਹਨ ਅਤੇ ਉਨ੍ਹਾਂ ਨੇ ਇਸ ਨੂੰ ਕਾਂਗਰਸ ਦੀ ਭਾਈਚਾਰਕ ਅਣਸੰਵੇਦਨਸ਼ੀਲਤਾ ਦਾ ਹਿੱਸਾ ਦੱਸਿਆ ਹੈ।
