ਪੰਜਾਬ ਕਾਰਜਕਾਰੀ ਪ੍ਰਧਾਨ ਤੇ ਨੌਜਵਾਨ ਵਿਧਾਇਕ ਸ਼ੈਰੀ ਕਲਸੀ ਨੇ ਵਿਧਾਨ ਸਭਾ ਸ਼ੈਸਨ ਵਿੱਚ ਹੜ ਪੀੜਤਾਂ ਲਈ ਮਾਰਿਆ ਹਾਅ ਦਾ ਨਾਅਰਾ
ਕਿਹਾ- ਆਮ ਘਰਾਂ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਬੰਬੂਕਾਟ ਵਿੱਚ ਬੈਠਣ ਲਈ ਕੀਤਾ ਮਜ਼ਬੂਰ
ਕਿਹਾ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨਾਲ ਡੱਟ ਕੇ ਖੜੇ- ਪੀੜਤਾਂ ਨੂੰ ਮਿਲ ਕੇ ਵੰਡਾਇਆ ਦੁੱਖ
ਰਵਾਇਤੀ ਪਾਰਟੀਆਂ ਦੇ ਮੁੱਖ ਮੰਤਰੀ ਕੇਵਲ ਹਵਾਈ ਸਰਵੇਖਣ ਨਾਲ ਹੀ ਸਾਰਦੇ ਰਹੇ ਨੇ ਬੁੱਤਾ
ਬਟਾਲਾ, 26 ਸਤੰਬਰ 2025 (ਦੀ ਪੰਜਾਬ ਵਾਇਰ) ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੌਜਵਾਨ ਵਿਧਾਇਕ ਸ਼ੈਰੀ ਕਲਸੀ ਨੇ ਅੱਜ ਇਕਵਾਰ ਫਿਰ ਆਪਣੇ ਲੋਕਾਂ ਦੇ ਹਿੱਤ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਅੱਜ ਵਿਧਾਨ ਸਭਾ ਸ਼ੈਸਨ ਵਿੱਚ ਵਿਧਾਇਕ ਸ਼ੈਰੀ ਕਲਸੀ ਨੇ ਹੜ ਪੀੜਤਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਵਿਰੋਧੀਆਂ ਨੂੰ ਕਰੜੇ ਹੱਥੀ ਲਿਆ ਹੈ।
ਵਿਧਾਨ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਆਪਣੀ ਗੱਲ ਰੱਖਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਜਿਲ੍ਹੇ ਗੁਰਦਾਸਪੁਰ ਵਿੱਚ ਹੜਾਂ ਨਾਲ ਭਾਰੀ ਨੁਕਸਾਨ ਹੋਇਆ ਹੈ ਅਤੇ ਇਨ੍ਹਾਂ ਹੜਾਂ ਨੇ ਪਿਛਲੇ ਸਾਲਾਂ ਜਿਵੇਂ 1988 ਵਿੱਚ ਹੜ ਆਏ ਸਨ, ਨੂੰ ਵੀ ਪਿਛੇ ਛੱਡ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਭਿਆਨਕ ਹੜਾਂ ਕਾਰਨ ਜਿਲ੍ਹੇ ਗੁਰਦਾਸਪੁਰ ਦੇ ਕਰੀਬ 343 ਪਿੰਡ ਪ੍ਰਭਾਵਿਤ ਹੋਏ ਹਨ (ਸਰਵੇ ਜਾਰੀ ਹੈ, ਪ੍ਰਭਾਵਿਤ ਪਿੰਡਾਂ ਦੀ ਗਿਣਤੀ ਵਧ ਸਕਦੀ ਹੈ ਅਤੇ ਹੁਣ ਤੱਕ ਕੀਤੇ ਗਏ ਸਰਵੇ ਤਹਿਤ ਕਰੀਬ 2 ਹਜ਼ਾਰ 225 ਘਰਾਂ ਨੂੰ ਨੁਕਸਾਨ ਪੁੱਜਾ ਹੈ। ਹੜਾਂ ਕਾਰਨ ਕਰੀਬ 1 ਲੱਖ ਏਕੜ ਰਕਬੇ ਵਿੱਚ ਝੋਨੇ ਦੀ ਫਸਲ ਨੁਕਸਾਨੀ ਗਈ ਹੈ (ਸਰਵੇ ਚੱਲ ਰਿਹਾ ਹੈ)।
ਉਨ੍ਹਾਂ ਕਿਹਾ ਕਿ ਹੜਾਂ ਕਾਰਨ ਪਸ਼ੂਆਂ ਦਾ ਬਹੁਤ ਜਾਨੀ ਨੁਕਸਾਨ ਹੋਇਆ ਹੈ। ਇਸ ਨਾਲ ਇਨ੍ਹਾਂ ਲੋਕਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ, ਕਿਉਂਕਿ ਸਹਾਇਕ ਕਿੱਤਿਆਂ ਨਾਲ ਇਹ ਲੋਕ ਆਪਣਾ ਜੀਵਨ ਨਿਰਬਾਹ ਕਰਦੇ ਸਨ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਰਾਵੀ ਦਰਿਆ ਨੇੜਲੇ ਪਿੰਡ ਹੜਾਂ ਦੀ ਮਾਰ ਹੇਠ ਆਏ ਹਨ। ਜਿਨ੍ਹਾਂ ਵਿੱਚ ਠੇਠਰਕੇ, ਮਨਸੂਰ, ਸ਼ਹਿਜਾਦਾ ਆਦਿ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਰਾਵੀ ਦਰਿਆ ਤੋਂ ਪਾਰਲੇ ਸੱਤ ਪਿੰਡਾਂ ਵਿੱਚ ਫਸਲਾਂ ਤੇ ਘਰਾਂ ਦਾ ਵੱਡਾ ਨੁਕਸਾਨ ਹੋਇਆ ਹੈ। ਹੜ ਪ੍ਰਭਾਵਿਤ ਪਿੰਡਾਂ ਵਿੱਚ ਝੋਨੇ ਦੀਆਂ ਫਸਲਾਂ ਪੂਰੀ ਤਰ੍ਹਾਂ ਖਰਾਬ ਹੋ ਗਈਆਂ ਹਨ। ਖੇਤੀ ਮਸ਼ੀਨਰੀ ਨੁਕਸਾਨੀ ਗਈ ਹੈ। ਟਿਊਬਵੈੱਲ ਖਰਾਬ ਹੋ ਗਏ ਹਨ ਅਤੇ ਟਰੈਕਟਰਾਂ ਨੁਕਸਾਨੇ ਗਏ ਹਨ। ਘਰਾਂ ਨੂੰ ਬਹੁਤ ਨੁਕਸਾਨ ਪੁੱਜਾ ਹੈ। ਘਰਾਂ ਵਿੱਚ ਤਰੇੜਾਂ ਪੈ ਗਈਆਂ ਹਨ।
ਉਨ੍ਹਾਂ ਕਸਬਾ ਕਲਾਨੌਰ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਇਥੋਂ ਦੀ ਕਰੀਬ 1300 ਏਕੜ ਪੰਚਾਇਤੀ ਜ਼ਮੀਨ ਵਿਚਲੀ ਝੋਨੇ ਦੀ ਫਸਲ ਖਰਾਬ ਹੋ ਗਈ ਹੈ। ਕਿਸਾਨਾਂ ਦੀ ਮੰਗ ਸੀ ਕਿ ਇਸ ਸਾਲ ਪੈਲੀ ਦਾ ਠੇਕਾ ਮਾਫ ਕਰ ਦਿੱਤਾ ਜਾਵੇ। ਇਸ ਸਬੰਧੀ ਉਨ੍ਹਾਂ ਦੀ ਮਾਣਯੋਗ ਮੁੱਖ ਮੰਤਰੀ ਪੰਜਾਬ ਨਾਲ ਗੱਲ ਹੋਈ ਹੈ, ਉਨ੍ਹਾਂ ਨੇ ਕਿਸਾਨਾਂ ਦੀ ਬਾਂਹ ਫੜਨ ਦਾ ਭਰੋਸਾ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਹੜ ਪ੍ਰਭਾਵਿਤ ਪਿੰਡਾਂ ਵਿੱਚ ਸਕੂਲਾਂ ਤੇ ਹਸਪਤਾਲਾਂ ਦੀਆਂ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਸਕੂਲਾਂ ਵਿੱਚ ਮਿੱਟੀ ਤੇ ਗਾਰ ਭਰ ਜਾਣ ਨਾਲ ਸਕੂਲਾਂ ਕਮਰੇ ਨੁਕਸਾਨੇ ਗਏ ਹਨ।
ਉਨ੍ਹਾਂ ਕਿਹਾ ਕਿ ਜਦ ਮਾਣਯੋਗ ਮੁੱਖ ਮੰਤਰੀ ਪੰਜਾਬ ਦੀਨਾਨਗਰ ਵਿਖੇ ਹੜ ਪੀੜਤਾਂ ਨੂੰ ਮਿਲਣ ਆਏ ਸਨ ਤਾਂ ਲੋਕਾਂ ਨੇ ਮੁੱਖ ਮੰਤਰੀ ਪੰਜਾਬ ਕੋਲ ਮੰਗ ਕੀਤੀ ਸੀ ਉਨ੍ਹਾਂ ਦੇ ਖੇਤਾਂ ਵਿੱਚ ਰੇਤ ਚੜ ਗਈ ਹੈ, ਉਸਨੂੰ ਖੁਦ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ। ਲੋਕਾਂ ਦੇ ਦੁੱਖ-ਦਰਦ ਦੇ ਮੁੱਦਈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਵਲੋਂ ਲੋਕਾਂ ਦੀ ਮੰਗ ਮੰਨਦਿਆਂ ‘ਜਿਹਦਾ ਖੇਤ ਉਹਦੀ ਰੇਤ’ ਦਾ ਫੈਸਲਾ ਕੀਤਾ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਬੈਠੀ ਰਵਾਇਤੀ ਪਾਰਟੀ ਪੰਜਾਬ ਦੇ ਲੋਕਾਂ ਦੀ ਥਾਂ ਕੇਂਦਰ ਦਾ ਪੱਖ ਪੂਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਰਾਜਨੀਤੀ ਕਰਨ ਨਹੀਂ, ਰਾਜਨੀਤੀ ਬਦਲਣ ਆਏ ਹਾਂ। ਤਾਂ ਹੀ ਆਮ ਘਰਾਂ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਬੰਬੂਕਾਟ ਵਿੱਚ ਬੈਠਣ ਲਈ ਮਜ਼ਬੂਰ ਕਰ ਦਿੱਤਾ। ਨਾਲ ਹੀ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਹੜਾਂ ਦਾ ਸੰਤਾਪ ਪੰਜਾਬੀ ਭੋਗ ਚੁੱਕੇ ਹਨ ਪਰ ਉਸ ਵੇਲੇ ਦੇ ਰਵਾਇਤੀ ਪਾਰਟੀਆਂ ਦੇ ਮੁੱਖ ਮੰਤਰੀ ਕੇਵਲ ਹਵਾਈ ਸਰਵੇਖਣ ਕਰਕੇ ਹੀ ਆਪਣਾ ਬੁੱਤਾ ਸਾਰ ਲੈਂਦੇ ਸਨ।
ਉਨ੍ਹਾਂ ਕਿਹਾ ਕਿ ਹੜਾਂ ਕਾਰਨ ਪੰਜਾਬ ਨੂੰ ਆਰਥਿਕ ਪੱਖ ਤੋਂ ਵੱਡੀ ਸੱਟ ਵੱਜੀ ਹੈ ਅਤੇ ਪੰਜਾਬ ਨੂੰ ਇਸ ਸੰਕਟ ਦੀ ਘੜੀ ਵਿੱਚੋਂ ਕੱਢਣ ਲਈ ਪੰਜਾਬ ਨੂੰ 20,000 ਕਰੋੜ ਰੁਪਏ ਦੀ ਫੰਡ ਦੀ ਲੋੜ ਹੈ। ਪੰਜਾਬ ਦੇ ਇਸ ਔਖੇ ਵੇਲੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨੂੰ ਪੰਜਾਬ ਲਈ ਵੱਡਾ ਦਿਲ ਦਿਖਾਉਣ ਦਾ ਟਾਈਮ ਮਿਲਿਆ ਸੀ ਪਰ ਉਨ੍ਹਾਂ ਪੰਜਾਬ ਆ ਕੇ ਸਿਰਫ਼ 1,600 ਕਰੋੜ ਰੁਪਏ ਦਾ ਪੈਕੇਜ ਐਲਾਨਿਆ, ਜੋ ਕਿ ਪੰਜਾਬ ਨਾਲ ਕੋਝਾ ਮਝਾਕ ਹੀ ਹੈ। ਉਹ ਪੰਜਾਬ, ਜਿਸਨੇ ਹਮੇਸ਼ਾ ਦੇਸ਼ ਦਾ ਅੰਨ ਨਾਲ ਢਿੱਡ ਭਰਿਆ ਹੈ। ਦੇਸ਼ ਦੀਆਂ ਸਰਹੱਦਾਂ ਅਤੇ ਦੇਸ਼ ਅੰਦਰ ਅਮਨ-ਸ਼ਾਂਤੀ ਬਹਾਲ ਰੱਖਣ ਲਈ ਅੱਗੇ ਹੋ ਕੇ ਕੁਰਬਾਨੀਆਂ ਦਿੱਤੀਆਂ ਹਨ। ਇਹ ਪੰਜਾਬ ਤੇ ਪੰਜਾਬੀਆਂ ਦਾ ਨਿਰਾਦਰ ਹੈ।ਉਨ੍ਹਾਂ ਕਿਹਾ ਕਿ ਸੀ.ਐੱਮ. ਭਗਵੰਤ ਸਿੰਘ ਮਾਨ ਨੇ ਦੱਸਿਆ ਹੈ ਕਿ ਪੰਜਾਬ ਦੇ ਹੱਕ ਦਾ 60 ਹਜ਼ਾਰ ਕਰੋੜ ਕੇਂਦਰ ਸਰਕਾਰ ਨਹੀਂ ਦੇ ਰਹੀ। ਇਹ ਤਾਂ ਪੰਜਾਬ ਨਾਲ ਧੱਕਾ ਤੇ ਬੇਇਨਸਾਫ਼ੀ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਉਹ ਪੰਜਾਬ ਦੇ ਹਰਮਨ ਪਿਆਰੇ, ਮਹਿਬੂਬ ਨੇਤਾ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਪੰਜਾਬ ਦੇ ਲੋਕਾਂ ਦੀ ਬਾਂਹ ਫੜੀ ਅਤੇ ਲੋਕਾਂ ਦੇ ਮੁੜ ਵਸੇਬੇ ਤੱਕ ਨਾਲ ਖੜਨ ਦੀ ਵਚਨਬੱਧਤਾ ਨਿਭਾਈ।