ਗੁਰਦਾਸਪੁਰ, 23 ਸਤੰਬਰ 2025 (ਮਨਨ ਸੈਣੀ)। ਲਿਟਲ ਫਲਾਵਰ ਕਾਨਵੈਂਟ ਸੀ. ਸੈ. ਸਕੂਲ ਦੇ ਵਿਦਿਆਰਥੀਆਂ ਨੇ ਸਰਕਾਰੀ ਹਾਈ ਸਕੂਲ ਤਿੱਬੜ ਵਿਖੇ ਹੋਏ ਜ਼ੋਨਲ ਕ੍ਰਿਕਟ ਟੂਰਨਾਮੈਂਟ (ਅੰਡਰ-14 ਅਤੇ ਅੰਡਰ-17) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਿਲ ਕੀਤੀ। ਇਸ ਜਿੱਤ ਨਾਲ ਸਕੂਲ ਦਾ ਨਾਂ ਰੌਸ਼ਨ ਹੋਇਆ ਹੈ।
ਇਸ ਮਾਣਮੱਤੀ ਪ੍ਰਾਪਤੀ ਤੋਂ ਬਾਅਦ, ਹੋਰ ਵੀ ਖੁਸ਼ੀ ਵਾਲੀ ਗੱਲ ਇਹ ਰਹੀ ਕਿ ਅੰਡਰ-17 ਦੇ 6 ਅਤੇ ਅੰਡਰ-14 ਦੇ 7 ਖਿਡਾਰੀਆਂ ਨੂੰ ਜ਼ਿਲ੍ਹਾ ਪੱਧਰ ਦੀ ਟੀਮ ਲਈ ਚੁਣਿਆ ਗਿਆ ਹੈ, ਜੋ ਕਿ ਖਿਡਾਰੀਆਂ ਦੀ ਸਖ਼ਤ ਮਿਹਨਤ ਅਤੇ ਹੁਨਰ ਦਾ ਪ੍ਰਤੀਕ ਹੈ।
ਸਕੂਲ ਵਿੱਚ ਹੋਇਆ ਜੇਤੂਆਂ ਦਾ ਸਨਮਾਨ
ਵਿਦਿਆਰਥੀਆਂ ਦੀ ਇਸ ਵੱਡੀ ਸਫਲਤਾ ‘ਤੇ ਸਕੂਲ ਦੇ ਡਾਇਰੈਕਟਰ, ਮਾਣਯੋਗ ਫਾਦਰ ਜੋਨ ਜੋਰਜ ਨੇ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਮਿਹਨਤੀ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਇਸ ਸਫਲਤਾ ਦਾ ਸਿਹਰਾ ਪ੍ਰਿੰਸੀਪਲ ਸਿਸਟਰ ਐਲਸਾ ਮਾਰੀਆ ਜੀ ਨੂੰ ਵੀ ਦਿੱਤਾ, ਜਿਨ੍ਹਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਇਹ ਮੁਕਾਮ ਹਾਸਲ ਕੀਤਾ।
ਪ੍ਰਿੰਸੀਪਲ ਸਿਸਟਰ ਐਲਸਾ ਮਾਰੀਆ ਨੇ ਜੇਤੂ ਵਿਦਿਆਰਥੀਆਂ ਨੂੰ ਸਕੂਲ ਵਿੱਚ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਇੱਕ ਅਹਿਮ ਹਿੱਸਾ ਹਨ, ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹਨ। ਉਨ੍ਹਾਂ ਨੇ ਖਾਸ ਤੌਰ ‘ਤੇ ਸਪੋਰਟਸ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਲਗਨ ਲਈ ਧੰਨਵਾਦ ਕੀਤਾ।
ਪ੍ਰਿੰਸੀਪਲ ਨੇ ਸਾਰੇ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਸਿਰਫ਼ ਪੜ੍ਹਾਈ ਵਿੱਚ ਹੀ ਨਹੀਂ, ਸਗੋਂ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ। ਉਨ੍ਹਾਂ ਨੇ ਕਿਹਾ ਕਿ ਖੇਡਾਂ ਨਾਲ ਬੱਚਿਆਂ ਵਿੱਚ ਅਨੁਸ਼ਾਸਨ, ਟੀਮ ਵਰਕ ਅਤੇ ਜਿੱਤਣ ਦਾ ਜਜ਼ਬਾ ਪੈਦਾ ਹੁੰਦਾ ਹੈ।