ਫ਼ਿਰੋਜ਼ਪੁਰ/ਕਪੂਰਥਲਾ, 22 ਅਗਸਤ 2025 (ਮੰਨਨ ਸੈਣੀ)। ਪੰਜਾਬ ਕਾਂਗਰਸ ਅੰਦਰ ਚੱਲ ਰਿਹਾ ਕਲੇਸ ਹੁਣ ਖੁੱਲ੍ਹੇ ਆਮ ਸ਼ੋਸਲ ਮੀਡੀਆ ਤੇ ਸਾਹਮਣੇ ਆ ਗਿਆ ਹੈ। ਹਾਲਾਤ ਇਸ ਕਦਰ ਗੰਭੀਰ ਹਨ ਕਿ ਦਿੱਲੀ ਦੀ ਸੀਨੀਅਰ ਲੀਡਰਸ਼ਿਪ ਵੀ ਪੰਜਾਬ ਦੇ ਆਪਣੇ ਆਗੂਆਂ ਨੂੰ ਖੁੱਲ੍ਹੀਆਂ ਤਿੱਖੀਆਂ ਟਿੱਪਣੀਆਂ ਕਰਨ ਤੋਂ ਰੋਕਣ ਵਿੱਚ ਪੂਰੀ ਤਰ੍ਹਾਂ ਅਸਮਰਥ ਦਿਖਦੀ ਜਾਪ ਰਹੀ ਹੈ।
ਦੱਸਣਯੋਗ ਹੈ ਕਿ ਫ਼ਿਰੋਜ਼ਪੁਰ ਜ਼ਿਲ੍ਹਾ ਕਾਂਗਰਸ ਪ੍ਰਧਾਨ, ਖਡੂਰ ਸਾਹਿਬ ਤੋਂ 2024 ਦੇ ਸੰਸਦੀ ਚੋਣ ਉਮੀਦਵਾਰ, ਸਾਬਕਾ ਐਮ.ਐਲ.ਏ. ਅਤੇ ਸਾਬਕਾ ਸੂਬਾ ਉਪ ਪ੍ਰਧਾਨ ਕੁਲਬੀਰ ਸਿੰਘ ਜੀਰਾ ਨੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਅਤੇ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ‘ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਉਨ੍ਹਾਂ ਨੂੰ ਸਿੱਧਾ “ਰਾਵਣ” ਨਾਲ ਮਿਲਾ ਦਿੱਤਾ ਹੈ।ਆਪਣੇ ਐਕਸ ਹੈਡਲ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਣਾ ਜੀ ਅਤੇ ਰਾਵਣ ਵਿੱਚ ਵੱਡਾ ਫ਼ਰਕ ਨਹੀਂ ਦਿਖਦਾ। ਕੁਲਬੀਰ ਜੀਰਾ ਨੇ ਇੱਕ ਵੀਡਿਓ ਕਲਿੱਪ ਸ਼ੇਅਰ ਕਰਦੇ ਹੋਏ ਲਿਖਿਆ ਕਿ “ਰਾਵਣ ਨੂੰ ਵੀ ਚਾਰਾਂ ਵੇਦਾਂ ਦਾ ਗਿਆਨ ਸੀ ਅਤੇ ਉਸ ਤੋਂ ਬੁੱਧੀਮਾਨ ਕੋਈ ਨਹੀਂ ਸੀ, ਪਰ ਉਸਦਾ ਹੰਕਾਰ ਹੀ ਉਸਦੀ ਤਬਾਹੀ ਦਾ ਕਾਰਣ ਬਣਿਆ। ਮੈਨੂੰ ਰਾਣਾ ਜੀ ਅਤੇ ਰਾਵਣ ਵਿੱਚ ਵੱਡਾ ਫ਼ਰਕ ਨਹੀਂ ਦਿਖਦਾ।”
ਇਹ ਟਿੱਪਣੀ ਸਿਰਫ਼ ਨਿੱਜੀ ਹਮਲਾ ਨਹੀਂ, ਸਗੋਂ ਪੰਜਾਬ ਕਾਂਗਰਸ ਅੰਦਰ ਫੈਲ ਰਹੀ ਗਹਿਰੀ ਫੁੱਟ ਨੂੰ ਵੀ ਬੇਨਕਾਬ ਕਰਦੀ ਹੈ। ਪਾਰਟੀ ਦੇ ਵੱਡੇ ਆਗੂ ਵੱਲੋਂ ਖੁੱਲ੍ਹੇ ਆਮ ਸੋਸ਼ਲ ਮੀਡੀਆ ਰਾਹੀਂ ਲੜਾਈ ਕਰਨੀ ਲੋਕਾਂ ਅਦੰਰ ਚਰਚਾ ਦਾ ਵਿਸ਼ਾ ਬਣਿਆ ਹੈ, ਜਦਕਿ ਦਿੱਲੀ ਬੈਠੀ ਉੱਚ ਕਮਾਨ ਹਾਲਾਤ ‘ਤੇ ਕੋਈ ਕੰਟਰੋਲ ਨਹੀਂ ਕਰ ਪਾ ਰਹੀ।
ਦੱਸਣਯੋਗ ਹੈ ਕਿ ਰਾਣਾ ਗੁਰਜੀਤ ਸਿੰਘ ਹਮੇਸ਼ਾਂ ਤੋਂ ਕਾਂਗਰਸ ਦੇ ਸਭ ਤੋਂ ਪ੍ਰਭਾਵਸ਼ਾਲੀ ਤੇ ਤਾਕਤਵਰ ਨੇਤਾਵਾਂ ਵਿੱਚ ਗਿਣੇ ਜਾਂਦੇ ਹਨ, ਅਤੇ ਕੁਲਬੀਰ ਜੀਰਾ ਵੀ ਘੱਟ ਨਹੀਂ ਹਨ। ਪਰ ਜੀਰਾ ਵੱਲੋਂ ਪਾਈ ਗਈ ਪੋਸਟ ਨੇ ਇਹ ਦਰਸਾ ਦਿੱਤਾ ਹੈ ਕਿ ਹੁਣ ਪਾਰਟੀ ਦੇ ਅੰਦਰ ਵਰਚਸਵ ਦੀ ਜੰਗ ਚਰਮ ‘ਤੇ ਪਹੁੰਚ ਚੁੱਕੀ ਹੈ ਅਤੇ ਸੋਸ਼ਲ ਮੀਡੀਆ ਤੱਕ ਆ ਚੁੱਕੀ ਹੈ।
ਉਧਰ ਇਸ ਸੰਬੰਧੀ ਜੱਦ ਰਾਣਾ ਗੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕੋਈ ਰਿਏਕਸ਼ਨ ਦੋਣ ਤੋਂ ਮਨਾ ਕਰ ਦਿੱਤਾ ਗਿਆ।