Close

Recent Posts

ਪੰਜਾਬ ਮਨੋਰੰਜਨ

ਦਿਲਜੀਤ ਦੋਸਾਂਝ ਨੂੰ ਨਿਸ਼ਾਨਾ ਬਣਾਉਣ ਦੀ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ – ਹੌਬੀ ਧਾਲੀਵਾਲ

ਦਿਲਜੀਤ ਦੋਸਾਂਝ ਨੂੰ ਨਿਸ਼ਾਨਾ ਬਣਾਉਣ ਦੀ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ – ਹੌਬੀ ਧਾਲੀਵਾਲ
  • PublishedJune 28, 2025

ਭਾਜਪਾ ਪੰਜਾਬ ਵੱਲੋਂ ਦਿਲਜੀਤ ਦੋਸਾਂਝ ਨੂੰ ਪੂਰਾ ਸਮਰਥਨ

ਚੰਡੀਗੜ੍ਹ, 28 ਜੂਨ 2025 (ਦੀ ਪੰਜਾਬ ਵਾਇਰ)– ਪੰਜਾਬ ਅਤੇ ਦੇਸ਼ ਦੇ ਮਸ਼ਹੂਰ ਅਦਾਕਾਰ ਦਿਲਜੀਤ ਦੋਸਾਂਝ ਦੀ ਫ਼ਿਲਮ ਸਰਦਾਰ ਜੀ-3 ਨੂੰ ਲੈ ਕੇ ਹੋ ਰਹੀ ਪਾਬੰਦੀ ਦੀ ਮੰਗ ਦੇ ਮਾਮਲੇ ਵਿਚ ਭਾਜਪਾ ਪੰਜਾਬ ਕਲਚਰ ਸੈੱਲ ਦੇ ਕਨਵੀਨਰ ਤੇ ਪ੍ਰਸਿੱਧ ਅਦਾਕਾਰ ਹੌਬੀ ਧਾਲੀਵਾਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਦਿਲਜੀਤ ਦੋਸਾਂਝ ਦੇ ਹੱਕ ਵਿੱਚ ਭਾਜਪਾ ਵੱਲੋਂ ਪੂਰਾ ਸਮਰਥਨ ਦਿੱਤਾ।

ਧਾਲੀਵਾਲ ਨੇ ਕਿਹਾ ਕਿ ਦਿਲਜੀਤ ਸਿਰਫ ਇੱਕ ਅਦਾਕਾਰ ਨਹੀਂ, ਸਗੋਂ ਭਾਰਤ ਅਤੇ ਪੰਜਾਬੀ ਸਭਿਆਚਾਰ ਦਾ ਗੌਰਵਮਈ ਗਲੋਬਲ ਚਿਹਰਾ ਹੈ। “ਇਸ ਤਣਾਅਪੂਰਨ ਸਮੇਂ ਵਿਚ ਉਸ ਦੇ ਖਿਲਾਫ ਗਲਤ ਇਲਜ਼ਾਮ ਲਗਾ ਕੇ ਉਸਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਜੋ ਕਿ ਨਿੰਦਣਯੋਗ ਹੈ,” ਉਨ੍ਹਾਂ ਕਿਹਾ।

ਉਨ੍ਹਾਂ ਵੱਡੇ ਸਪਸ਼ਟਤਾ ਨਾਲ ਦੱਸਿਆ ਕਿ ਜਿਸ ਫ਼ਿਲਮ ਦੀ ਗੱਲ ਚੱਲ ਰਹੀ ਹੈ, ਉਸਦੀ ਸ਼ੂਟਿੰਗ ਪਹਿਲਗਾਮ ਹਮਲੇ ਤੋਂ ਕਾਫ਼ੀ ਪਹਿਲਾਂ ਹੋ ਚੁੱਕੀ ਸੀ, ਜਦੋਂ ਦੋਹਾਂ ਦੇਸ਼ਾਂ ਵਿੱਚ ਸਾਂਝੇ ਸੱਭਿਆਚਾਰਕ ਕਾਰਜਕ੍ਰਮ ਹੋ ਰਹੇ ਸਨ। ਇਹ ਸ਼ੂਟਿੰਗ ਕਾਨੂੰਨੀ ਤਰੀਕੇ ਨਾਲ ਹੋਈ ਸੀ, ਅਤੇ ਇਸ ਵਿੱਚ ਹੋਰ ਕਲਾਕਾਰ ਵੀ ਸ਼ਾਮਲ ਸਨ, ਸਿਰਫ ਦਿਲਜੀਤ ਨਹੀਂ।

ਧਾਲੀਵਾਲ ਨੇ ਅਫ਼ਸੋਸ ਜਤਾਇਆ ਕਿ ਹੁਣ ਕੁਝ ਸ਼ਰਾਰਤੀ ਤੱਤ ਦਿਲਜੀਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸਦੀ ਨਾਗਰਿਕਤਾ ਰੱਦ ਕਰਨ ਅਤੇ ਫ਼ਿਲਮਾਂ ‘ਤੇ ਪਾਬੰਦੀ ਦੀ ਮੰਗ ਕਰ ਰਹੇ ਹਨ — ਜੋ ਕਿ ਪੂਰੀ ਤਰ੍ਹਾਂ ਗਲਤ, ਅਣਉਚਿਤ ਅਤੇ ਬੇਬੁਨਿਆਦ ਹੈ।

ਦਿਲਜੀਤ ਸਾਡੀ ਧਰਤੀ ਦਾ ਪੁੱਤਰ ਹੈ। ਪੰਜਾਬ ਉਸਦੇ ਨਾਲ ਖੜਾ ਹੈ — ਤੇ ਭਾਰਤ ਨੂੰ ਵੀ ਖੜਾ ਹੈ,” ਹੌਬੀ ਧਾਲੀਵਾਲ ਨੇ ਕਿਹਾ।

ਉਨ੍ਹਾਂ ਕਿਹਾ ਕਿ ਹਰ ਨਾਗਰਿਕ ਦੇ ਦਿਲ ਵਿੱਚ ਰਾਸ਼ਟਰ ਭਾਵਨਾ ਹੋਣੀ ਕੁਦਰਤੀ ਗੱਲ ਹੈ, ਪਰ ਇਸ ਦੇ ਨਾਂ ’ਤੇ ਸਿਰਫ਼ ਇੱਕ ਅਦਾਕਾਰ ਨੂੰ ਟਾਰਗੇਟ ਕਰਨਾ ਨਿਰਾਧਾਰ ਰਾਜਨੀਤਿਕ ਚਾਲ ਹੈ।

ਭਾਰਤੀ ਜਨਤਾ ਪਾਰਟੀ ਦਿਲਜੀਤ ਦੋਸਾਂਝ ਦੇ ਨਾਲ ਪੂਰੀ ਤਰ੍ਹਾਂ ਖੜੀ ਹੈ।

ਇਸ ਮੌਕੇ ਭਾਜਪਾ ਮੀਡੀਆ ਸੈੱਲ ਦੇ ਮੁਖੀ ਵਿਨੀਤ ਜੋਸ਼ੀ ਵੀ ਮੌਜੂਦ ਸਨ।

Written By
The Punjab Wire