ਅਸ਼ੋਕ ਕੁਮਾਰ, ਐੱਸ ਡੀ ਐੱਮ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਲਈ ਚੁਣੀਆਂ 13 ਲੜਕੀਆਂ ਅਤੇ 12 ਲੜਕਿਆਂ ਨੂੰ ਮੈਡਲਾਂ ਨਾਲ ਕੀਤਾ ਸਨਮਾਨਿਤ
ਗੁਰਦਾਸਪੁਰ, 9 ਅਕਤੂਬਰ 2026 (ਮੰਨਨ ਸੈਣੀ )। ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਵੱਲੋਂ ਕਰਾਟੇ-ਡੂ ਐਸੋਸੀਏਸ਼ਨ ਦੇ ਸਹਿਯੋਗ ਨਾਲ ਬਾਲ ਭਵਨ ਵਿਖੇ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਰਾਜ ਪੱਧਰੀ ਕਰਾਟੇ ਚੈਂਪੀਅਨਸ਼ਿਪ ਲਈ ਚੁਣੇ ਗਏ 25 ਖਿਡਾਰੀਆਂ, ਜਿਨ੍ਹਾਂ ਵਿੱਚ 13 ਲੜਕੀਆਂ ਅਤੇ 12 ਲੜਕੇ ਸ਼ਾਮਲ ਹਨ, ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਇਹ ਚੈਂਪੀਅਨਸ਼ਿਪ 10 ਤੋਂ 15 ਅਕਤੂਬਰ 2026 ਤੱਕ ਖੇਡ ਭਵਨ, ਸੈਕਟਰ-78, ਐੱਸ.ਬੀ.ਐੱਸ. ਨਗਰ (ਮੋਹਾਲੀ) ਵਿਖੇ ਕਰਵਾਈ ਜਾਵੇਗੀ।ਖਿਡਾਰੀ ਜ਼ਿਲ੍ਹਾ ਕੋਚ ਸੈਂਸੀ ਗੁਰਵੰਤ ਸਿੰਘ ਅਤੇ ਸੈਂਸੀ ਯੋਗੇਸ਼ ਕੁਮਾਰ ਤੇ ਸੈਂਸੀ ਸੰਨੀ ਮਲਹੋਤਰਾ ਦੀ ਦੇਖ-ਰੇਖ ਹੇਠ ਸਿਖਲਾਈ ਪ੍ਰਾਪਤ ਕਰ ਰਹੇ ਹਨ।
ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਅਸ਼ੋਕ ਕੁਮਾਰ ਐੱਸ ਡੀ ਐਮ ਗੁਰਦਾਸਪੁਰ ਦਾ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਨੇ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨ ਨੇ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਅਤੇ ਅਨੁਸ਼ਾਸਨ, ਖੇਡ ਭਾਵਨਾ ਤੇ ਮਿਹਨਤ ਨਾਲ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਐੱਸ ਡੀ ਐਮ ਅਸ਼ੋਕ ਕੁਮਾਰ ਨੇ ਬਾਲ ਭਵਨ ਵਿਖੇ ਕੌਂਸਲ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਬਾਲ ਭਲਾਈ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਰੋਮੇਸ਼ ਮਹਾਜਨ ਅਤੇ ਸਮੁੱਚੇ ਸਟਾਫ਼ ਵੱਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਸਮਾਜ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ।