ਪੰਜਾਬ ਸਰਕਾਰ ਗ਼ੈਰ-ਪੰਜਾਬੀਆਂ ਦੁਆਰਾ ਚਲਾਈ ਜਾ ਰਹੀ ਹੈ: ਬਾਜਵਾ
ਚੰਡੀਗੜ੍ਹ, 25 ਮਾਰਚ 2025 (ਦੀ ਪੰਜਾਬ ਵਾਇਰ)– ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੰਭੂ ਅਤੇ ਖਨੌਰੀ ਸਰਹੱਦਾਂ ਤੋਂ ਕਿਸਾਨਾਂ ਨੂੰ ਹਟਾਉਣ ਦਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਬਚਾਅ ਕੀਤੇ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ਕਿਹਾ ਕਿ ‘ਆਪ’ ਅਤੇ ਭਾਜਪਾ ਦੀ ਮਿਲੀਭੁਗਤ ਇੱਕ ਵਾਰ ਫਿਰ ਸਾਬਤ ਹੋ ਗਈ ਹੈ।
ਖ਼ੁਫ਼ੀਆ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਹਾਈ ਕੋਰਟ ਵਿੱਚ ਦਾਅਵਾ ਕੀਤਾ ਕਿ ਕਿਸਾਨਾਂ ਦਾ ਬੈਰੀਕੇਡਿੰਗ ਤੋੜਨ ਅਤੇ ਦਿੱਲੀ ਵੱਲ ਮਾਰਚ ਮੁੜ ਸ਼ੁਰੂ ਕਰਨ ਦੀ ਹਿੰਸਕ ਕੋਸ਼ਿਸ਼ ਬਾਰੇ ਸ਼ੰਕੇ ਸਨ। ਇਸ ਲਈ ਇਹ ਉਦਾਹਰਨ ਸਪਸ਼ਟ ਤੌਰ ‘ਤੇ ਦਰਸਾਉਂਦੀ ਹੈ ਕਿ ‘ਆਪ’ ਸਰਕਾਰ ਭਾਜਪਾ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਖੇਡੀ ਹੈ।
ਬਾਜਵਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਹਰਿਆਣਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਦਿੱਲੀ ‘ਚ ਕਿਸਾਨਾਂ ਦੀ ਵਿਰੋਧ ਪ੍ਰਦਰਸ਼ਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਹੁਣ ਇਹ ਆਮ ਆਦਮੀ ਪਾਰਟੀ ਹੈ ਜਿਸ ਨੇ ਆਪਣੇ ਮਾਲਕ ਭਾਜਪਾ ਲਈ ਵੀ ਅਜਿਹਾ ਹੀ ਕੀਤਾ ਹੈ। ‘ਆਪ’ ਅਤੇ ਭਾਜਪਾ ਇੱਕ ਸਿੱਕੇ ਦੇ ਦੋ ਪਹਿਲੂ ਹਨ।
ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਝੂਠ ਫੜਿਆ ਗਿਆ ਹੈ। ਉਨ੍ਹਾਂ ਨੇ ਕੱਲ ਸਦਨ ਵਿੱਚ ਝੂਠੀ ਦਲੀਲ ਦਿੱਤੀ ਕਿ ਕਿਸਾਨ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕਰਨ ਲਈ ਉੱਥੇ ਸਨ। ਜੇਕਰ ਕਿਸਾਨਾਂ ਨੇ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕਰਨੀ ਸੀ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਉੱਥੇ ਕੀ ਕਰ ਰਹੇ ਸਨ? ਬਾਜਵਾ ਨੇ ਕਿਹਾ ਕਿ ਇਸ ਤੋਂ ਇਲਾਵਾ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਨਾ ਕਿ ਅਰਧ ਸੈਨਿਕ ਬਲਾਂ ਨੇ।
ਵਿਧਾਨ ਸਭਾ ਵਿੱਚ ਬੋਲਦਿਆਂ ਬਾਜਵਾ ਨੇ ‘ਆਪ’ ਸਰਕਾਰ ਦੌਰਾਨ ਪੰਜਾਬ ਵਿੱਚ ਪੇਂਡੂ ਵਿਕਾਸ ਫ਼ੰਡ (ਆਰਡੀਐਫ) ਦੇ 1.81 ਕਰੋੜ ਰੁਪਏ ਦੇ ਕਥਿਤ ਘਪਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ। ਬਾਜਵਾ ਨੇ ਐਫਆਈਆਰ ਵਿੱਚ ਲਾਭਪਾਤਰੀਆਂ ਦੇ ਨਾਮ ਸ਼ਾਮਲ ਕਰਨ ਵਿੱਚ ਅਸਫਲ ਰਹਿਣ ਲਈ ‘ਆਪ’ ਸਰਕਾਰ ਦੀ ਸਖ਼ਤ ਨਿੰਦਾ ਕੀਤੀ।
ਮੀਡੀਆ ਨਾਲ ਗੱਲਬਾਤ ਦੌਰਾਨ, ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਗੈਰ-ਪੰਜਾਬੀ ਪੰਜਾਬ ਵਿੱਚ ਸਰਕਾਰ ਚਲਾ ਰਹੇ ਹਨ। ਸੂਬੇ ਨੂੰ ਮੁੱਖ ਮੰਤਰੀ ਭਗਵੰਤ ਨਹੀਂ ਚਲਾ ਰਹੇ, ਸਗੋਂ ਸੁਪਰ ਸੀਐਮ ਅਰਵਿੰਦ ਕੇਜਰੀਵਾਲ ਚਲਾ ਰਹੇ ਹਨ। ਮੁੱਖ ਮੰਤਰੀ ਦੇ ਸਲਾਹਕਾਰ ਬਿਭਵ ਕੁਮਾਰ ਵੀ ਗੈਰ-ਪੰਜਾਬੀ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਵੋਟਰਾਂ ਵੱਲੋਂ ਰੱਦ ਕੀਤੇ ਗਏ ‘ਆਪ’ ਆਗੂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਪੰਜਾਬ ਇੰਚਾਰਜ ਅਤੇ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਹ ਪੰਜਾਬ ਦੇ ਖ਼ਜ਼ਾਨੇ ਦੀ ਕੀਮਤ ‘ਤੇ ਵੀਆਈਪੀ ਕਲਚਰ ਦਾ ਅਨੰਦ ਲੈਣਗੇ।